Home ਪੰਜਾਬ ‘ਸਤਿਕਾਰ ਸੋਧ ਐਕਟ 2026’ ਦੇ ਵਿਰੋਧ ‘ਚ SGPC ਦਾ ਵੱਡਾ ਫੈਸਲਾ: 31...

‘ਸਤਿਕਾਰ ਸੋਧ ਐਕਟ 2026’ ਦੇ ਵਿਰੋਧ ‘ਚ SGPC ਦਾ ਵੱਡਾ ਫੈਸਲਾ: 31 ਮਈ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਸੱਦਿਆ ਵਿਸ਼ਾਲ ਪੰਥਕ ਸੰਮੇਲਨ

0

ਅੰਮ੍ਰਿਤਸਰ:20 ਮਈ (ਛਤਰਪਾਲ ਸਿੰਘ): ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਪਾਸ ਕੀਤੇ ਗਏ ‘ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026’ ਨੂੰ ਲੈ ਕੇ ਸਿੱਖ ਸਿਆਸਤ ਅਤੇ ਪੰਥਕ ਹਲਕਿਆਂ ਵਿੱਚ ਗਰਮਾ-ਗਰਮੀ ਵਧ ਗਈ ਹੈ। ਇਸ ਐਕਟ ਵਿੱਚ ਸ਼ਾਮਲ ਕਥਿਤ ਇਤਰਾਜ਼ਯੋਗ ਮੱਦਾਂ ਦੇ ਵਿਰੋਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ 31 ਮਈ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਇੱਕ ਵਿਸ਼ਾਲ ਪੰਥਕ ਸੰਮੇਲਨ ਬੁਲਾਉਣ ਦਾ ਐਲਾਨ ਕੀਤਾ ਹੈ।

ਸਮੂਹ ਸਿੱਖ ਸੰਪਰਦਾਵਾਂ ਅਤੇ ਜਥੇਬੰਦੀਆਂ ਨੂੰ ਸ਼ਮੂਲੀਅਤ ਦਾ ਸੱਦਾ:

ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ 31 ਮਈ ਨੂੰ ਸਵੇਰੇ 11 ਵਜੇ ਆਰੰਭ ਹੋਣ ਵਾਲੇ ਇਸ ਇਕੱਠ ਲਈ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

  • ਇਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸਿੰਘ ਸਭਾਵਾਂ, ਲੋਕਲ ਗੁਰਦੁਆਰਾ ਕਮੇਟੀਆਂ, ਗ੍ਰੰਥੀ ਸਾਹਿਬਾਨ, ਨਿਹੰਗ ਸਿੰਘ ਜਥੇਬੰਦੀਆਂ, ਦਮਦਮੀ ਟਕਸਾਲ, ਨਿਰਮਲੇ ਅਤੇ ਉਦਾਸੀ ਸੰਪਰਦਾਵਾਂ ਸਮੇਤ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਅਤੇ ਹੋਰ ਸਿੱਖ ਜਥੇਬੰਦੀਆਂ ਨੂੰ ਰਸਮੀ ਬੇਨਤੀ ਪੱਤਰ ਭੇਜੇ ਗਏ ਹਨ।

ਸਰਕਾਰ ਨੇ ਨਹੀਂ ਲਈ SGPC ਦੀ ਪ੍ਰਵਾਨਗੀ, ਐਕਟ ਵਿੱਚ ਵੱਡੀਆਂ ਖ਼ਾਮੀਆਂ:

ਐਡਵੋਕੇਟ ਧਾਮੀ ਨੇ ਸਪਸ਼ਟ ਕੀਤਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਮਿਲਣੀਆਂ ਬਹੁਤ ਚੰਗੀ ਗੱਲ ਹੈ ਅਤੇ ਸ਼੍ਰੋਮਣੀ ਕਮੇਟੀ ਇਸ ਦਾ ਸਮਰਥਨ ਕਰਦੀ ਹੈ, ਪਰ ਪੰਜਾਬ ਸਰਕਾਰ ਨੇ ਇਸ ਸੋਧ ਐਕਟ ਨੂੰ ਪਾਸ ਕਰਨ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨਾਲ ਕੋਈ ਤਾਲਮੇਲ ਨਹੀਂ ਕੀਤਾ ਅਤੇ ਨਾ ਹੀ ਕੋਈ ਪ੍ਰਵਾਨਗੀ ਲਈ।

ਸਿੱਖ ਪੰਥ ਅੰਦਰ ਤੌਖਲੇ: ਪ੍ਰਧਾਨ ਧਾਮੀ ਨੇ ਕਿਹਾ ਕਿ ਬਿਨਾਂ ਸਲਾਹ-ਮਸ਼ਵਰੇ ਦੇ ਜਲਦਬਾਜ਼ੀ ਵਿੱਚ ਪਾਸ ਕੀਤੇ ਗਏ ਇਸ ਐਕਟ ਦੀਆਂ ਕਈ ਮੱਦਾਂ (ਧਾਰਾਵਾਂ) ਵਿੱਚ ਗੰਭੀਰ ਖ਼ਾਮੀਆਂ ਰਹਿ ਗਈਆਂ ਹਨ, ਜਿਸ ਕਾਰਨ ਸਮੁੱਚੇ ਸਿੱਖ ਪੰਥ ਅੰਦਰ ਭਾਰੀ ਚਿੰਤਾ ਅਤੇ ਤੌਖਲੇ ਪਾਏ ਜਾ ਰਹੇ ਹਨ।

ਅੜੀਅਲ ਵਤੀਰਾ ਛੱਡੇ ਸਰਕਾਰ, ਵਿਰੋਧ ਰਹੇਗਾ ਜਾਰੀ:

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕੇਂਦਰ ਜਾਂ ਰਾਜ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਨੂੰ ਆਪਣਾ ਅੜੀਅਲ ਵਤੀਰਾ ਤਿਆਗ ਦੇਣਾ ਚਾਹੀਦਾ ਹੈ। ਉਨ੍ਹਾਂ ਦੁਹਰਾਇਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਇਹ ਕਦਮ ਚੁੱਕਿਆ ਗਿਆ ਹੈ ਅਤੇ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਜਦੋਂ ਤੱਕ ਸਰਕਾਰ ਇਸ ਐਕਟ ਦੀਆਂ ਇਤਰਾਜ਼ਯੋਗ ਮੱਦਾਂ ਨੂੰ ਵਾਪਸ ਨਹੀਂ ਲੈਂਦੀ, ਉਦੋਂ ਤੱਕ ਪੰਥਕ ਜਥੇਬੰਦੀਆਂ ਵੱਲੋਂ ਇਸ ਦਾ ਤਿੱਖਾ ਵਿਰੋਧ ਲਗਾਤਾਰ ਜਾਰੀ ਰਹੇਗਾ।

ਇਹ ਆਗੂ ਰਹੇ ਮੌਜੂਦ: ਇਸ ਅਹਿਮ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਲਵਿੰਦਰ ਪਾਲ ਸਿੰਘ ਪੱਖੋਕੇ, ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਭਾਈ ਗੁਰਬਖਸ਼ ਸਿੰਘ ਖਾਲਸਾ ਸਮੇਤ ਕਈ ਹੋਰ ਪ੍ਰਮੁੱਖ ਸ਼੍ਰੋਮਣੀ ਕਮੇਟੀ ਮੈਂਬਰ ਵੀ ਹਾਜ਼ਰ ਸਨ।

Exit mobile version