ਲੁਧਿਆਣਾ:19 ਮਈ (ਛਤਰਪਾਲ ਸਿੰਘ):ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਲੁਧਿਆਣਾ ਇਲਾਕੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਪਿਛਲੇ 6 ਦਿਨਾਂ ਤੋਂ ਲਾਪਤਾ 29 ਸਾਲਾ ਪੰਜਾਬੀ ਗਾਇਕਾ ਇੰਦਰ ਕੌਰ ਉਰਫ਼ ਯਸ਼ਿੰਦਰ ਕੌਰ ਦੀ ਲਾਸ਼ ਅੱਜ ਸਵੇਰੇ ਨੀਲੋਂ ਨਹਿਰ ਵਿੱਚੋਂ ਬਰਾਮਦ ਹੋਈ। ਪਰਿਵਾਰ ਵੱਲੋਂ ਮ੍ਰਿਤਕਾ ਦੀ ਪਛਾਣ ਕੀਤੇ ਜਾਣ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਮਰਾਲਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮੁੱਢਲੀ ਜਾਣਕਾਰੀ ਮੁਤਾਬਕ ਗਾਇਕਾ ਨੂੰ ਛੇ ਦਿਨ ਪਹਿਲਾਂ ਗਨ-ਪੁਆਇੰਟ ‘ਤੇ ਅਗਵਾ ਕੀਤਾ ਗਿਆ ਸੀ।
ਘਰੋਂ ਕਰਿਆਨੇ ਦਾ ਸਮਾਨ ਲੈਣ ਗਈ ਸੀ ਗਾਇਕਾ
ਮ੍ਰਿਤਕਾ ਦੇ ਭਰਾ ਜੋਤਿੰਦਰ ਸਿੰਘ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ, ਇੰਦਰ ਕੌਰ ਲੰਘੀ 13 ਮਈ ਨੂੰ ਸ਼ਾਮ ਕਰੀਬ 8:30 ਵਜੇ (ਕੁਝ ਰਿਪੋਰਟਾਂ ਮੁਤਾਬਕ 6:30 ਵਜੇ) ਆਪਣੀ ਚਿੱਟੇ ਰੰਗ ਦੀ ਫੋਰਡ ਫਿਗੋ ਕਾਰ ਵਿੱਚ ਸਵਾਰ ਹੋ ਕੇ ਘਰ ਲਈ ਕਰਿਆਨੇ ਦਾ ਸਮਾਨ ਖਰੀਦਣ ਬਾਜ਼ਾਰ ਗਈ ਸੀ। ਜਦੋਂ ਉਹ ਦੇਰ ਰਾਤ ਤੱਕ ਵਾਪਸ ਨਾ ਪਰਤੀ, ਤਾਂ ਪਰਿਵਾਰ ਨੇ ਆਪਣੇ ਪੱਧਰ ‘ਤੇ ਭਾਲ ਸ਼ੁਰੂ ਕੀਤੀ ਅਤੇ ਬਾਅਦ ਵਿੱਚ 15 ਮਈ ਨੂੰ ਪੁਲਿਸ ਕੋਲ ਐਫ.ਆਈ.ਆਰ. (FIR) ਦਰਜ ਕਰਵਾਈ।
ਮੁਲਜ਼ਮ ਪਹਿਲਾਂ ਹੀ ਸੀ ਸ਼ਾਦੀਸ਼ੁਦਾ, ਵਿਆਹ ਤੋਂ ਇਨਕਾਰ ਬਣਿਆ ਕਤਲ ਦਾ ਕਾਰਨ
ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਯਸ਼ਿੰਦਰ ਕੌਰ ਦੀ ਦੋਸਤੀ ਇੰਸਟਾਗ੍ਰਾਮ ਰਾਹੀਂ ਮੋਗਾ ਦੇ ਪਿੰਡ ਭਲੂਰ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨਾਲ ਹੋਈ ਸੀ, ਜੋ ਮੌਜੂਦਾ ਸਮੇਂ ਕੈਨੇਡਾ ਵਿੱਚ ਰਹਿ ਰਿਹਾ ਸੀ। ਸੁਖਵਿੰਦਰ ਯਸ਼ਿੰਦਰ ‘ਤੇ ਜ਼ਬਰਦਸਤੀ ਵਿਆਹ ਕਰਵਾਉਣ ਲਈ ਦਬਾਅ ਪਾ ਰਿਹਾ ਸੀ।
ਇਸ ਦੌਰਾਨ ਯਸ਼ਿੰਦਰ ਨੂੰ ਪਤਾ ਲੱਗ ਗਿਆ ਕਿ ਸੁਖਵਿੰਦਰ ਪਹਿਲਾਂ ਹੀ ਸ਼ਾਦੀਸ਼ੁਦਾ ਹੈ ਅਤੇ ਉਸਦੇ ਬੱਚੇ ਵੀ ਹਨ। ਸੱਚਾਈ ਸਾਹਮਣੇ ਆਉਣ ਤੋਂ ਬਾਅਦ ਜਦੋਂ ਗਾਇਕਾ ਨੇ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ, ਤਾਂ ਸੁਖਵਿੰਦਰ ਖ਼ਾਰ ਖਾਣ ਲੱਗ ਪਿਆ ਅਤੇ ਉਸਨੇ ਖ਼ੌਫ਼ਨਾਕ ਸਾਜ਼ਿਸ਼ ਰਚੀ।
ਕੈਨੇਡਾ ਤੋਂ ਸਿਰਫ਼ ਕਤਲ ਕਰਨ ਆਇਆ ਸੀ ਮੁਲਜ਼ਮ
ਪਰਿਵਾਰ ਦਾ ਦੋਸ਼ ਹੈ ਕਿ ਸੁਖਵਿੰਦਰ ਸਿੰਘ ਖ਼ਾਸ ਤੌਰ ‘ਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਹੀ ਕੈਨੇਡਾ ਤੋਂ (ਨੇਪਾਲ ਦੇ ਰਸਤੇ) ਪੰਜਾਬ ਆਇਆ ਸੀ। 13 ਮਈ ਦੀ ਰਾਤ ਨੂੰ ਸੁਖਵਿੰਦਰ ਸਿੰਘ, ਉਸਦੇ ਪਿਤਾ ਪ੍ਰੀਤਮ ਸਿੰਘ, ਕਰਮਜੀਤ ਸਿੰਘ ਅਤੇ ਕੁਝ ਹੋਰ ਅਣਪਛਾਤੇ ਸਾਥੀਆਂ ਨੇ ਯਸ਼ਿੰਦਰ ਕੌਰ ਨੂੰ ਬੰਦੂਕ ਦੀ ਨੋਕ ‘ਤੇ ਅਗਵਾ ਕਰ ਲਿਆ। ਵਾਰਦਾਤ ਨੂੰ ਅੰਜਾਮ ਦੇਣ ਅਤੇ ਲਾਸ਼ ਨਹਿਰ ਵਿੱਚ ਸੁੱਟਣ ਤੋਂ ਬਾਅਦ ਮੁਲਜ਼ਮ ਸੁਖਵਿੰਦਰ ਸਿੰਘ ਦੁਬਾਰਾ ਕੈਨੇਡਾ ਫ਼ਰਾਰ ਹੋ ਗਿਆ ਹੈ।
ਪੁਲਿਸ ਕਾਰਵਾਈ:
ਪੁਲਿਸ ਨੇ ਧਾਰਾ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਵੱਲੋਂ ਪੁਲਿਸ ਦੀ ਢਿੱਲੀ ਕਾਰਵਾਈ ‘ਤੇ ਵੀ ਸਵਾਲ ਚੁੱਕੇ ਜਾ ਰਹੇ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਹਰ ਕਾਨੂੰਨੀ ਪਹਿਲੂ ‘ਤੇ ਕੰਮ ਕੀਤਾ ਜਾ ਰਿਹਾ ਹੈ।
