Home ਪੰਜਾਬ ਗੁਰਦਾਸਪੁਰ: ਸਿਹਤ ਵਿਭਾਗ ਵੱਲੋਂ ਦੁੱਧ ਵਿਕਰੇਤਾਵਾਂ ਦੀ ਅਚਨਚੇਤ ਚੈਕਿੰਗ; ਭਰੇ ਗਏ 5...

ਗੁਰਦਾਸਪੁਰ: ਸਿਹਤ ਵਿਭਾਗ ਵੱਲੋਂ ਦੁੱਧ ਵਿਕਰੇਤਾਵਾਂ ਦੀ ਅਚਨਚੇਤ ਚੈਕਿੰਗ; ਭਰੇ ਗਏ 5 ਸੈਂਪਲ

0

ਗੁਰਦਾਸਪੁਰ, 8 ਮਈ 2026(ਛਤਰਪਾਲ ਸਿੰਘ):ਲੋਕਾਂ ਨੂੰ ਸ਼ੁੱਧ ਅਤੇ ਮਿਆਰੀ ਖਾਦ ਪਦਾਰਥ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਿਹਤ ਵਿਭਾਗ ਗੁਰਦਾਸਪੁਰ ਦੀ ਫੂਡ ਸੇਫਟੀ ਟੀਮ ਵੱਲੋਂ ਅੱਜ ਖੇਤਰ ਵਿੱਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਫੂਡ ਕਮਿਸ਼ਨਰ, ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਅਸਿਸਟੈਂਟ ਕਮਿਸ਼ਨਰ ਫੂਡ ਡਾਕਟਰ ਜੀ.ਐਸ. ਪੰਨੂ ਦੀ ਅਗਵਾਈ ਹੇਠ ਵੱਖ-ਵੱਖ ਥਾਵਾਂ ‘ਤੇ ਦੁੱਧ ਦੀ ਸੈਂਪਲਿੰਗ ਕੀਤੀ ਗਈ।

ਦੁੱਧ ਅਤੇ ਦੁੱਧ ਪਦਾਰਥਾਂ ਦੇ ਲਏ ਨਮੂਨੇ

ਸਹਾਇਕ ਕਮਿਸ਼ਨਰ ਡਾ. ਜੀ.ਐਸ. ਪੰਨੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੂਡ ਸੇਫਟੀ ਅਫ਼ਸਰ ਸਿਮਰਤ ਕੌਰ ਸਮੇਤ ਟੀਮ ਵੱਲੋਂ ਦੁੱਧ ਵੇਚਣ ਵਾਲੇ ਦੋਧੀਆਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਦੁੱਧ ਦੇ ਕਰੀਬ 5 ਸੈਂਪਲ ਭਰੇ ਗਏ ਅਤੇ ਹੋਰ ਦੁੱਧ ਪਦਾਰਥਾਂ ਦੇ ਵੀ ਨਮੂਨੇ ਲਏ ਗਏ। ਇਨ੍ਹਾਂ ਸਾਰੇ ਸੈਂਪਲਾਂ ਨੂੰ ਜਾਂਚ ਲਈ ਸਟੇਟ ਫੂਡ ਲੈਬਾਰਟਰੀ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਲੈਬ ਦੀ ਰਿਪੋਰਟ ਆਉਣ ਤੋਂ ਬਾਅਦ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ

ਡਾ. ਪੰਨੂ ਨੇ ਸਪੱਸ਼ਟ ਕੀਤਾ ਕਿ ਦੁੱਧ ਵੇਚਣ ਵਾਲੇ ਹਰ ਵਿਕਰੇਤਾ ਅਤੇ ਦੋਧੀ ਲਈ ਵਿਭਾਗ ਕੋਲ ਰਜਿਸਟ੍ਰੇਸ਼ਨ ਕਰਵਾਉਣਾ ਕਾਨੂੰਨੀ ਤੌਰ ‘ਤੇ ਲਾਜ਼ਮੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਵਿਅਕਤੀ ਬਿਨਾਂ ਰਜਿਸਟ੍ਰੇਸ਼ਨ ਦੇ ਦੁੱਧ ਵੇਚਦਾ ਪਾਇਆ ਗਿਆ, ਤਾਂ ਫੂਡ ਸੇਫਟੀ ਐਕਟ ਤਹਿਤ ਉਸ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਮਿਲਾਵਟਖੋਰਾਂ ਨੂੰ ਚੇਤਾਵਨੀ

ਵਿਭਾਗ ਨੇ ਸਾਫ਼ ਕਰ ਦਿੱਤਾ ਹੈ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਮਿਲਾਵਟਖੋਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਅਜਿਹੀਆਂ ਛਾਪਾਮਾਰੀਆਂ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰਹਿਣਗੀਆਂ ਤਾਂ ਜੋ ਬਾਜ਼ਾਰ ਵਿੱਚ ਮਿਲਣ ਵਾਲੀਆਂ ਵਸਤਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਇਆ ਜਾ ਸਕੇ।

Exit mobile version