Home ਸੰਸਾਰ ਬਰੈਂਪਟਨ ‘ਚ ਪੰਜਾਬਣ ਮੁਟਿਆਰ ਦੀ ਭੇਦਭਰੀ ਹਾਲਤ ‘ਚ ਮੌਤ; ਜੁਲਾਈ ‘ਚ ਮਾਪਿਆਂ...

ਬਰੈਂਪਟਨ ‘ਚ ਪੰਜਾਬਣ ਮੁਟਿਆਰ ਦੀ ਭੇਦਭਰੀ ਹਾਲਤ ‘ਚ ਮੌਤ; ਜੁਲਾਈ ‘ਚ ਮਾਪਿਆਂ ਨੇ ਮਨਾਉਣਾ ਸੀ ਧੀ ਦਾ ਜਨਮਦਿਨ

0

ਬਰੈਂਪਟਨ/ਮੰਡੀ ਅਹਿਮਦਗੜ੍ਹ: ਵਿਦੇਸ਼ਾਂ ਦੀ ਧਰਤੀ ਤੋਂ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਮਾਮਲਾ ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਲੁਧਿਆਣਾ ਜ਼ਿਲ੍ਹੇ ਦੇ ਮੰਡੀ ਅਹਿਮਦਗੜ੍ਹ ਦੀ ਰਹਿਣ ਵਾਲੀ ਪ੍ਰਤਿਭਾ ਗੁਪਤਾ ਦੀ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ।

ਕਿਰਾਏ ਦੇ ਘਰ ‘ਚੋਂ ਮਿਲੀ ਲਾਸ਼

ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਤਿਭਾ ਦੀ ਲਾਸ਼ ਉਸ ਦੇ ਕਿਰਾਏ ਦੇ ਘਰ ਦੀਆਂ ਪੌੜੀਆਂ ਕੋਲ ਪਈ ਮਿਲੀ। ਹੈਰਾਨੀ ਦੀ ਗੱਲ ਇਹ ਹੈ ਕਿ ਉਸ ਦੇ ਸਰੀਰ ‘ਤੇ ਬਾਹਰੋਂ ਕਿਸੇ ਸੱਟ ਦਾ ਕੋਈ ਨਿਸ਼ਾਨ ਨਹੀਂ ਸੀ। ਜਿਸ ਵੇਲੇ ਇਹ ਘਟਨਾ ਵਾਪਰੀ, ਉਸ ਵੇਲੇ ਮਕਾਨ ਮਾਲਕ ਖ਼ੁਦ ਅਮਰੀਕਾ ਗਿਆ ਹੋਇਆ ਸੀ।

ਇੰਝ ਲੱਗਿਆ ਮੌਤ ਦਾ ਪਤਾ

ਪ੍ਰਤਿਭਾ ਦੇ ਮਾਪਿਆਂ ਵੱਲੋਂ ਉਸ ਨੂੰ ਲਗਾਤਾਰ ਕਈ ਫ਼ੋਨ ਕੀਤੇ ਗਏ ਸਨ, ਪਰ ਜਦੋਂ ਕੋਈ ਜਵਾਬ ਨਾ ਮਿਲਿਆ ਤਾਂ ਉਨ੍ਹਾਂ ਨੇ ਚਿੰਤਤ ਹੋ ਕੇ ਪ੍ਰਤਿਭਾ ਦੀ ਕੰਪਨੀ ਦੇ ਮਾਲਕ ਨਾਲ ਸੰਪਰਕ ਕੀਤਾ। ਕੰਪਨੀ ਮਾਲਕ ਨੇ ਤੁਰੰਤ ਕੈਨੇਡਾ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲੜਕੀ ਦੀ ਲਾਸ਼ ਬਰਾਮਦ ਕੀਤੀ।

ਸਾਢੇ ਤਿੰਨ ਸਾਲ ਪਹਿਲਾਂ ਗਈ ਸੀ ਕੈਨੇਡਾ

ਦੱਸਿਆ ਜਾ ਰਿਹਾ ਹੈ ਕਿ ਪ੍ਰਤਿਭਾ ਸਾਢੇ ਤਿੰਨ ਸਾਲ ਪਹਿਲਾਂ ਵਰਕ ਪਰਮਿਟ ‘ਤੇ ਕੈਨੇਡਾ ਗਈ ਸੀ ਅਤੇ ਇਸ ਸਮੇਂ ਉਹ ਇੱਕ ਨਿੱਜੀ ਟਰਾਂਸਪੋਰਟ ਕੰਪਨੀ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੀ ਸੀ। ਉਹ ਆਪਣੀ ਮਿਹਨਤ ਸਦਕਾ ਵਿਦੇਸ਼ ਵਿੱਚ ਆਪਣੇ ਪੈਰਾਂ ‘ਤੇ ਖੜ੍ਹੀ ਹੋ ਚੁੱਕੀ ਸੀ।

ਮਾਪਿਆਂ ਦੇ ਅਰਮਾਨਾਂ ‘ਤੇ ਫਿਰਿਆ ਪਾਣੀ

ਪ੍ਰਤਿਭਾ ਦੇ ਮਾਪਿਆਂ ਨੇ ਜੁਲਾਈ ਮਹੀਨੇ ਵਿੱਚ ਆਪਣੀ ਧੀ ਦਾ ਜਨਮਦਿਨ ਮਨਾਉਣ ਲਈ ਕੈਨੇਡਾ ਜਾਣ ਦੀ ਤਿਆਰੀ ਕੀਤੀ ਹੋਈ ਸੀ। ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜਨਮਦਿਨ ਤੋਂ ਪਹਿਲਾਂ ਹੀ ਧੀ ਦੀ ਮੌਤ ਦੀ ਖ਼ਬਰ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮ੍ਰਿਤਕਾ ਦੇ ਜੱਦੀ ਸ਼ਹਿਰ ਮੰਡੀ ਅਹਿਮਦਗੜ੍ਹ ਵਿੱਚ ਮਾਤਮ ਪਸਰਿਆ ਹੋਇਆ ਹੈ ਅਤੇ ਪਰਿਵਾਰ ਵੱਲੋਂ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

Exit mobile version