ਨਵੀਂ ਦਿੱਲੀ:18 ਮਈ (ਛਤਰਪਾਲ ਸਿੰਘ):ਸਿੱਕਮ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਲਈ ਇੱਕ ਬਹੁਤ ਹੀ ਖ਼ੁਸ਼ੀ ਅਤੇ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਸੂਬੇ ਵਿੱਚ ਰਹਿਣ ਵਾਲੇ ਸਿੱਖ ਜੋੜਿਆਂ ਨੂੰ ਹੁਣ ਆਪਣੇ ਵਿਆਹ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਕਿਸੇ ਦੂਜੇ ਕਾਨੂੰਨ ਦਾ ਸਹਾਰਾ ਨਹੀਂ ਲੈਣਾ ਪਵੇਗਾ। ਕੇਂਦਰੀ ਕਾਨੂੰਨ ਮੰਤਰਾਲੇ ਨੇ ਇੱਕ ਅਧਿਕਾਰਤ ਐਲਾਨ ਕਰਦਿਆਂ ਦੱਸਿਆ ਹੈ ਕਿ ਸਿੱਕਮ ਵਿੱਚ 1 ਜੂਨ, 2026 ਤੋਂ ‘ਆਨੰਦ ਮੈਰਿਜ ਐਕਟ’ (Anand Marriage Act) ਪੂਰੀ ਤਰ੍ਹਾਂ ਲਾਗੂ ਹੋਣ ਜਾ ਰਿਹਾ ਹੈ।
ਕੇਂਦਰ ਸਰਕਾਰ ਵੱਲੋਂ ਅਧਿਕਾਰਤ ਨੋਟੀਫਿਕੇਸ਼ਨ ਜਾਰੀ
ਕੇਂਦਰੀ ਕਾਨੂੰਨ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ, “ਕੇਂਦਰ ਸਰਕਾਰ ਇਸ ਰਾਹੀਂ 1 ਜੂਨ, 2026 ਨੂੰ ਉਸ ਮਿਤੀ ਵਜੋਂ ਨਿਯੁਕਤ ਕਰਦੀ ਹੈ, ਜਿਸ ਦਿਨ ਆਨੰਦ ਮੈਰਿਜ ਐਕਟ, 1909 ਦੇ ਉਪਬੰਧ ਸਿੱਕਮ ਰਾਜ ਵਿੱਚ ਪੂਰੀ ਤਰ੍ਹਾਂ ਲਾਗੂ ਹੋਣਗੇ।” ਸਰਕਾਰ ਦੇ ਇਸ ਫੈਸਲੇ ਨਾਲ ਸਿੱਕਮ ਦੇ ਸਿੱਖਾਂ ਦੀ ਇੱਕ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋ ਗਈ ਹੈ।
ਹਿੰਦੂ ਮੈਰਿਜ ਐਕਟ ਦੇ ਦਬਾਅ ਤੋਂ ਮਿਲੇਗੀ ਮੁਕਤੀ
ਇਸ ਇਤਿਹਾਸਕ ਫੈਸਲੇ ਤੋਂ ਪਹਿਲਾਂ ਸਿੱਕਮ ਵਿੱਚ ਰਹਿਣ ਵਾਲੇ ਸਿੱਖ ਪਰਿਵਾਰਾਂ ਨੂੰ ਆਪਣੇ ਵਿਆਹ ਹਿੰਦੂ ਮੈਰਿਜ ਐਕਟ, 1955 ਦੇ ਤਹਿਤ ਰਜਿਸਟਰ ਕਰਵਾਉਣੇ ਪੈਂਦੇ ਸਨ। ਪਰ ਹੁਣ ਨਵਾਂ ਨਿਯਮ ਲਾਗੂ ਹੋਣ ਤੋਂ ਬਾਅਦ, ਸਿੱਖ ਜੋੜੇ ‘ਆਨੰਦ ਕਾਰਜ’ ਦੀ ਆਪਣੀ ਰਵਾਇਤੀ ਅਤੇ ਮਰਿਆਦਾ ਪੂਰਵਕ ਰਸਮ ਰਾਹੀਂ ਕੀਤੇ ਗਏ ਵਿਆਹਾਂ ਨੂੰ ਸਿੱਧੇ ਆਪਣੇ ਵਿਸ਼ੇਸ਼ ਕਾਨੂੰਨੀ ਫਰੇਮਵਰਕ (ਆਨੰਦ ਮੈਰਿਜ ਐਕਟ) ਦੇ ਤਹਿਤ ਹੀ ਰਜਿਸਟਰ ਕਰਵਾ ਸਕਣਗੇ।
ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਬਣਿਆ ਰਾਹ
ਦੱਸਣਯੋਗ ਹੈ ਕਿ ਇਹ ਮਹੱਤਵਪੂਰਨ ਕਦਮ ਸਤੰਬਰ 2025 ਵਿੱਚ ਸੁਪਰੀਮ ਕੋਰਟ ਵੱਲੋਂ ਸੁਣਾਏ ਗਏ ਇੱਕ ਅਹਿਮ ਫੈਸਲੇ ਤੋਂ ਬਾਅਦ ਚੁੱਕਿਆ ਗਿਆ ਹੈ। ਅਦਾਲਤ ਨੇ ‘‘ਅਮਨਜੋਤ ਸਿੰਘ ਚੱਢਾ ਬਨਾਮ ਯੂਨੀਅਨ ਆਫ਼ ਇੰਡੀਆ’’ ਮਾਮਲੇ ਦੀ ਸੁਣਵਾਈ ਕਰਦਿਆਂ ਇਸ ਸਬੰਧੀ ਆ ਰਹੀਆਂ ਪ੍ਰਸ਼ਾਸਨਿਕ ਖਾਮੀਆਂ ਅਤੇ ਦੇਰੀ ਨੂੰ ਤੁਰੰਤ ਦੂਰ ਕਰਨ ਦੇ ਹੁਕਮ ਦਿੱਤੇ ਸਨ। ਸੁਪਰੀਮ ਕੋਰਟ ਦੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਹੀ ਸਿੱਕਮ ਸਰਕਾਰ ਨੇ ਤਤਪਰਤਾ ਦਿਖਾਉਂਦੇ ਹੋਏ ਆਪਣੇ ਸਥਾਨਕ ਨਿਯਮਾਂ ਨੂੰ ਨੋਟੀਫਾਈ ਕੀਤਾ ਹੈ, ਜਿਸ ਨੂੰ ਹੁਣ ਕੇਂਦਰ ਵੱਲੋਂ ਹਰੀ ਝੰਡੀ ਮਿਲ ਗਈ ਹੈ।
