ਫਰੀਦਕੋਟ/ਕੋਟਕਪੂਰਾ:29 ਅਪ੍ਰੈਲ 2026:(ਦੀਪਕ ਦੱਤਾ)
ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਸਥਿਤ ਡੀਸੀਐਮ (DCM) ਇੰਟਰਨੈਸ਼ਨਲ ਸਕੂਲ ਵਿੱਚ ਇੱਕ ਗੁਰਸਿੱਖ ਵਿਦਿਆਰਥੀ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਹੈ। ਅੱਠਵੀਂ ਜਮਾਤ ਵਿੱਚ ਪੜ੍ਹਦੇ ਬੱਚੇ ਦੇ ਪਰਿਵਾਰ ਅਤੇ ਸਿੱਖ ਜਥੇਬੰਦੀਆਂ ਨੇ ਸਕੂਲ ਦੇ ਅਧਿਆਪਕਾਂ ‘ਤੇ ਇਲਜ਼ਾਮ ਲਗਾਇਆ ਹੈ ਕਿ ਬੱਚੇ ਨੇ ਜਦੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬਾਰੇ ਇਤਿਹਾਸਕ ਤੱਥਾਂ ਦੇ ਹਵਾਲੇ ਨਾਲ ਗੱਲ ਕੀਤੀ, ਤਾਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ।
ਕੀ ਹੈ ਪੂਰਾ ਵਿਵਾਦ?
ਪੀੜਤ ਬੱਚੇ, ਜੋ ਕਿ ਪਿੰਡ ਕੁਹਾਰ ਵਾਲਾ ਦਾ ਰਹਿਣ ਵਾਲਾ ਹੈ, ਨੇ ਦੱਸਿਆ ਕਿ ਸਕੂਲ ਵਿੱਚ ‘ਪ੍ਰਭਾਵਸ਼ਾਲੀ ਔਰਤਾਂ’ ਬਾਰੇ ਪੜ੍ਹਾਇਆ ਜਾ ਰਿਹਾ ਸੀ। ਅਧਿਆਪਕ ਵੱਲੋਂ ਇੰਦਰਾ ਗਾਂਧੀ ਨੂੰ ਇੱਕ ‘ਨੇਕ ਅਤੇ ਮਹਾਨ’ ਸ਼ਖਸੀਅਤ ਵਜੋਂ ਪੇਸ਼ ਕਰਨ ‘ਤੇ ਬੱਚੇ ਨੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਉਸ ਨੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲਾ ਕਰਵਾਇਆ ਸੀ, ਇਸ ਲਈ ਉਸ ਨੂੰ ‘ਚੰਗੀ ਔਰਤ’ ਨਹੀਂ ਕਿਹਾ ਜਾ ਸਕਦਾ। ਬੱਚੇ ਦਾ ਦੋਸ਼ ਹੈ ਕਿ ਇਹ ਸੁਣਦਿਆਂ ਹੀ ਅਧਿਆਪਕਾ ਭੜਕ ਗਈ ਅਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਬਾਅਦ ਵਿੱਚ ਸਕੂਲ ਇੰਚਾਰਜ ਕੋਲ ਲਿਜਾ ਕੇ ਵੀ ਉਸ ਨਾਲ ਕੁੱਟਮਾਰ ਕੀਤੀ ਗਈ।
ਸਕੂਲ ਦੇ ਬਾਹਰ ਨਾਅਰੇਬਾਜ਼ੀ ਅਤੇ ਪ੍ਰਬੰਧਕਾਂ ਦਾ ਵਤੀਰਾ
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਬੱਚੇ ਦੇ ਪਰਿਵਾਰਕ ਮੈਂਬਰ ਅਤੇ ਸਿੱਖ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ ਵਿੱਚ ਸਕੂਲ ਪਹੁੰਚੇ। ਪਰਿਵਾਰ ਮੁਤਾਬਕ:
-
ਅਧਿਆਪਕਾ ਨੇ ਬੱਚੇ ਨੂੰ 3 ਥੱਪੜ ਮਾਰਨ ਦੀ ਗੱਲ ਕਬੂਲੀ ਹੈ।
-
ਪਰਿਵਾਰ ਨੇ ਇਲਜ਼ਾਮ ਲਾਇਆ ਕਿ ਸਕੂਲ ਪ੍ਰਬੰਧਕਾਂ ਨੇ ਗੱਲਬਾਤ ਦੌਰਾਨ ਉਹਨਾਂ ਨਾਲ ਬਦਸਲੂਕੀ ਕੀਤੀ।
-
ਜਥੇਬੰਦੀਆਂ ਦਾ ਕਹਿਣਾ ਹੈ ਕਿ ਸਕੂਲ ਇੱਕ ਖਾਸ ਵਿਚਾਰਧਾਰਾ (RSS) ਦੇ ਪ੍ਰਭਾਵ ਹੇਠ ਚੱਲ ਰਿਹਾ ਹੈ ਅਤੇ ਵਿਦਿਅਕ ਅਦਾਰਿਆਂ ਵਿੱਚ ਅਜਿਹਾ ਪੱਖਪਾਤੀ ਵਤੀਰਾ ਦੇਸ਼ ਦੀ ਅਖੰਡਤਾ ਲਈ ਖਤਰਾ ਹੈ।
ਪੁਲਿਸ ਸ਼ਿਕਾਇਤ ਅਤੇ ਅਗਲੇਰੀ ਕਾਰਵਾਈ
ਪੀੜਤ ਪਰਿਵਾਰ ਵੱਲੋਂ ਇਸ ਮਾਮਲੇ ਦੀ ਲਿਖਤੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਦੋਸ਼ੀ ਅਧਿਆਪਕਾਂ ਤੇ ਪ੍ਰਬੰਧਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਇਨਸਾਫ਼ ਨਾ ਮਿਲਿਆ ਤਾਂ ਉਹ ਵੱਡੇ ਪੱਧਰ ‘ਤੇ ਸੰਘਰਸ਼ ਸ਼ੁਰੂ ਕਰਨਗੇ।
ਦੂਜੇ ਪਾਸੇ, ਜਦੋਂ ਇਸ ਮਾਮਲੇ ‘ਤੇ ਸਕੂਲ ਪ੍ਰਸ਼ਾਸਨ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪ੍ਰਬੰਧਕਾਂ ਨੇ ਫ਼ੋਨ ਨਹੀਂ ਚੁੱਕਿਆ ਅਤੇ ਸਕੂਲ ਦੇ ਚੌਕੀਦਾਰ ਨੇ ਕਿਸੇ ਵੀ ਜ਼ਿੰਮੇਵਾਰ ਅਧਿਕਾਰੀ ਦੇ ਹਾਜ਼ਰ ਨਾ ਹੋਣ ਦੀ ਗੱਲ ਕਹਿ ਕੇ ਪੱਲਾ ਝਾੜ ਲਿਆ।
