ਲੁਧਿਆਣਾ: ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਅੱਜ ਲੁਧਿਆਣਾ ਦੀ ਸਿਆਸਤ ਪੂਰੀ ਤਰ੍ਹਾਂ ਭਖ ਗਈ। ਆਮ ਆਦਮੀ ਪਾਰਟੀ (ਆਪ) ਵੱਲੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਕੇਂਦਰ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮਾਹੌਲ ਉਸ ਸਮੇਂ ਬੇਹੱਦ ਤਣਾਅਪੂਰਨ ਹੋ ਗਿਆ ਜਦੋਂ ‘ਆਪ’ ਅਤੇ ਭਾਜਪਾ ਦੇ ਵਰਕਰ ਇੱਕ-ਦੂਜੇ ਦੇ ਆਮੋ-ਸਾਹਮਣੇ ਆ ਗਏ ਅਤੇ ਦੋਵਾਂ ਧਿਰਾਂ ਵਿਚਾਲੇ ਤਿੱਖੀ ਨਾਅਰੇਬਾਜ਼ੀ ਹੋਈ।
ਦਾਣਾ ਮੰਡੀ ਵਿਖੇ ਫੂਕੇ ਪੁਤਲੇ
ਲੁਧਿਆਣਾ ਦੀ ਗਿੱਲ ਰੋਡ ਸਥਿਤ ਦਾਣਾ ਮੰਡੀ ਵਿੱਚ ਇਕੱਠੇ ਹੋਏ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਭੜਾਸ ਕੱਢੀ। ਪ੍ਰਦਰਸ਼ਨਕਾਰੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਫੂਕੇ ਗਏ। ‘ਆਪ’ ਆਗੂਆਂ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਸਿਆਸੀ ਬਦਲਾਖੋਰੀ ਤਹਿਤ ਉਨ੍ਹਾਂ ਦੇ ਆਗੂਆਂ ਨੂੰ ਨਿਸ਼ਾਨਾ ਬਣਾ ਰਹੀ ਹੈ।
ਵਰਕਰਾਂ ਵਿਚਾਲੇ ਟਕਰਾਅ ਦੀ ਸਥਿਤੀ
ਜਦੋਂ ‘ਆਪ’ ਵਰਕਰ ਪ੍ਰਦਰਸ਼ਨ ਕਰ ਰਹੇ ਸਨ, ਉਸੇ ਸਮੇਂ ਭਾਜਪਾ ਵਰਕਰ ਵੀ ਮੌਕੇ ‘ਤੇ ਪਹੁੰਚ ਗਏ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਪਰਵੀਨ ਬਾਂਸਲ ਅਤੇ ਅਨਿਲ ਸਰੀਨ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਨੇ ਵੀ ਜਵਾਬੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸਥਿਤੀ ਇੰਨੀ ਗੰਭੀਰ ਹੋ ਗਈ ਕਿ ਦੋਵਾਂ ਪਾਰਟੀਆਂ ਦੇ ਵਰਕਰ ਇੱਕ-ਦੂਜੇ ਦੇ ਬਿਲਕੁਲ ਸਾਹਮਣੇ ਆ ਗਏ, ਜਿਸ ਕਾਰਨ ਟਕਰਾਅ ਦਾ ਖ਼ਦਸ਼ਾ ਪੈਦਾ ਹੋ ਗਿਆ।
ਪੁਲਿਸ ਨੇ ਸੰਭਾਲਿਆ ਮੋਰਚਾ
ਮਾਹੌਲ ਨੂੰ ਵਿਗੜਦਾ ਦੇਖ ਕੇ ਮੌਕੇ ‘ਤੇ ਮੌਜੂਦ ਭਾਰੀ ਪੁਲਿਸ ਫੋਰਸ ਨੇ ਤੁਰੰਤ ਕਾਰਵਾਈ ਕੀਤੀ। ਪੁਲਿਸ ਅਧਿਕਾਰੀਆਂ ਨੇ ਦੋਵਾਂ ਧਿਰਾਂ ਦੇ ਵਰਕਰਾਂ ਨੂੰ ਪਿੱਛੇ ਹਟਾ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ। ਪੁਲਿਸ ਦੀ ਮੁਸਤੈਦੀ ਕਾਰਨ ਕੋਈ ਅਣਸੁਖਾਵੀਂ ਘਟਨਾ ਵਾਪਰਨੋਂ ਬਚ ਗਈ, ਪਰ ਇਲਾਕੇ ਵਿੱਚ ਅਜੇ ਵੀ ਸਿਆਸੀ ਗਰਮਾ-ਗਰਮੀ ਬਣੀ ਹੋਈ ਹੈ।
ਭਾਜਪਾ ਅਤੇ ‘ਆਪ’ ਦੀ ਸਿਆਸੀ ਜੰਗ
ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਭਾਜਪਾ ਸਰਕਾਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਵਿਰੋਧੀ ਧਿਰਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਦੂਜੇ ਪਾਸੇ, ਮੌਕੇ ‘ਤੇ ਮੌਜੂਦ ਭਾਜਪਾ ਆਗੂਆਂ ਨੇ ‘ਆਪ’ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ।
