Home ਪੰਜਾਬ ਪੰਜਾਬ ‘ਚ ਵੱਡੀ ਦਹਿਸ਼ਤ: ‘ਲਾਰੈਂਸ ਆਫ਼ ਪੰਜਾਬ’ ਡਾਕੂਮੈਂਟਰੀ ‘ਤੇ ਪਾਬੰਦੀ ਮਗਰੋਂ DGP...

ਪੰਜਾਬ ‘ਚ ਵੱਡੀ ਦਹਿਸ਼ਤ: ‘ਲਾਰੈਂਸ ਆਫ਼ ਪੰਜਾਬ’ ਡਾਕੂਮੈਂਟਰੀ ‘ਤੇ ਪਾਬੰਦੀ ਮਗਰੋਂ DGP ਗੌਰਵ ਯਾਦਵ, ਰਾਜਾ ਵੜਿੰਗ ਅਤੇ ਬਲਕੌਰ ਸਿੰਘ ਸਮੇਤ ਕਈਆਂ ਨੂੰ ਜਾਨੋਂ ਮਾਰਨ ਦੀ ਧਮਕੀ

0

ਚੰਡੀਗੜ੍ਹ, 25 ਅਪ੍ਰੈਲ (ਹਰਸ਼ਲੀਨ ਸਿੰਘ): ਪੰਜਾਬ ਵਿੱਚ ਗੈਂਗਸਟਰ ਕਲਚਰ ਅਤੇ ਸਿਆਸਤ ਦੇ ਵਿਚਕਾਰ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਵਿਵਾਦਤ ਡਾਕੂਮੈਂਟਰੀ ‘ਲਾਰੈਂਸ ਆਫ਼ ਪੰਜਾਬ’ (Lawrence of Punjab) ‘ਤੇ ਪਾਬੰਦੀ ਲੱਗਣ ਤੋਂ ਬਾਅਦ ਹੁਣ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਸਮੇਤ ਕਈ ਦਿੱਗਜ ਆਗੂਆਂ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।

ਵਿਦੇਸ਼ੀ ਨੰਬਰ ਤੋਂ ਆਏ ਧਮਕੀ ਭਰੇ ਸੁਨੇਹੇ

ਜਾਣਕਾਰੀ ਅਨੁਸਾਰ, ਇਹ ਧਮਕੀਆਂ ਇੱਕ ਵਿਦੇਸ਼ੀ ਵਟਸਐਪ ਨੰਬਰ ਤੋਂ ਭੇਜੀਆਂ ਗਈਆਂ ਹਨ। ਧਮਕੀ ਪਾਉਣ ਵਾਲਿਆਂ ਦੀ ਸੂਚੀ ਕਾਫ਼ੀ ਲੰਬੀ ਹੈ, ਜਿਸ ਵਿੱਚ ਸ਼ਾਮਲ ਹਨ:

  • ਡੀ.ਜੀ.ਪੀ. ਪੰਜਾਬ: ਗੌਰਵ ਯਾਦਵ

  • ਪੰਜਾਬ ਕਾਂਗਰਸ ਪ੍ਰਧਾਨ: ਅਮਰਿੰਦਰ ਸਿੰਘ ਰਾਜਾ ਵੜਿੰਗ

  • ਸਾਂਸਦ: ਸੁਖਜਿੰਦਰ ਸਿੰਘ ਰੰਧਾਵਾ

  • ਸਿੱਧੂ ਮੂਸੇਵਾਲਾ ਦੇ ਪਿਤਾ: ਬਲਕੌਰ ਸਿੰਘ

  • ਪੰਜਾਬ ਦੇ ਐਡਵੋਕੇਟ ਜਨਰਲ (AG)

ਡਾਕੂਮੈਂਟਰੀ ਦਾ ਵਿਰੋਧ ਬਣਿਆ ਕਾਰਨ

ਧਮਕੀ ਭਰੇ ਸੁਨੇਹਿਆਂ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਜੋ ਕੋਈ ਵੀ ਗੈਂਗਸਟਰ ਦੀ ਜ਼ਿੰਦਗੀ ‘ਤੇ ਆਧਾਰਿਤ ਇਸ ਸੀਰੀਜ਼ ਜਾਂ ਉਨ੍ਹਾਂ ਦੇ ਗਰੁੱਪ ਦਾ ਵਿਰੋਧ ਕਰੇਗਾ, ਉਸ ਦਾ ਹਸ਼ਰ ਮਾੜਾ ਹੋਵੇਗਾ। ਜ਼ਿਕਰਯੋਗ ਹੈ ਕਿ ਇਨ੍ਹਾਂ ਆਗੂਆਂ ਅਤੇ ਬਲਕੌਰ ਸਿੰਘ ਨੇ ਇਸ ਡਾਕੂਮੈਂਟਰੀ ਦੀ ਰਿਲੀਜ਼ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਸੀ ਅਤੇ ਇਸ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ।

ਪੁਲਿਸ ਵਿਭਾਗ ਵਿੱਚ ਹੜਕੰਪ, ਸਾਈਬਰ ਸੈੱਲ ਹੋਇਆ ਸਰਗਰਮ

ਸੂਬੇ ਦੇ ਮੁਖੀ (DGP) ਨੂੰ ਖ਼ੁਦ ਧਮਕੀ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਬੇਹੱਦ ਗੰਭੀਰ ਹੈ। ਸੂਤਰਾਂ ਅਨੁਸਾਰ ਪੁਲਿਸ ਦਾ ਸਾਈਬਰ ਸੈੱਲ ਉਨ੍ਹਾਂ ਨੰਬਰਾਂ ਦੀ ਲੋਕੇਸ਼ਨ ਟਰੇਸ ਕਰਨ ਵਿੱਚ ਜੁਟ ਗਿਆ ਹੈ ਜਿੱਥੋਂ ਇਹ ਮੈਸੇਜ ਭੇਜੇ ਗਏ ਹਨ। ਲਾਰੈਂਸ ਬਿਸ਼ਨੋਈ ਗੈਂਗ ਦੇ ਹਵਾਲੇ ਨਾਲ ਆਈਆਂ ਇਨ੍ਹਾਂ ਧਮਕੀਆਂ ਨੇ ਸੂਬੇ ਦੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ ਅਤੇ ਵੀ.ਆਈ.ਪੀ. ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ।

“ਜੋ ਵੀ ਸਾਡੇ ਗਰੁੱਪ ਦੇ ਵਿਰੋਧ ਵਿੱਚ ਬੋਲੇਗਾ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।”ਧਮਕੀ ਭਰੇ ਸੁਨੇਹੇ ਦਾ ਅੰਸ਼

Exit mobile version