Home ਪੰਜਾਬ ਗੁਰਦਾਸਪੁਰ ਪੁਲਿਸ ਦਾ ਨਸ਼ਾ ਤਸਕਰਾਂ ’ਤੇ ਵੱਡਾ ਐਕਸ਼ਨ: ਨਸ਼ੇ ਦੀ ਕਮਾਈ ਨਾਲ...

ਗੁਰਦਾਸਪੁਰ ਪੁਲਿਸ ਦਾ ਨਸ਼ਾ ਤਸਕਰਾਂ ’ਤੇ ਵੱਡਾ ਐਕਸ਼ਨ: ਨਸ਼ੇ ਦੀ ਕਮਾਈ ਨਾਲ ਬਣਾਈ ਜਾਇਦਾਦ ’ਤੇ ਚੱਲਿਆ ‘ਪੀਲਾ ਪੰਜਾ’

0

ਗੁਰਦਾਸਪੁਰ/ਦੀਨਾਨਗਰ: ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਅਪਣਾਈ ਗਈ ‘ਜ਼ੀਰੋ ਟਾਲਰੈਂਸ’ ਨੀਤੀ ਤਹਿਤ ਗੁਰਦਾਸਪੁਰ ਪੁਲਿਸ ਨੇ ਅੱਜ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਨਸ਼ਾ ਤਸਕਰੀ ਦੀ ਕਮਾਈ ਨਾਲ ਬਣਾਈ ਗਈ ਜਾਇਦਾਦ ਨੂੰ ਜ਼ਮੀਨਦੋਜ਼ ਕਰਦਿਆਂ ਤਸਕਰਾਂ ਨੂੰ ਸਖ਼ਤ ਸੁਨੇਹਾ ਦਿੱਤਾ ਹੈ।

ਪਿੰਡ ਡੀਡਾ ਸਾਂਸੀਆਂ ’ਚ ਹੋਈ ਕਾਰਵਾਈ

ਜ਼ਿਲ੍ਹਾ ਪੁਲਿਸ ਨੇ ਦੀਨਾਨਗਰ ਦੇ ਅਧੀਨ ਆਉਂਦੇ ਪਿੰਡ ਡੀਡਾ ਸਾਂਸੀਆਂ ਵਿਖੇ ਦੋ ਨਾਮੀ ਨਸ਼ਾ ਤਸਕਰਾਂ, ਵਿਜੇ ਅਤੇ ਹਰੀਸ਼, ਦੀਆਂ ਜਾਇਦਾਦਾਂ ’ਤੇ ਬੁਲਡੋਜ਼ਰ ਚਲਾਇਆ। ਪੁਲਿਸ ਅਨੁਸਾਰ ਇਨ੍ਹਾਂ ਦੋਵਾਂ ਤਸਕਰਾਂ ਵਿਰੁੱਧ ਨਸ਼ਾ ਤਸਕਰੀ ਦੇ ਵੱਖ-ਵੱਖ 14 ਮਾਮਲੇ ਦਰਜ ਹਨ।

ਨਾਜਾਇਜ਼ ਕਬਜ਼ੇ ਅਤੇ ਨਸ਼ੇ ਦੀ ਕਮਾਈ

ਜਾਂਚ ਦੌਰਾਨ ਸਾਹਮਣੇ ਆਇਆ ਕਿ ਇਨ੍ਹਾਂ ਤਸਕਰਾਂ ਨੇ ਨਾ ਸਿਰਫ਼ ਨਸ਼ੇ ਦੇ ਪੈਸੇ ਨਾਲ ਇਹ ਜਾਇਦਾਦ ਬਣਾਈ ਸੀ, ਸਗੋਂ ਇਹ ਉਸਾਰੀ ਹਿਊਮਨ ਵਾਟਰ ਰਿਸੋਰਸ ਵਿਭਾਗ (ਜਲ ਸਰੋਤ ਵਿਭਾਗ) ਦੀ ਸਰਕਾਰੀ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਕਰਕੇ ਕੀਤੀ ਗਈ ਸੀ। ਪੁਲਿਸ ਅਤੇ ਪ੍ਰਸ਼ਾਸਨ ਨੇ ਸਾਂਝੀ ਕਾਰਵਾਈ ਕਰਦਿਆਂ ਇਸ ਨਾਜਾਇਜ਼ ਉਸਾਰੀ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ।

ਜ਼ਿਲ੍ਹਾ ਪੁਲਿਸ ਮੁਖੀ ਦਾ ਬਿਆਨ

ਜ਼ਿਲ੍ਹਾ ਪੁਲਿਸ ਮੁਖੀ (SSP) ਆਦਿਤਿਆ ਨੇ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਕਿਹਾ:

“ਪੁਲਿਸ ਨਸ਼ਾ ਤਸਕਰੀ ਵਿੱਚ ਸ਼ਾਮਿਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਣ ਦੇ ਮੂਡ ਵਿੱਚ ਨਹੀਂ ਹੈ। ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਅੱਜ ਦੋ ਤਸਕਰਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਹੋਰ ਕਾਰਵਾਈਆਂ ਜਾਰੀ ਰਹਿਣਗੀਆਂ ਤਾਂ ਜੋ ਨਸ਼ੇ ਦੇ ਕਾਰੋਬਾਰ ਦੀ ਰੀੜ੍ਹ ਦੀ ਹੱਡੀ ਤੋੜੀ ਜਾ ਸਕੇ।”

ਪੁਲਿਸ ਦੀ ਇਸ ਕਾਰਵਾਈ ਨਾਲ ਇਲਾਕੇ ਦੇ ਹੋਰ ਨਸ਼ਾ ਤਸਕਰਾਂ ਵਿੱਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ, ਜਦਕਿ ਆਮ ਲੋਕਾਂ ਨੇ ਪੁਲਿਸ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ।

Exit mobile version