Home ਦੇਸ਼ ਲਖੀਮਪੁਰ ਖੇੜੀ ‘ਚ ਭਿਆਨਕ ਸੜਕ ਹਾਦਸਾ: ਟਰੱਕ ਤੇ ਵੈਨ ਦੀ ਸਿੱਧੀ ਟੱਕਰ,...

ਲਖੀਮਪੁਰ ਖੇੜੀ ‘ਚ ਭਿਆਨਕ ਸੜਕ ਹਾਦਸਾ: ਟਰੱਕ ਤੇ ਵੈਨ ਦੀ ਸਿੱਧੀ ਟੱਕਰ, ਦੋ ਔਰਤਾਂ ਸਮੇਤ 10 ਲੋਕਾਂ ਦੀ ਮੌਤ

0

ਲਖੀਮਪੁਰ ਖੇੜੀ:18 ਮਈ (ਛਤਰਪਾਲ ਸਿੰਘ): ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿੱਚ ਅੱਜ ਸਵੇਰੇ ਇੱਕ ਬੇਹੱਦ ਦਰਦਨਾਕ ਅਤੇ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 40 ਕਿਲੋਮੀਟਰ ਦੂਰ ਪੀਲੀਭੀਤ-ਬਸਤੀ ਹਾਈਵੇਅ ‘ਤੇ ਸਥਿਤ ਅਦਲਿਸਪੁਰ ਪਿੰਡ ਨੇੜੇ ਇੱਕ ਤੇਜ਼ ਰਫ਼ਤਾਰ ਟਰੱਕ ਅਤੇ ਵੈਨ ਵਿਚਕਾਰ ਹੋਈ ਸਿੱਧੀ ਟੱਕਰ ਵਿੱਚ ਦੋ ਔਰਤਾਂ ਸਮੇਤ 10 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਅੱਜ ਸਵੇਰੇ ਤੜਕਸਾਰ ਕਰੀਬ 7:30 ਵਜੇ ਵਾਪਰਿਆ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਕੰਬ ਗਏ ਲੋਕ

ਚਸ਼ਮਦੀਦਾਂ ਮੁਤਾਬਕ ਟੱਕਰ ਇੰਨੀ ਭਿਆਨਕ ਸੀ ਕਿ ਵੈਨ ਦੇ ਪਰਖੱਚੇ ਉੱਡ ਗਏ ਅਤੇ ਉਹ ਟਕਰਾਉਣ ਤੋਂ ਬਾਅਦ ਕਰੀਬ 10 ਫੁੱਟ ਦੂਰ ਜਾ ਕੇ ਡਿੱਗੀ। ਹਾਦਸੇ ਦੌਰਾਨ ਵੈਨ ਸਵਾਰ ਯਾਤਰੀਆਂ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਅਤੇ ਦੋ ਲੋਕ ਉਛਲ ਕੇ ਸੜਕ ‘ਤੇ ਜਾ ਡਿੱਗੇ। ਟੱਕਰ ਤੋਂ ਬਾਅਦ ਵੈਨ ਦੀ ਹਾਲਤ ਇੰਨੀ ਖ਼ਰਾਬ ਹੋ ਗਈ ਸੀ ਕਿ ਸਵਾਰੀਆਂ ਅੰਦਰ ਹੀ ਸੀਟਾਂ ਦੇ ਵਿਚਕਾਰ ਬੁਰੀ ਤਰ੍ਹਾਂ ਫਸ ਗਈਆਂ। ਹਾਦਸੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕਰਕੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤੇ।

ਇਲਾਜ ਦੌਰਾਨ ਆਖ਼ਰੀ ਜ਼ਖ਼ਮੀ ਨੇ ਵੀ ਤੋੜਿਆ ਦਮ

ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ। ਪੁਲਿਸ ਨੇ ਇੱਕ ਗੰਭੀਰ ਜ਼ਖ਼ਮੀ ਵਿਅਕਤੀ ਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ, ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਤੇਜ਼ ਰਫ਼ਤਾਰ ਬਣੀ ਕਾਲ, ਡਰਾਈਵਰ ਫਰਾਰ

ਮਿਲੀ ਜਾਣਕਾਰੀ ਅਨੁਸਾਰ, ਇਹ ਵੈਨ ਲਖੀਮਪੁਰ ਤੋਂ ਸੀਸੀਆ ਵੱਲ ਜਾ ਰਹੀ ਸੀ, ਜਦੋਂ ਬਹਿਰਾਈਚ ਵਾਲੇ ਪਾਸੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਇਸ ਨੂੰ ਸਾਹਮਣੇ ਤੋਂ ਸਿੱਧੀ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਰਫ਼ਤਾਰ ਜ਼ਿਆਦਾ ਹੋਣ ਕਾਰਨ ਟਰੱਕ ਅਚਾਨਕ ਬੇਕਾਬੂ ਹੋ ਗਿਆ ਸੀ। ਹਾਦਸੇ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ, ਜਿਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

Exit mobile version