ਆਈ.ਪੀ.ਐਲ :18 ਮਈ (ਛਤਰਪਾਲ ਸਿੰਘ)
ਨਵੀਂ ਦਿੱਲੀ ਦੇ ਇਤਿਹਾਸਕ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡੇ ਗਏ ਰੋਮਾਂਚਕ ਮੁਕਾਬਲੇ ਵਿੱਚ ਦਿੱਲੀ ਕੈਪੀਟਲਜ਼ ਨੇ ਰਾਜਸਥਾਨ ਰਾਇਲਜ਼ ਨੂੰ 5 ਵਿਕਟਾਂ ਨਾਲ ਕਰਾਰੀ ਸ਼ਿਕਸਤ ਦਿੱਤੀ। ਇਸ ਜਿੱਤ ਦੇ ਨਾਲ ਜਿੱਥੇ ਦਿੱਲੀ ਕੈਪੀਟਲਜ਼ ਨੇ ਟੂਰਨਾਮੈਂਟ ਦੇ ਪਲੇਆਫ ਵਿੱਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ ਹੈ, ਉੱਥੇ ਹੀ ਰਾਜਸਥਾਨ ਰਾਇਲਜ਼ ਦੀ ਇਹ ਲਗਾਤਾਰ ਤੀਜੀ ਹਾਰ ਹੈ, ਜਿਸ ਕਾਰਨ ਉਸ ਦਾ ਪਲੇਆਫ ਵਿੱਚ ਪਹੁੰਚਣ ਦਾ ਇੰਤਜ਼ਾਰ ਹੋਰ ਲੰਮਾ ਹੋ ਗਿਆ ਹੈ।
ਰਾਜਸਥਾਨ ਨੇ ਬਣਾਈਆਂ 193 ਦੌੜਾਂ
ਮੈਚ ਵਿੱਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਰਾਜਸਥਾਨ ਰਾਇਲਜ਼ ਦੀ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ’ਤੇ 193 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ। ਪਰ ਦਿੱਲੀ ਦੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਅੱਗੇ ਇਹ ਸਕੋਰ ਛੋਟਾ ਸਾਬਤ ਹੋਇਆ। ਦਿੱਲੀ ਨੇ 194 ਦੌੜਾਂ ਦੇ ਟੀਚੇ ਨੂੰ 19.2 ਓਵਰਾਂ ਵਿੱਚ 5 ਵਿਕਟਾਂ ਗੁਆ ਕੇ ਬੜੀ ਆਸਾਨੀ ਨਾਲ ਹਾਸਲ ਕਰ ਲਿਆ।
ਰਾਹੁਲ ਅਤੇ ਪੋਰੇਲ ਦੀ ਧਮਾਕੇਦਾਰ ਸ਼ੁਰੂਆਤ
ਟੀਚੇ ਦਾ ਪਿੱਛਾ ਕਰਨ ਉੱਤਰੀ ਦਿੱਲੀ ਕੈਪੀਟਲਜ਼ ਨੂੰ ਸਲਾਮੀ ਬੱਲੇਬਾਜ਼ਾਂ ਨੇ ਬੇਹੱਦ ਤੇਜ਼ ਅਤੇ ਮਜ਼ਬੂਤ ਸ਼ੁਰੂਆਤ ਦਿਵਾਈ। ਅਭਿਸ਼ੇਕ ਪੋਰੇਲ ਅਤੇ ਕੇ.ਐਲ. ਰਾਹੁਲ ਨੇ ਰਾਜਸਥਾਨ ਦੇ ਗੇਂਦਬਾਜ਼ਾਂ ‘ਤੇ ਤਾਬੜਤੋੜ ਹਮਲਾ ਬੋਲਿਆ। ਕੇ.ਐਲ. ਰਾਹੁਲ ਨੇ 42 ਗੇਂਦਾਂ ਵਿੱਚ 56 ਦੌੜਾਂ ਦੀ ਸੰਭਲੀ ਹੋਈ ਪਾਰੀ ਖੇਡੀ, ਜਦੋਂ ਕਿ ਦੂਜੇ ਪਾਸੇ ਅਭਿਸ਼ੇਕ ਪੋਰੇਲ ਨੇ ਮਹਿਜ਼ 31 ਗੇਂਦਾਂ ਵਿੱਚ 51 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਦੋਵਾਂ ਬੱਲੇਬਾਜ਼ਾਂ ਨੇ ਪਹਿਲੀ ਵਿਕਟ ਲਈ 105 ਦੌੜਾਂ ਦੀ ਸਾਂਝੇਦਾਰੀ ਕਰਕੇ ਮੈਚ ਨੂੰ ਪੂਰੀ ਤਰ੍ਹਾਂ ਦਿੱਲੀ ਦੇ ਕੰਟਰੋਲ ਵਿੱਚ ਕਰ ਦਿੱਤਾ।
ਮੱਧ ਓਵਰਾਂ ਵਿੱਚ ਰਾਜਸਥਾਨ ਦੀ ਵਾਪਸੀ ਦੀ ਕੋਸ਼ਿਸ਼
ਇੱਕ ਸਮੇਂ ਦਿੱਲੀ ਦੀ ਜਿੱਤ ਬਹੁਤ ਆਸਾਨ ਲੱਗ ਰਹੀ ਸੀ, ਪਰ ਮੱਧ ਓਵਰਾਂ ਵਿੱਚ ਰਾਜਸਥਾਨ ਦੇ ਗੇਂਦਬਾਜ਼ਾਂ ਜੋਫਰਾ ਆਰਚਰ ਅਤੇ ਬ੍ਰਿਜੇਸ਼ ਸ਼ਰਮਾ ਨੇ ਘਾਤਕ ਗੇਂਦਬਾਜ਼ੀ ਕਰਦਿਆਂ ਲਗਾਤਾਰ ਵਿਕਟਾਂ ਝਟਕਾਈਆਂ ਅਤੇ ਰਾਜਸਥਾਨ ਦੀ ਮੈਚ ਵਿੱਚ ਵਾਪਸੀ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਰਾਜਸਥਾਨ ਵੱਲੋਂ ਜੋਫਰਾ ਆਰਚਰ ਅਤੇ ਬ੍ਰਿਜੇਸ਼ ਸ਼ਰਮਾ ਨੇ 2-2 ਵਿਕਟਾਂ ਲਈਆਂ, ਜਦੋਂ ਕਿ ਦਾਸੁਨ ਸ਼ਨਾਕਾ ਦੇ ਹਿੱਸੇ ਇੱਕ ਵਿਕਟ ਆਈ।
ਕਪਤਾਨ ਅਕਸ਼ਰ ਪਟੇਲ ਅਤੇ ਆਸ਼ੂਤੋਸ਼ ਨੇ ਪਲਟਿਆ ਮੈਚ
ਵਿਕਟਾਂ ਡਿੱਗਣ ਦੇ ਬਾਵਜੂਦ ਦਿੱਲੀ ਦੇ ਕਪਤਾਨ ਅਕਸ਼ਰ ਪਟੇਲ ਨੇ ਇੱਕ ਪਾਸਾ ਸੰਭਾਲੀ ਰੱਖਿਆ। ਅਕਸ਼ਰ ਨੇ ਸੂਝਵਾਨ ਬੱਲੇਬਾਜ਼ੀ ਕਰਦਿਆਂ 18 ਗੇਂਦਾਂ ਵਿੱਚ ਅਜੇਤੂ 34 ਦੌੜਾਂ ਬਣਾਈਆਂ। ਅੰਤ ਵਿੱਚ ਬੱਲੇਬਾਜ਼ੀ ਕਰਨ ਆਏ ਆਸ਼ੂਤੋਸ਼ ਸ਼ਰਮਾ ਨੇ ਮਹਿਜ਼ 5 ਗੇਂਦਾਂ ਵਿੱਚ ਇੱਕ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 18 ਦੌੜਾਂ ਦੀ ਅਗਨ-ਪਾਰੀ ਖੇਡ ਕੇ 4 ਗੇਂਦਾਂ ਰਹਿੰਦਿਆਂ ਹੀ ਦਿੱਲੀ ਦੀ ਝੋਲੀ ਵਿੱਚ ਜਿੱਤ ਪਾ ਦਿੱਤੀ।
