Home ਪਟਿਆਲਾ ਅਪਡੇਟ ਪੰਜਾਬ ਦੇ ਸਾਈਕਲਿਸਟਾਂ ਨੂੰ ਓਲੰਪਿਕ ਮੈਡਲ ਤਕ ਪੁੱਜਦਾ ਕਰਨਾ ਸਾਡਾ ਮਕਸਦ: ਜਨਰਲ...

ਪੰਜਾਬ ਦੇ ਸਾਈਕਲਿਸਟਾਂ ਨੂੰ ਓਲੰਪਿਕ ਮੈਡਲ ਤਕ ਪੁੱਜਦਾ ਕਰਨਾ ਸਾਡਾ ਮਕਸਦ: ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ:

0

ਧਰਤੀ ਤੋਂ ਅਸਮਾਨ ਤਕ – ਪੰਜਾਬ ਸਾਈਕਲਿੰਗ ਦੀ ਗਲੋਬਲ ਉਡਾਣ”

ਪਟਿਆਲਾ, 10 ਮਈ:(ਹਰਸ਼ਲੀਨ ਸਿੰਘ)

ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਸੂਰਯਾ ਕੰਪਲੈਕਸ ਸਥਿਤ ਦਫ਼ਤਰ ਵਿਖੇ ਇਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ (CAP) ਦੇ ਪ੍ਰਧਾਨ ਸ੍ਰ ਚਰਨਜੀਤ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਸ਼੍ਰੀ ਜਗਦੀਪ ਸਿੰਘ ਕਾਹਲੋਂ ਨੇ ਪੰਜਾਬ ਵਿੱਚ ਸਾਈਕਲਿੰਗ ਖੇਡ ਨੂੰ ਨਵੇਂ ਯੁੱਗ ਵਿੱਚ ਲੈ ਜਾਣ ਲਈ ਵਿਸਤ੍ਰਿਤ ਰੋਡਮੈਪ ਜਾਰੀ ਕੀਤਾ। ਇਸ ਮੌਕੇ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ (CAP) ਦਾ ਲੋਗੋ ਵੀ ਜਾਰੀ ਕੀਤਾ ਗਿਆ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਵਿਸ਼ੇਸ਼ ਤੌਰ ਉੱਤੇ ਹਾਜ਼ਰ ਸਨ।

ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਸਾਈਕਲਿੰਗ ਨੂੰ ਬੁਲੰਦੀਆਂ ‘ਤੇ ਲਿਜਾਣ ਲਈ ਕਮਰ ਕਸੀ: ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ

ਉਨ੍ਹਾਂ ਕਿਹਾ ਕਿ CAP ਦਾ ਮੂਲ ਮਕਸਦ ਸਿਰਫ ਖੇਡ ਨੂੰ ਘਰ  ਕਰਨਾ ਨਹੀਂ, ਸਗੋਂ ਇਸ ਨੂੰ ਵਿਸ਼ਵ ਪੱਧਰ ਦੀ ਮੁਕਾਬਲੇਬਾਜ਼ ਖੇਡ ਬਣਾਉਣਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੀ ਮਿੱਟੀ ਵਿੱਚ ਕੁਦਰਤੀ ਤੌਰ ‘ਤੇ ਤਾਕਤ, ਸਹਿਨਸ਼ੀਲਤਾ ਅਤੇ ਜਜ਼ਬਾ ਮੌਜੂਦ ਹੈ, ਜਿਸ ਨੂੰ ਸਹੀ ਦਿਸ਼ਾ ਅਤੇ ਮੌਕਿਆਂ ਨਾਲ ਅੰਤਰਰਾਸ਼ਟਰੀ ਪੱਧਰ ਦੇ ਨਤੀਜਿਆਂ ਵਿੱਚ ਬਦਲਿਆ ਜਾ ਸਕਦਾ ਹੈ।

ਪ੍ਰਧਾਨ ਸ੍ਰ ਚਰਨਜੀਤ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਅਤੇ ਬਲਾਕ ਪੱਧਰ ‘ਤੇ ਟੈਲੈਂਟ ਹੰਟ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ, ਜਿਨ੍ਹਾਂ ਰਾਹੀਂ ਪਿੰਡਾਂ ਵਿੱਚੋਂ ਉਭਰਦੇ ਖਿਡਾਰੀਆਂ ਦੀ ਪਛਾਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਰ ਜ਼ਿਲ੍ਹੇ ਵਿੱਚ ਅਧੁਨਿਕ ਸਹੂਲਤਾਂ ਨਾਲ ਲੈਸ ਸਾਈਕਲਿੰਗ ਅਕੈਡਮੀਆਂ ਸਥਾਪਿਤ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ, ਜਿੱਥੇ ਖਿਡਾਰੀਆਂ ਨੂੰ ਕੋਚਿੰਗ ਦੇ ਨਾਲ ਨਾਲ ਸੰਤੁਲਿਤ ਖੁਰਾਕ, ਰਹਿਣ ਦੀ ਸਹੂਲਤ ਅਤੇ ਉੱਚ ਗੁਣਵੱਤਾ ਵਾਲਾ ਸਾਜੋ-ਸਮਾਨ ਪ੍ਰਦਾਨ ਕੀਤਾ ਜਾਵੇਗਾ।

ਜਨਰਲ ਸਕੱਤਰ ਸ੍ਰੀ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ CAP ਵੱਲੋਂ ਪੰਜਾਬ ਸਾਈਕਲਿੰਗ ਲੀਗ ਦੀ ਸ਼ੁਰੂਆਤ ਕੀਤੀ ਜਾਵੇਗੀ, ਜਿਸ ਵਿੱਚ ਨਕਦ ਇਨਾਮਾਂ ਦੇ ਨਾਲ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਵੱਡਾ ਮੰਚ ਮਿਲੇਗਾ। ਇਸ ਤੋਂ ਇਲਾਵਾ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਦਾ ਇਕ ਸਪਸ਼ਟ ਅਤੇ ਸਾਲਾਨਾ ਕੈਲੰਡਰ ਤਿਆਰ ਕੀਤਾ ਜਾਵੇਗਾ, ਤਾਂ ਜੋ ਖਿਡਾਰੀਆਂ ਨੂੰ ਲਗਾਤਾਰ ਮੁਕਾਬਲੇ ਦਾ ਅਨੁਭਵ ਮਿਲਦਾ ਰਹੇ।

ਉਨ੍ਹਾਂ ਹੋਰ ਕਿਹਾ ਕਿ ਹਾਈ-ਪਰਫਾਰਮੈਂਸ ਟ੍ਰੇਨਿੰਗ ਲਈ ਵਿਗਿਆਨਕ ਤਰੀਕਿਆਂ ਨੂੰ ਅਪਣਾਇਆ ਜਾਵੇਗਾ, ਜਿਸ ਵਿੱਚ ਡਾਟਾ ਵਿਸ਼ਲੇਸ਼ਣ, ਪਰਫਾਰਮੈਂਸ ਮਾਨੀਟਰਿੰਗ, ਫਿਟਨੈੱਸ ਮੈਨੇਜਮੈਂਟ ਅਤੇ ਰਿਕਵਰੀ ਸਿਸਟਮ ਸ਼ਾਮਲ ਹੋਣਗੇ। ਖਿਡਾਰੀਆਂ ਨੂੰ ਅੰਤਰਰਾਸ਼ਟਰੀ ਮਿਆਰ ਦੀ ਕੋਚਿੰਗ ਦੇਣ ਲਈ ਵਿਦੇਸ਼ੀ ਕੋਚਾਂ ਅਤੇ ਐਕਸਪਰਟਸ ਨਾਲ ਸਹਿਯੋਗ ਕੀਤਾ ਜਾਵੇਗਾ।

ਇਨਫਰਾਸਟਰਕਚਰ ਦੇ ਖੇਤਰ ਵਿੱਚ ਵੱਡੇ ਕਦਮ ਚੁੱਕਦਿਆਂ CAP ਵੱਲੋਂ ਆਧੁਨਿਕ ਵੇਲੋਡ੍ਰੋਮ, ਹਾਈ-ਪਰਫਾਰਮੈਂਸ ਸੈਂਟਰ ਅਤੇ ਖੇਤਰੀ ਟ੍ਰੇਨਿੰਗ ਹੱਬ ਬਣਾਉਣ ਦੀ ਯੋਜਨਾ ਹੈ। ਇਸ ਨਾਲ ਪੰਜਾਬ ਵਿੱਚ ਸਾਈਕਲਿੰਗ ਲਈ ਇਕ ਮਜ਼ਬੂਤ ਅਤੇ ਲੰਬੇ ਸਮੇਂ ਲਈ ਟਿਕਾਊ ਢਾਂਚਾ ਤਿਆਰ ਕੀਤਾ ਜਾਵੇਗਾ।

ਉਨ੍ਹਾਂ ਪੰਜਾਬ ਦੀ ਸਾਈਕਲਿੰਗ ਦੀ ਸ਼ਾਨਦਾਰ ਵਿਰਾਸਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੇ ਸਾਈਕਲਿਸਟਾਂ ਨੇ ਭਾਰਤ ਨੂੰ ਅੰਤਰਰਾਸ਼ਟਰੀ ਮੰਚਾਂ ‘ਤੇ ਮਾਣ ਦਿਵਾਇਆ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਇਸ ਵਿਰਾਸਤ ਨੂੰ ਦੁਬਾਰਾ ਜੀਵੰਤ ਕੀਤਾ ਜਾਵੇ।

CAP ਨੇ ਸਾਫ-ਸੁਥਰੀ ਖੇਡ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਡੋਪਿੰਗ ਵਿਰੋਧੀ ਜਾਗਰੂਕਤਾ ਮੁਹਿੰਮਾਂ, ਵਰਕਸ਼ਾਪਾਂ ਅਤੇ ਸਿੱਖਿਆ ਪ੍ਰੋਗਰਾਮਾਂ ਰਾਹੀਂ ਖਿਡਾਰੀਆਂ ਵਿੱਚ ਨੈਤਿਕਤਾ ਅਤੇ ਇਮਾਨਦਾਰੀ ਨੂੰ ਮਜ਼ਬੂਤ ਕੀਤਾ ਜਾਵੇਗਾ।

ਇਸ ਤੋਂ ਇਲਾਵਾ CAP ਸਾਈਕਲਿੰਗ ਨੂੰ ਸਿਰਫ ਇੱਕ ਮੁਕਾਬਲੇਬਾਜ਼ ਖੇਡ ਨਹੀਂ, ਸਗੋਂ ਇੱਕ ਜੀਵਨ ਸ਼ੈਲੀ ਵਜੋਂ ਵੀ ਪ੍ਰਚਾਰਿਤ ਕਰੇਗੀ। ਫਿਟਨੈੱਸ, ਵਾਤਾਵਰਣ ਸੁਰੱਖਿਆ ਅਤੇ ਸਮਾਜਕ ਜੋੜ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ‘ਤੇ ਸਾਈਕਲਿੰਗ ਮੁਹਿੰਮਾਂ ਚਲਾਈਆਂ ਜਾਣਗੀਆਂ। ਇਸ ਮੌਕੇ ਪੰਜਾਬ ਦੇ ਸਾਰੇ ਕੋਚ ਸਾਹਿਬਾਨਾਂ ਨਾਲ ਵੀ ਵਿਚਾਰ ਵਟਾਂਦਰੇ ਮੀਟਿੰਗ ਰਾਹੀ ਕੀਤੇ ਗਏ ਤਾਂ ਕਿ ਆਉਣ ਵਾਲੇ ਸਮੇਂ ਲਈ ਚੰਗਾ ਰੋਡ ਮੈਪ ਖਿਡਾਰੀਆਂ ਲਈ ਬਣਾਈ ਜਾ ਸਕੇ।

ਅੰਤ ਵਿੱਚ ਦੋਹਾਂ ਅਹੁਦੇਦਾਰਾਂ ਨੇ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਜੇ ਉਹ ਲਗਨ, ਅਨੁਸ਼ਾਸਨ ਅਤੇ ਮਿਹਨਤ ਨਾਲ ਅੱਗੇ ਵਧਣ, ਤਾਂ ਉਹ ਵਿਸ਼ਵ ਪੱਧਰ ‘ਤੇ ਆਪਣੇ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕਰ ਸਕਦੇ ਹਨ।

ਉਨ੍ਹਾਂ ਵਿਸ਼ਵਾਸ ਜਤਾਇਆ ਕਿ ਮਜ਼ਬੂਤ ਪ੍ਰਬੰਧਨ, ਆਧੁਨਿਕ ਟ੍ਰੇਨਿੰਗ ਅਤੇ ਗ੍ਰਾਸਰੂਟ ਪੱਧਰ ਦੇ ਵਿਕਾਸ ਨਾਲ ਪੰਜਾਬ ਜਲਦ ਹੀ ਸਾਈਕਲਿੰਗ ਵਿੱਚ ਦੁਬਾਰਾ ਆਪਣੀ ਵਿਲੱਖਣ ਪਛਾਣ ਬਣਾਵੇਗਾ।

ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ “ਮਿੱਟੀ ਤੋਂ ਅਸਮਾਨ ਤੱਕ – ਪੰਜਾਬ ਸਾਈਕਲਿੰਗ ਦੁਬਾਰਾ ਉਡਾਣ ਭਰੇਗੀ”।

Exit mobile version