ਪਟਿਆਲਾ: 18 ਅਪ੍ਰੈਲ 2026 (ਛਤਰਪਾਲ ਸਿੰਘ) ਕਹਿੰਦੇ ਹਨ ਕਿ ਜੇਕਰ ਹੌਸਲਾ ਬੁਲੰਦ ਹੋਵੇ ਅਤੇ ਸਰਕਾਰ ਦਾ ਸਾਥ ਮਿਲੇ, ਤਾਂ ਮੌਤ ਦੇ ਮੂੰਹ ਵਿੱਚੋਂ ਵੀ ਜ਼ਿੰਦਗੀ ਵਾਪਸ ਲਿਆਂਦੀ ਜਾ ਸਕਦੀ ਹੈ। ਅਜਿਹੀ ਹੀ ਇੱਕ ਮਿਸਾਲ ਪਟਿਆਲਾ ਦੇ ਡਰਾਈਵਰ ਗੁਰਪਿੰਦਰ ਜੀਤ ਸਿੰਘ ਅਤੇ ਉਸ ਦੀ 65 ਸਾਲਾ ਮਾਤਾ ਬਲਜੀਤ ਕੌਰ ਨੇ ਪੇਸ਼ ਕੀਤੀ ਹੈ, ਜਿਨ੍ਹਾਂ ਨੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਸਹਿਯੋਗ ਨਾਲ ਬੱਚੇਦਾਨੀ ਦੇ ਭਿਆਨਕ ਕੈਂਸਰ ਨੂੰ ਹਰਾਇਆ ਹੈ।
ਜਦੋਂ ਅਸਮਾਨੀ ਬਿਜਲੀ ਬਣ ਕੇ ਡਿੱਗੀ ਕੈਂਸਰ ਦੀ ਖ਼ਬਰ
ਗੁਰਪਿੰਦਰ ਜੀਤ ਦੀ ਮਾਂ ਬਲਜੀਤ ਕੌਰ ਦੀ ਸਿਹਤ ਪੰਜ ਮਹੀਨੇ ਪਹਿਲਾਂ ਅਚਾਨਕ ਵਿਗੜ ਗਈ। ਟੈਸਟਾਂ ਤੋਂ ਬਾਅਦ ਪਤਾ ਲੱਗਾ ਕਿ ਮਾਂ ਨੂੰ ਬੱਚੇਦਾਨੀ ਦਾ ਕੈਂਸਰ ਹੈ, ਜੋ ਲੀਵਰ ਅਤੇ ਫੇਫੜਿਆਂ ਤੱਕ ਫੈਲ ਚੁੱਕਾ ਸੀ। ਇੱਕ ਨਿੱਜੀ ਹਸਪਤਾਲ ਵਿੱਚ ਸ਼ੁਰੂਆਤੀ ਇਲਾਜ ‘ਤੇ ਹੀ 60 ਹਜ਼ਾਰ ਰੁਪਏ ਖਰਚ ਹੋ ਗਏ। ਇੱਕ ਸਧਾਰਨ ਡਰਾਈਵਰ ਲਈ ਲੱਖਾਂ ਰੁਪਏ ਦਾ ਇਲਾਜ ਕਰਵਾਉਣਾ ਪਹਾੜ ਵਰਗੀ ਚੁਣੌਤੀ ਸੀ।
ਮੁੱਖ ਮੰਤਰੀ ਸਿਹਤ ਯੋਜਨਾ: ਹਨੇਰੇ ਵਿੱਚ ਰੌਸ਼ਨੀ ਦੀ ਕਿਰਨ
ਆਰਥਿਕ ਤੰਗੀ ਕਾਰਨ ਜਦੋਂ ਗੁਰਪਿੰਦਰ ਕਰਜ਼ਾ ਲੈਣ ਦੀ ਸੋਚ ਰਿਹਾ ਸੀ, ਤਾਂ ਉਸ ਨੂੰ ‘ਮੁੱਖ ਮੰਤਰੀ ਸਿਹਤ ਯੋਜਨਾ’ ਬਾਰੇ ਪਤਾ ਲੱਗਾ। ਉਸ ਨੇ ਤੁਰੰਤ ਰਜਿਸਟ੍ਰੇਸ਼ਨ ਕਰਵਾਈ ਅਤੇ ਸਮਾਰਟ ਕਾਰਡ ਬਣਦੇ ਹੀ ਇਲਾਜ ਦਾ ਸਾਰਾ ਬੋਝ ਸਰਕਾਰ ਨੇ ਚੁੱਕ ਲਿਆ।
ਇਸ ਯੋਜਨਾ ਨੇ ਦਿੱਤਾ ਵੱਡਾ ਸਹਾਰਾ:
-
ਕੁੱਲ ਇਲਾਜ ਖਰਚ: 8 ਲੱਖ ਰੁਪਏ ਤੋਂ ਵੱਧ ਦਾ ਇਲਾਜ ਪੂਰੀ ਤਰ੍ਹਾਂ ਮੁਫ਼ਤ ਹੋਇਆ।
-
ਸਹੂਲਤਾਂ: ਮਹਿੰਗੇ ਟੈਸਟ, 12 ਵਾਰ ਕੀਮੋਥੈਰੇਪੀ, ਦਵਾਈਆਂ, ਆਈ.ਸੀ.ਯੂ. (ICU), ਵੈਂਟੀਲੇਟਰ ਅਤੇ ਆਪਰੇਸ਼ਨ ਦਾ ਖਰਚ ਸ਼ਾਮਲ ਸੀ।
-
ਜਟਿਲ ਸਰਜਰੀ: ਟਾਟਾ ਕੈਂਸਰ ਹਸਪਤਾਲ, ਸੰਗਰੂਰ ਵਿਖੇ ਡਾਕਟਰਾਂ ਨੇ 8 ਘੰਟੇ ਲੰਬਾ ਆਪਰੇਸ਼ਨ ਕਰਕੇ ਟਿਊਮਰ ਨੂੰ ਸਫਲਤਾਪੂਰਵਕ ਬਾਹਰ ਕੱਢਿਆ।
8 ਲੱਖ ਦਾ ਇਲਾਜ ਮੁਫ਼ਤ, ਪੁੱਤਰ ਦੀਆਂ ਅੱਖਾਂ ‘ਚੋਂ ਛਲਕੀ ਖੁਸ਼ੀ
ਗੁਰਪਿੰਦਰ ਨੇ ਭਾਵੁਕ ਹੁੰਦਿਆਂ ਦੱਸਿਆ, “ਮਾਂ ਤਾਂ ਮਾਂ ਹੁੰਦੀ ਹੈ, ਉਸ ਨੂੰ ਹਰ ਹਾਲ ਵਿੱਚ ਬਚਾਉਣਾ ਸੀ। ਮੇਰੇ ਕੋਲ ਪੈਸੇ ਨਹੀਂ ਸਨ, ਪਰ ਰੱਬ ਨੇ ਇਸ ਯੋਜਨਾ ਰਾਹੀਂ ਰਸਤਾ ਦਿਖਾ ਦਿੱਤਾ। ਹੁਣ ਮੈਨੂੰ ਸਕੂਨ ਹੈ ਕਿ ਮੇਰੀ ਮਾਂ ਇਲਾਜ ਖੁਣੋਂ ਨਹੀਂ ਮਰੇਗੀ।”
ਡਾਕਟਰਾਂ ਮੁਤਾਬਕ ਇਹ ਕੇਸ ਬਹੁਤ ਚੁਣੌਤੀਪੂਰਨ ਸੀ ਕਿਉਂਕਿ ਕੈਂਸਰ ਕਈ ਅੰਗਾਂ ਤੱਕ ਫੈਲ ਗਿਆ ਸੀ। ਪਰ ਨੌਂ ਵਾਰ ਕੀਮੋਥੈਰੇਪੀ ਅਤੇ ਵੱਡੀ ਸਰਜਰੀ ਤੋਂ ਬਾਅਦ ਹੁਣ ਮਾਂ ਦੀ ਹਾਲਤ ਵਿੱਚ ਸੁਧਾਰ ਹੈ।
ਸਰਕਾਰ ਦੀ ਸਕੀਮ, ਗਰੀਬ ਦਾ ਸਹਾਰਾ
ਇਹ ਕਹਾਣੀ ਸਿਰਫ਼ ਇੱਕ ਬੀਮਾਰੀ ਦੀ ਨਹੀਂ, ਸਗੋਂ ਇਸ ਗੱਲ ਦੀ ਗਵਾਹ ਹੈ ਕਿ ਜੇਕਰ ਸਰਕਾਰੀ ਸਿਹਤ ਸੇਵਾਵਾਂ ਪ੍ਰਭਾਵਸ਼ਾਲੀ ਹੋਣ, ਤਾਂ ਕੋਈ ਵੀ ਪਰਿਵਾਰ ਆਰਥਿਕ ਤੰਗੀ ਕਾਰਨ ਟੁੱਟਣ ਤੋਂ ਬਚ ਸਕਦਾ ਹੈ। ਮੁੱਖ ਮੰਤਰੀ ਸਿਹਤ ਯੋਜਨਾ ਅੱਜ ਪੰਜਾਬ ਦੇ ਹਜ਼ਾਰਾਂ ਗਰੀਬ ਪਰਿਵਾਰਾਂ ਲਈ ਇੱਕ ਜੀਵਨ-ਦਾਨ ਸਾਬਤ ਹੋ ਰਹੀ ਹੈ।
