Home ਪੰਜਾਬ ਫਸਲੀ ਵਿਭਿੰਨਤਾ ਮਾਡਲ ਦੀ ਡਾ. ਤਰਸੇਮ ਸਿੰਘ ਢਿੱਲੋਂ ਵੱਲੋਂ ਸ਼ਲਾਘਾ, ਕਿਸਾਨਾਂ ਨੂੰ...

ਫਸਲੀ ਵਿਭਿੰਨਤਾ ਮਾਡਲ ਦੀ ਡਾ. ਤਰਸੇਮ ਸਿੰਘ ਢਿੱਲੋਂ ਵੱਲੋਂ ਸ਼ਲਾਘਾ, ਕਿਸਾਨਾਂ ਨੂੰ ਸਿੱਧੀ ਮਾਰਕੀਟਿੰਗ ਲਈ ਕੀਤਾ ਪ੍ਰੇਰਿਤ

0

ਤਾਜ਼ਾ ਉਤਪਾਦਾਂ ਦੀ ਸਿੱਧੀ ਵਿਕਰੀ ਨਾਲ ਵਧੇਗੀ ਕਿਸਾਨਾਂ ਦੀ ਆਮਦਨ : ਡਾ. ਢਿੱਲੋਂ

ਸੰਗਰੂਰ, 09 ਮਈ : (ਅਮਨਦੀਪ ਸਰਾਂ) : Punjab Agricultural University ਦੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਤਰਸੇਮ ਸਿੰਘ ਢਿੱਲੋਂ ਨੇ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਦਾ ਦੌਰਾ ਕਰਦੇ ਹੋਏ ਫਸਲੀ ਵਿਭਿੰਨਤਾ ਮਾਡਲ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਸਾਨਾਂ ਨੂੰ ਤਾਜ਼ਾ ਖੇਤੀ ਉਤਪਾਦਾਂ ਦੀ ਸਿੱਧੀ ਵਿਕਰੀ ਰਾਹੀਂ ਵਧੇਰੇ ਮੁਨਾਫ਼ਾ ਕਮਾਉਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਡਾ. ਅਸ਼ੋਕ ਕੁਮਾਰ, ਸੀਨੀਅਰ ਪਸਾਰ ਵਿਗਿਆਨੀ-ਕਮ-ਇੰਚਾਰਜ, ਪੀਏਯੂ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਨੇ ਉਨ੍ਹਾਂ ਨੂੰ ਆਉਣ ਵਾਲੀ ਸਾਉਣੀ ਰੁੱਤ ਲਈ ਉਲੀਕੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਇਨ੍ਹਾਂ ਵਿੱਚ ਖੁਰਾਕੀ ਤੱਤ ਪ੍ਰਬੰਧਨ, ਮਿੱਟੀ ਅਤੇ ਪਾਣੀ ਦੀ ਪਰਖ, ਕੀਟ ਅਤੇ ਰੋਗ ਪ੍ਰਬੰਧਨ, ਸਬਜ਼ੀਆਂ ਰਾਹੀਂ ਫਸਲੀ ਵਿਭਿੰਨਤਾ, ਖੇਤੀ ਉਤਪਾਦਾਂ ਦੀ ਮਾਰਕੀਟਿੰਗ, ਪਰਾਲੀ ਪ੍ਰਬੰਧਨ ਅਤੇ ਪੀਏਯੂ ਵੱਲੋਂ ਸਿਫਾਰਸ਼ੀ ਬੀਜਾਂ ਦੀ ਪ੍ਰਚਾਰਨਾ ਸ਼ਾਮਲ ਹਨ।

ਡਾ. ਢਿੱਲੋਂ ਨੇ ਪਿੰਡ ਭੂੰਦੜ ਭੈਣੀ ਵਿਖੇ ਮੁੱਖ ਮੰਤਰੀ ਅਵਾਰਡੀ ਕਿਸਾਨ ਸ. ਜਸਵੰਤ ਸਿੰਘ ਦੇ ਸਬਜ਼ੀ ਫਾਰਮ ਦਾ ਦੌਰਾ ਵੀ ਕੀਤਾ। ਉਨ੍ਹਾਂ ਨੇ ਕਿਸਾਨ ਵੱਲੋਂ ਮਿਰਚ, ਸ਼ਿਮਲਾ ਮਿਰਚ, ਲਸਣ, ਕੱਦੂ ਅਤੇ ਖੀਰੇ ਵਰਗੀਆਂ ਸਬਜ਼ੀਆਂ ਦੀ ਪੀਏਯੂ ਸਿਫਾਰਸ਼ੀ ਤਰੀਕਿਆਂ ਅਨੁਸਾਰ ਕੀਤੀ ਜਾ ਰਹੀ ਖੇਤੀ ਦੀ ਪ੍ਰਸ਼ੰਸਾ ਕੀਤੀ।

ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਸੜਕ ਕਿਨਾਰੇ ਸਟਾਲ ਲਗਾ ਕੇ ਤਾਜ਼ਾ ਉਤਪਾਦਾਂ ਦੀ ਸਿੱਧੀ ਮਾਰਕੀਟਿੰਗ ਕਰਨ ਤਾਂ ਜੋ ਉਨ੍ਹਾਂ ਨੂੰ ਵਧੀਆ ਭਾਅ ਮਿਲ ਸਕੇ। ਡਾ. ਢਿੱਲੋਂ ਨੇ ਧਨੀਆ ਅਤੇ ਸ਼ਿਮਲਾ ਮਿਰਚ ਵਰਗੀਆਂ ਫਸਲਾਂ ਦੀ ਅਗੇਤੀ ਬੀਜਾਈ ਕਰਨ ਲਈ ਵੀ ਪ੍ਰੇਰਿਤ ਕੀਤਾ।

ਡਾ. ਢਿੱਲੋਂ ਨੇ ਪੀਏਯੂ ਦੀ ਪੀਬੀ-90 ਮਟਰ ਕਿਸਮ ਦੀ ਕਟਾਈ ਤੋਂ ਬਾਅਦ ਕੱਦੂ ਦੀ ਸਫਲ ਖੇਤੀ ਨੂੰ ਨਵੀਨਤਮ ਫਸਲੀ ਪ੍ਰਬੰਧ ਦਾ ਸ਼ਾਨਦਾਰ ਉਦਾਹਰਨ ਦੱਸਿਆ। ਉਨ੍ਹਾਂ ਨੇ ਖਰਬੂਜ਼ੇ ਅਤੇ ਕਰੇਲੇ ਦੀ ਫਸਲ ਦਾ ਵੀ ਜਾਇਜ਼ਾ ਲਿਆ ਅਤੇ ਕਿਸਾਨ ਦੀ ਵਿਭਿੰਨ ਖੇਤੀ ਪ੍ਰਣਾਲੀ ਤੋਂ ਸੰਤੁਸ਼ਟੀ ਪ੍ਰਗਟਾਈ।

ਉਨ੍ਹਾਂ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਨੂੰ ਹੋਰ ਕਿਸਾਨਾਂ ਨੂੰ ਵੀ ਰਵਾਇਤੀ ਕਣਕ-ਝੋਨੇ ਦੇ ਚੱਕਰ ਤੋਂ ਹਟ ਕੇ ਸਬਜ਼ੀ ਆਧਾਰਿਤ ਖੇਤੀ ਅਪਣਾਉਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਦੀ ਆਮਦਨ ਵਧੇਗੀ ਅਤੇ ਲੋਕਾਂ ਨੂੰ ਤਾਜ਼ੀਆਂ ਸਬਜ਼ੀਆਂ ਵਾਜਬ ਕੀਮਤਾਂ ‘ਤੇ ਉਪਲਬਧ ਹੋਣਗੀਆਂ।

ਦੌਰੇ ਦੌਰਾਨ ਡਾ. ਢਿੱਲੋਂ ਨੇ ਕਿਸਾਨ ਦੇ ਡੇਅਰੀ ਯੂਨਿਟ ਦਾ ਵੀ ਜਾਇਜ਼ਾ ਲਿਆ ਅਤੇ ਇਕ੍ਰਿਤ ਖੇਤੀ ਪ੍ਰਣਾਲੀ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਵਟਸਐਪ ਗਰੁੱਪਾਂ ਰਾਹੀਂ ਪੀਏਯੂ ਤਕਨਾਲੋਜੀਆਂ ਅਤੇ ਸਮੇਂ-ਸਿਰ ਸਲਾਹਾਂ ਦੇ ਪ੍ਰਸਾਰ ਦੀ ਪਹਿਲ ਨੂੰ ਵੀ ਕਾਬਿਲੇ-ਤਾਰੀਫ਼ ਦੱਸਿਆ।

Exit mobile version