ਨਵੀਂ ਦਿੱਲੀ, 19 ਮਈ (ਛਤਰਪਾਲ ਸਿੰਘ): ਦਿੱਲੀ ਹਾਈਕੋਰਟ ਨੇ ਆਮ ਆਦਮੀ ਪਾਰਟੀ (AAP) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਰਾਜਸਭਾ ਮੈਂਬਰ ਸੰਜੇ ਸਿੰਘ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੂੰ ਨੋਟਿਸ ਜਾਰੀ ਕੀਤਾ ਹੈ। ‘ਆਪ’ ਆਗੂਆਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਸ਼ਰਾਬ ਨੀਤੀ ਮਾਮਲੇ ਦੀ ਸੁਣਵਾਈ ਕਰ ਰਹੇ ਹਾਈਕੋਰਟ ਦੇ ਮਾਨਯੋਗ ਜੱਜ ਜਸਟਿਸ ਸਵਰਨ ਕਾਂਤਾ ਸ਼ਰਮਾ ਵਿਰੁੱਧ ਸੋਸ਼ਲ ਮੀਡੀਆ ‘ਤੇ ਇੱਕ ਯੋਜਨਾਬੱਧ ਮੁਹਿੰਮ (ਪ੍ਰਚਾਰ) ਚਲਾਈ ਸੀ।
ਅਦਾਲਤ ਨੇ ਮੰਗਲਵਾਰ ਨੂੰ ਆਪਣਾ ਮੌਖਿਕ ਫੈਸਲਾ ਸੁਣਾਉਂਦੇ ਹੋਏ ਸੋਸ਼ਲ ਮੀਡੀਆ ਪੋਸਟਾਂ, ਵੀਡੀਓਜ਼ ਅਤੇ ਪ੍ਰਕਾਸ਼ਨ ਰਿਕਾਰਡਾਂ ਨੂੰ ਆਧਾਰ ਬਣਾਇਆ ਹੈ ਅਤੇ ਰਜਿਸਟਰੀ ਨੂੰ ਇਨ੍ਹਾਂ ਸਾਰੇ ਰਿਕਾਰਡਾਂ ਨੂੰ ਸੁਰੱਖਿਅਤ ਰੱਖਣ ਦੇ ਹੁਕਮ ਦਿੱਤੇ ਹਨ। ਹੁਣ ਇਸ ਅਪਰਾਧਿਕ ਮਾਣਹਾਨੀ ਮਾਮਲੇ ਦੀ ਅਗਲੀ ਸੁਣਵਾਈ ਜਸਟਿਸ ਨਵੀਨ ਚਾਵਲਾ ਅਤੇ ਜਸਟਿਸ ਰਵਿੰਦਰ ਡੁਡੇਜਾ ਦੀ ਬੈਂਚ ਵੱਲੋਂ 4 ਅਗਸਤ ਨੂੰ ਕੀਤੀ ਜਾਵੇਗੀ। ਅਦਾਲਤ ਵੱਲੋਂ ਇਸ ਮਾਮਲੇ ਵਿੱਚ ਇੱਕ ‘ਕੋਰਟ ਮਿੱਤਰ’ (Amicus Curiae) ਵੀ ਨਿਯੁਕਤ ਕੀਤਾ ਜਾਵੇਗਾ।
ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਖੁਦ ਨੂੰ ਕੇਸ ਤੋਂ ਕੀਤਾ ਵੱਖ
ਇਸ ਪੂਰੇ ਘਟਨਾਕ੍ਰਮ ਦੌਰਾਨ ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ‘ਆਪ’ ਨੇਤਾਵਾਂ ਵਿਰੁੱਧ ਅਪਰਾਧਿਕ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰਨ ਦੇ ਹੁਕਮ ਦੇਣ ਤੋਂ ਬਾਅਦ, ਖੁਦ ਨੂੰ ਸ਼ਰਾਬ ਨੀਤੀ ਨਾਲ ਸਬੰਧਤ ਮੁੱਖ ਮਾਮਲੇ ਦੀ ਸੁਣਵਾਈ ਤੋਂ ਵੱਖ ਕਰ ਲਿਆ ਹੈ। ਉਨ੍ਹਾਂ ਕਿਹਾ, “ਕਿਉਂਕਿ ਮੈਂ ਖੁਦ ਇਨ੍ਹਾਂ ਖ਼ਿਲਾਫ਼ ਮਾਣਹਾਨੀ ਦੀ ਕਾਰਵਾਈ ਸ਼ੁਰੂ ਕੀਤੀ ਹੈ, ਇਸ ਲਈ ਨਿਰਪੱਖਤਾ ਦੇ ਸਿਧਾਂਤ ਤਹਿਤ ਹੁਣ ਸ਼ਰਾਬ ਨੀਤੀ ਮਾਮਲੇ ਦੀ ਸੁਣਵਾਈ ਕਿਸੇ ਹੋਰ ਬੈਂਚ ਵੱਲੋਂ ਕੀਤੀ ਜਾਣੀ ਹੀ ਉਚਿਤ ਹੋਵੇਗੀ।” ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਨੂੰ ਕੇਸ ਤੋਂ ਪਿੱਛੇ ਹਟਣਾ ਨਾ ਸਮਝਿਆ ਜਾਵੇ।
“ਕੇਜਰੀਵਾਲ ਨੂੰ ਅਦਾਲਤ ‘ਤੇ ਸਵਾਲ ਚੁੱਕਣ ਦਾ ਹੱਕ ਕਿਸਨੇ ਦਿੱਤਾ?”
ਆਪਣੇ ਹੁਕਮਾਂ ਵਿੱਚ ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਸਖ਼ਤ ਟਿੱਪਣੀ ਕਰਦਿਆਂ ਪੁੱਛਿਆ, “ਅਰਵਿੰਦ ਕੇਜਰੀਵਾਲ ਨੂੰ ਇਹ ਦੋਸ਼ ਲਗਾਉਣ ਦਾ ਅਧਿਕਾਰ ਕਿਸਨੇ ਦਿੱਤਾ ਕਿ ਇਹ ਅਦਾਲਤ ਉਨ੍ਹਾਂ ਨੂੰ ਨਿਰਪੱਖ ਫੈਸਲਾ ਨਹੀਂ ਦੇ ਸਕਦੀ?” ਉਨ੍ਹਾਂ ਕਿਹਾ ਕਿ ‘ਆਪ’ ਨੇਤਾਵਾਂ ਨੇ ਨਾ ਸਿਰਫ਼ ਜੱਜ ਅਤੇ ਅਦਾਲਤੀ ਹੁਕਮਾਂ ਵਿਰੁੱਧ ਬਿਆਨਬਾਜ਼ੀ ਕੀਤੀ, ਸਗੋਂ ਨਿਆਂਪਾਲਿਕਾ ਦੇ ਅਕਸ ਨੂੰ ਢਾਹ ਲਾਉਣ ਲਈ ਮੁਹਿੰਮ ਚਲਾਈ।
ਇਨ੍ਹਾਂ ‘ਆਪ’ ਆਗੂਆਂ ਵਿਰੁੱਧ ਚੱਲੇਗਾ ਮਾਣਹਾਨੀ ਦਾ ਕੇਸ:
ਅਦਾਲਤ ਮੁਤਾਬਕ ਹੇਠ ਲਿਖੇ ਆਗੂਆਂ ਵੱਲੋਂ ਸੋਸ਼ਲ ਮੀਡੀਆ ‘ਤੇ ਪਾਈਆਂ ਪੋਸਟਾਂ ਪਹਿਲੀ ਨਜ਼ਰੇ ਅਪਰਾਧਿਕ ਮਾਣਹਾਨੀ ਦਾ ਮਾਮਲਾ ਬਣਾਉਂਦੀਆਂ ਹਨ:
-
ਅਰਵਿੰਦ ਕੇਜਰੀਵਾਲ
-
ਮਨੀਸ਼ ਸਿਸੋਦੀਆ
-
ਸੰਜੇ ਸਿੰਘ
-
ਦੁਰਗੇਸ਼ ਪਾਠਕ
-
ਵਿਨੈ ਮਿਸ਼ਰਾ
-
ਸੌਰਭ ਭਾਰਦਵਾਜ (ਭਾਰਦਵਾਜ ਨੇ ਪਾਰਟੀ ਦੇ ਆਧਿਕਾਰਿਕ ਯੂਟਿਊਬ ਚੈਨਲ ‘ਤੇ ਵੀਡੀਓ ਪਾ ਕੇ ਸਵਾਲ ਚੁੱਕਿਆ ਸੀ ਕਿ ‘ਜੱਜ ਦਾ ਭਾਜਪਾ ਨਾਲ ਕੀ ਸਬੰਧ ਹੈ?’, ਜਿਸ ‘ਤੇ ਅਦਾਲਤ ਨੇ ਸਖ਼ਤ ਇਤਰਾਜ਼ ਜਤਾਇਆ ਹੈ।)
