ਬਲੈਕਮੇਲਿੰਗ ਅਤੇ ਫ਼ਜ਼ੂਲ ਸ਼ਿਕਾਇਤਾਂ ਰਾਹੀਂ ਅਧਿਕਾਰੀਆਂ ਨੂੰ ਪ੍ਰੇਸ਼ਾਨ ਕਰਨ ਵਾਲਿਆਂ ‘ਤੇ ਕਸਿਆ ਸ਼ਿਕੰਜਾ
ਪਟਿਆਲਾ, 15 ਮਈ:(ਛਤਰਪਾਲ ਸਿੰਘ)

ਸਰਕਾਰੀ ਕੰਮ ਵਿੱਚ ਵਿਘਨ ਪਾਉਣ ਵਾਲੀਆਂ ਬੇਬੁਨਿਆਦ ਸ਼ਿਕਾਇਤਾਂ ਨਹੀਂ ਕੀਤੀਆਂ ਜਾਣਗੀਆਂ ਬਰਦਾਸ਼ਤ”: ਮੇਅਰ
ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਬਿਲਡਿੰਗ ਬ੍ਰਾਂਚ ਨਾਲ ਸਬੰਧਤ ਪੀ.ਜੀ.ਆਰ.ਐੱਸ. ਪੋਰਟਲ ‘ਤੇ ਆ ਰਹੀਆਂ ਬੇਬੁਨਿਆਦ ਸ਼ਿਕਾਇਤਾਂ ਦਾ ਗੰਭੀਰ ਨੋਟਿਸ ਲੈਂਦਿਆਂ ਇੱਕ ਵੱਡਾ ਫੈਸਲਾ ਲਿਆ ਹੈ। ਮੇਅਰ ਨੇ ਸਪੱਸ਼ਟ ਕੀਤਾ ਹੈ ਕਿ ਹੁਣ ਤੋਂ ਬਿਲਡਿੰਗ ਬ੍ਰਾਂਚ ਵਿਰੁੱਧ ਕੀਤੀ ਜਾਣ ਵਾਲੀ ਕਿਸੇ ਵੀ ਸ਼ਿਕਾਇਤ ‘ਤੇ ਕਾਰਵਾਈ ਕੇਵਲ ਉਦੋਂ ਹੀ ਕੀਤੀ ਜਾਵੇਗੀ, ਜੇਕਰ ਸ਼ਿਕਾਇਤਕਰਤਾ ਵੱਲੋਂ ਵਿਧੀਵਤ ਐਫੀਡੇਵਿਟ (ਹਲਫ਼ਨਾਮਾ) ਦਿੱਤਾ ਜਾਵੇਗਾ।
ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਇਹ ਦੇਖਣ ਵਿੱਚ ਆਇਆ ਹੈ ਕਿ ਕੁਝ ਲੋਕ ਨਿੱਜੀ ਮੁਫ਼ਾਦ ਜਾਂ ਬਲੈਕਮੇਲ ਕਰਨ ਦੀ ਨੀਅਤ ਨਾਲ ਬੇਬੁਨਿਆਦ ਸ਼ਿਕਾਇਤਾਂ ਦਰਜ ਕਰਵਾ ਰਹੇ ਹਨ। ਅਜਿਹੀਆਂ ਫ਼ਜ਼ੂਲ ਸ਼ਿਕਾਇਤਾਂ ਕਾਰਨ ਨਾ ਸਿਰਫ਼ ਸਰਕਾਰੀ ਕੰਮਕਾਜ ਪ੍ਰਭਾਵਿਤ ਹੁੰਦਾ ਹੈ, ਸਗੋਂ ਅਧਿਕਾਰੀਆਂ ਦਾ ਕੀਮਤੀ ਸਮਾਂ ਵੀ ਖਰਾਬ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤੰਗ-ਪਰੇਸ਼ਾਨ ਕਰਨ ਦੀ ਨੀਅਤ ਨਾਲ ਕੀਤੀਆਂ ਗਈਆਂ ਸ਼ਿਕਾਇਤਾਂ ਦੀ ਕੋਈ ਸੁਣਵਾਈ ਨਹੀਂ ਹੋਵੇਗੀ।
ਮੇਅਰ ਨੇ ਨਵੇਂ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਪੀ.ਜੀ.ਆਰ.ਐੱਸ. ਪੋਰਟਲ ਲੋਕਾਂ ਦੀਆਂ ਅਸਲ ਸਮੱਸਿਆਵਾਂ ਦੇ ਹੱਲ ਲਈ ਹੈ। ਇਸ ਦੀ ਦੁਰਵਰਤੋਂ ਰੋਕਣ ਲਈ ਹੁਣ ਸ਼ਿਕਾਇਤਕਰਤਾ ਨੂੰ ਆਪਣੇ ਦੋਸ਼ਾਂ ਦੇ ਸਮਰਥਨ ਵਿੱਚ ਐਫੀਡੇਵਿਟ ਦੇਣਾ ਪਵੇਗਾ। ਐਫੀਡੇਵਿਟ ਪ੍ਰਾਪਤ ਹੋਣ ਤੋਂ ਬਾਅਦ ਹੀ ਨਗਰ ਨਿਗਮ ਦੀ ਟੀਮ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਵੇਗੀ। ਇਸ ਨਾਲ ਸਹੀ ਅਤੇ ਤੱਥਾਂ ‘ਤੇ ਆਧਾਰਿਤ ਸ਼ਿਕਾਇਤਾਂ ਦਾ ਨਿਪਟਾਰਾ ਪਹਿਲ ਦੇ ਆਧਾਰ ‘ਤੇ ਹੋ ਸਕੇਗਾ।
ਮੇਅਰ ਕੁੰਦਨ ਗੋਗੀਆ ਨੇ ਦੁਹਰਾਇਆ ਕਿ ਨਗਰ ਨਿਗਮ ਪਟਿਆਲਾ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਕੰਮ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ, “ਸਾਡਾ ਮਕਸਦ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣਾ ਹੈ, ਪਰ ਅਸੀਂ ਕਿਸੇ ਨੂੰ ਵੀ ਕਾਨੂੰਨ ਦਾ ਗਲਤ ਇਸਤੇਮਾਲ ਕਰਕੇ ਪ੍ਰਸ਼ਾਸਨ ਨੂੰ ਗੁੰਮਰਾਹ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ।” ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਾਇਜ਼ ਸਮੱਸਿਆਵਾਂ ਲਈ ਹੀ ਪੋਰਟਲ ਦੀ ਵਰਤੋਂ ਕਰਨ ਤਾਂ ਜੋ ਵਿਕਾਸ ਕਾਰਜਾਂ ਵਿੱਚ ਕੋਈ ਰੁਕਾਵਟ ਨਾ ਆਵੇ। ਇਸ ਮੌਕੇ ਨਗਰ ਨਿਗਮ ਦੇ ਬਿਲਡਿੰਗ ਬ੍ਰਾਂਚ ਦੇ ਉੱਚ ਅਧਿਕਾਰੀ ਵੀ ਹਾਜ਼ਰ ਸਨ, ਜਿਨ੍ਹਾਂ ਨੂੰ ਮੇਅਰ ਵੱਲੋਂ ਨਵੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਆਦੇਸ਼ ਦਿੱਤੇ ਗਏ।









