ਆਕਲੈਂਡ 16 ਮਈ 2026 (ਸ਼.ਅ.ਬਿਓਰੋ): ਪੰਜਾਬੀ ਮੂਲ ਦੇ ਹੋਣਹਾਰ ਫੁੱਟਬਾਲ ਖਿਡਾਰੀ ਸਰਪ੍ਰੀਤ ਸਿੰਘ ਨੇ ਖੇਡ ਜਗਤ ਵਿੱਚ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਆਕਲੈਂਡ ਦੇ ਇੱਕ ਪੰਜਾਬੀ ਸਿੱਖ ਪਰਿਵਾਰ ਨਾਲ ਸਬੰਧਤ 26 ਸਾਲਾ ਮਿਡ-ਫ਼ੀਲਡਰ ਸਰਪ੍ਰੀਤ ਸਿੰਘ ਦੀ ‘ਫ਼ੀਫ਼ਾ ਵਿਸ਼ਵ ਕੱਪ 2026’ ਲਈ ਨਿਊਜ਼ੀਲੈਂਡ ਦੀ ‘ਆਲ ਵ੍ਹਾਈਟਸ’ (All Whites) ਟੀਮ ਵਿੱਚ ਚੋਣ ਹੋ ਗਈ ਹੈ। ਇਸ ਮਾਣਮੱਤੀ ਪ੍ਰਾਪਤੀ ਤੋਂ ਬਾਅਦ ਦੁਨੀਆ ਭਰ ਦੇ ਸਿੱਖ ਅਤੇ ਭਾਰਤੀ ਭਾਈਚਾਰੇ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ।
ਜਲੰਧਰ ਨਾਲ ਜੁੜਿਆ ਹੈ ਪਿਛੋਕੜ
ਬੇਸ਼ੱਕ ਸਰਪ੍ਰੀਤ ਸਿੰਘ ਦਾ ਜਨਮ ਆਕਲੈਂਡ (ਨਿਊਜ਼ੀਲੈਂਡ) ਵਿੱਚ ਹੋਇਆ ਹੈ, ਪਰ ਉਸ ਦੀਆਂ ਜੜ੍ਹਾਂ ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਜੁੜੀਆਂ ਹੋਈਆਂ ਹਨ। ਉਸ ਦੇ ਪਿਤਾ ਸਿੱਖ ਹਨ ਅਤੇ ਮਾਂ ਈਸਾਈ ਧਰਮ ਨਾਲ ਸਬੰਧ ਰੱਖਦੇ ਹਨ। ਸਰਪ੍ਰੀਤ ਇਸ ਤੋਂ ਪਹਿਲਾਂ ਆਕਲੈਂਡ ਦੇ ਈਡਨ ਪਾਰਕ ਵਿੱਚ ਖੇਡੇ ਗਏ 2026 ਫ਼ੀਫ਼ਾ ਵਿਸ਼ਵ ਕੱਪ ਕੁਆਲੀਫ਼ਾਇਰ ਮੈਚਾਂ ਦਾ ਵੀ ਅਹਿਮ ਹਿੱਸਾ ਰਹਿ ਚੁੱਕਾ ਹੈ।
ਬਣ ਸਕਦਾ ਹੈ ਇਹ ਵਿਸ਼ੇਸ਼ ਰਿਕਾਰਡ
ਸਰਪ੍ਰੀਤ ਸਿੰਘ ਫ਼ੀਫ਼ਾ ਵਿਸ਼ਵ ਕੱਪ ਦੀ ਕਿਸੇ ਟੀਮ ਦਾ ਹਿੱਸਾ ਬਣਨ ਵਾਲਾ ਭਾਰਤੀ ਮੂਲ ਦਾ ਦੂਜਾ ਖਿਡਾਰੀ ਹੈ। ਇਸ ਤੋਂ ਪਹਿਲਾਂ ਸਾਲ 2006 ਵਿੱਚ ਵਿਕਾਸ ਰਾਵ ਧੋਰਾਸੂ ਉਪ-ਜੇਤੂ ਰਹੀ ਫ਼ਰਾਂਸ ਦੀ ਟੀਮ ਵਿੱਚ ਸ਼ਾਮਲ ਸਨ, ਪਰ ਉਨ੍ਹਾਂ ਨੂੰ ਮੈਦਾਨ ‘ਤੇ ਉਤਰਨ ਦਾ ਮੌਕਾ ਨਹੀਂ ਸੀ ਮਿਲਿਆ। ਜੇਕਰ ਸਰਪ੍ਰੀਤ ਸਿੰਘ ਨੂੰ ਇਸ ਵਿਸ਼ਵ ਕੱਪ ਦੌਰਾਨ ਨਿਊਜ਼ੀਲੈਂਡ ਵੱਲੋਂ ਮੈਦਾਨ ਵਿੱਚ ਖੇਡਣ ਦਾ ਮੌਕਾ ਮਿਲਦਾ ਹੈ, ਤਾਂ ਉਹ ਫ਼ੀਫ਼ਾ ਵਿਸ਼ਵ ਕੱਪ ਮੈਚ ਖੇਡਣ ਵਾਲਾ ਪਹਿਲਾ ਭਾਰਤੀ ਮੂਲ ਦਾ ਖਿਡਾਰੀ ਬਣ ਕੇ ਇਤਿਹਾਸ ਦੇ ਪੰਨਿਆਂ ‘ਤੇ ਆਪਣਾ ਨਾਮ ਦਰਜ ਕਰਵਾ ਲਵੇਗਾ।
ਸੱਤ ਸਾਲ ਦੀ ਉਮਰ ਤੋਂ ਸ਼ੁਰੂ ਹੋਇਆ ਸਫ਼ਰ
ਸਰਪ੍ਰੀਤ ਸਿੰਘ ਦੇ ਹੁਣ ਤੱਕ ਦੇ ਸਫ਼ਰ ‘ਤੇ ਇੱਕ ਨਜ਼ਰ:
-
ਸ਼ੁਰੂਆਤੀ ਦੌਰ: ਸਰਪ੍ਰੀਤ ਮਹਿਜ਼ 7 ਸਾਲ ਦੀ ਉਮਰ ਵਿੱਚ ਇੱਕ ਸਥਾਨਕ ਫੁੱਟਬਾਲ ਕਲੱਬ ਨਾਲ ਜੁੜ ਗਿਆ ਸੀ।
-
ਕੌਮਾਂਤਰੀ ਪਛਾਣ: ਉਹ ਅੰਡਰ-17 ਓਸ਼ਿਆਨਾ ਕੱਪ ਅਤੇ ਅੰਡਰ-20 ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਦੀ ਟੀਮ ਵੱਲੋਂ ਖੇਡਿਆ, ਜਿੱਥੇ ਉਸ ਦੀ ਸ਼ਾਨਦਾਰ ਖੇਡ ਨੇ ਯੂਰਪੀਅਨ ਕਲੱਬਾਂ ਦਾ ਧਿਆਨ ਖਿੱਚਿਆ।
-
ਸੁਪਨਿਆਂ ਦੀ ਉਡਾਣ (2019): ਸਾਲ 2019 ਉਸ ਦੇ ਕਰੀਅਰ ਦਾ ਸਭ ਤੋਂ ਵੱਡਾ ਮੋੜ ਸਾਬਤ ਹੋਇਆ, ਜਦੋਂ ਜਰਮਨੀ ਦੇ ਮਸ਼ਹੂਰ ਅਤੇ ਦਿੱਗਜ਼ ਫੁੱਟਬਾਲ ਕਲੱਬ ‘ਬਾਇਰਨ ਮਿਊਨਿਖ’ (Bayern Munich) ਨੇ ਉਸ ਨੂੰ ਸਾਈਨ ਕੀਤਾ।
ਉੱਥੇ ਦਿੱਗਜ਼ ਖਿਡਾਰੀਆਂ ਨਾਲ ਖੇਡਦਿਆਂ ਸਰਪ੍ਰੀਤ ਨੇ ਕਲੱਬ ਦੇ ਕੋਚ ਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਆਪਣੀ ਮਿਹਨਤ ਦੇ ਦਮ ‘ਤੇ ਅੱਜ ਉਹ ਨਿਊਜ਼ੀਲੈਂਡ ਦੀ ਰਾਸ਼ਟਰੀ ਟੀਮ ਵੱਲੋਂ ਫ਼ੀਫ਼ਾ ਵਿਸ਼ਵ ਕੱਪ ਖੇਡਣ ਦੇ ਮੁਕਾਮ ‘ਤੇ ਪਹੁੰਚ ਚੁੱਕਾ ਹੈ।
