ਮੋਹਾਲੀ 9 ਅਪ੍ਰੈਲ, 2026 (ਦੀਪਕ ਦੱਤਾ): ਪੰਜਾਬ ਵਿੱਚ ਬਿਜਲੀ ਵੰਡ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ, ਪਾਰਦਰਸ਼ੀ ਅਤੇ ਖਪਤਕਾਰ-ਕੇਂਦ੍ਰਿਤ ਬਣਾਉਣ ਵੱਲ ਇੱਕ ਮਹੱਤਵਪੂਰਨ ਉਪਰਾਲੇ ਦੀ ਲੜੀ ਵਿੱਚ ਪੰਜਾਬ ਸਰਕਾਰ ਨੇ ਮਾਣਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਅਤੇ ਮਾਣਯੋਗ ਬਿਜਲੀ ਮੰਤਰੀ ਸ੍ਰੀ ਸੰਜੀਵ ਅਰੋੜਾ ਦੀ ਅਗਵਾਈ ਹੇਠ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਨਵਾਂ ਮੁੱਖ ਇੰਜੀਨੀਅਰ/ਵੰਡ ਪੂਰਬ ਜ਼ੋਨ ਦਫ਼ਤਰ ਮੋਹਾਲੀ ਵਿਖੇ ਸਥਾਪਿਤ ਕੀਤਾ ਹੈ। ਇਹ ਉਪਰਾਲਾ ਬਿਜਲੀ ਪ੍ਰਸ਼ਾਸਨ ਨੂੰ ਹੋਰ ਸੁਚਾਰੂ ਬਣਾਉਣ ਦੇ ਨਾਲ-ਨਾਲ ਬਿਜਲੀ ਖਪਤਕਾਰਾਂ ਨੂੰ ਸਮੇਂ ਸਿਰ ਅਤੇ ਉੱਚ ਮਿਆਰੀ ਸੇਵਾਵਾਂ ਮੁਹੱਈਆ ਕਰਵਾਉਣ ਵੱਲ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗਾ।
ਨਵੇਂ ਜੋਨਲ ਦਫ਼ਤਰ ਦੀ ਸਥਾਪਨਾ ਨਾਲ ਬਿਜਲੀ ਪ੍ਰਬੰਧਨ ਵਿੱਚ ਫ਼ੈਸਲਾ ਲੈਣ ਦੀ ਪ੍ਰਕਿਰਿਆ ਹੋਰ ਤੇਜ਼ ਅਤੇ ਪ੍ਰਭਾਵਸ਼ਾਲੀ ਬਣੇਗੀ, ਜਦਕਿ ਫੀਲਡ ਪੱਧਰ ’ਤੇ ਨਿਗਰਾਨੀ ਅਤੇ ਕਾਰਗੁਜ਼ਾਰੀ ਵਿੱਚ ਵੀ ਲਾਭਕਾਰੀ ਸੁਧਾਰ ਆਏਗਾ।
ਇਸ ਨਾਲ ਬਿਜਲੀ ਖਪਤਕਾਰਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਸੰਭਵ ਹੋਵੇਗਾ ਅਤੇ ਬਿਜਲੀ ਖਪਤਕਾਰਾਂ ਨੂੰ ਸੇਵਾਵਾਂ ਦੇਣ ਦੇ ਮਾਪਦੰਡ ਹੋਰ ਉੱਚੇ ਹੋਣਗੇ।
ਪੰਜਾਬ ਸਰਕਾਰ ਦਾ ਇਹ ਦੂਰਅੰਦੇਸ਼ੀ ਫ਼ੈਸਲਾ ਸੂਬੇ ਵਿੱਚ ਮਜ਼ਬੂਤ ਬਿਜਲੀ ਢਾਂਚੇ, ਸੁਚਾਰੂ ਪ੍ਰਸ਼ਾਸਨਿਕ ਪ੍ਰਬੰਧ ਅਤੇ ਖਪਤਕਾਰਾਂ ਪ੍ਰਤੀ ਜ਼ਿੰਮੇਵਾਰ ਸੇਵਾਵਾਂ ਨੂੰ ਹੋਰ ਮਜ਼ਬੂਤੀ ਦੇਣ ਵਾਲਾ ਸਾਬਤ ਹੋਵੇਗਾ।
ਇਸ ਨਾਲ ਨਾ ਸਿਰਫ਼ ਬਿਜਲੀ ਪ੍ਰਬੰਧਨ ਵਿੱਚ ਕੁਸ਼ਲਤਾ ਵਧੇਗੀ, ਸਗੋਂ ਬਿਜਲੀ ਖਪਤਕਾਰਾਂ ਨੂੰ ਆਪਣੇ ਮਸਲਿਆਂ ਦੇ ਹੱਲ ਲਈ ਸਥਾਨਕ ਪੱਧਰ ’ਤੇ ਹੀ ਬਿਹਤਰ ਸਹੂਲਤਾਂ ਉਪਲਬਧ ਹੋਣਗੀਆਂ।
ਇਹ ਮਹਤਵਪੂਰਨ ਉਪਰਾਲਾ ਪੰਜਾਬ ਸਰਕਾਰ ਦੀ ਉਸ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜਿਸ ਤਹਿਤ ਬਿਜਲੀ ਖਪਤਕਾਰਾਂ ਨੂੰ ਪਾਰਦਰਸ਼ੀ ਅਤੇ ਭਰੋਸੇਯੋਗ ਬਿਜਲੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਸੁਧਾਰ ਕੀਤੇ ਜਾ ਰਹੇ ਹਨ।
ਇਹ ਨਵਾਂ ਪੂਰਬ ਵੰਡ ਜੋਨ ਪੰਜਾਬ ਦਾ ਛੇਵਾਂ ਡਿਸਟ੍ਰੀਬਿਊਸ਼ਨ ਜੋਨ ਹੈ, ਜਿਸ ਵਿੱਚ ਮੋਹਾਲੀ, ਏਅਰੋਸਿਟੀ, ਜ਼ੀਰਕਪੁਰ, ਲਾਲੜੂ, ਖਰੜ, ਕੁਰਾਲੀ, ਰੋਪੜ, ਸ੍ਰੀ ਆਨੰਦਪੁਰ ਸਾਹਿਬ ਅਤੇ ਸਮਰਾਲਾ ਮੰਡਲ ਸ਼ਾਮਲ ਕੀਤੇ ਗਏ ਹਨ। ਇਸ ਤੋਂ ਪਹਿਲਾਂ ਪਟਿਆਲਾ (ਸਾਊਥ), ਬਠਿੰਡਾ (ਵੈਸਟ), ਲੁਧਿਆਣਾ (ਸੈਂਟਰਲ), ਜਲੰਧਰ (ਨਾਰਥ) ਅਤੇ ਅੰਮ੍ਰਿਤਸਰ (ਬਾਰਡਰ) ਵਿੱਚ ਜੋਨਲ ਦਫ਼ਤਰ ਕਾਰਜਸ਼ੀਲ ਹਨ।
ਨਵੇਂ ਜੋਨ ਦੀ ਸਥਾਪਨਾ ਨਾਲ ਮੋਹਾਲੀ, ਜ਼ੀਰਕਪੁਰ ਅਤੇ ਰੋਪੜ ਸਰਕਲ ਹੁਣ ਇਸ ਦੇ ਅਧੀਨ ਆ ਜਾਣਗੇ, ਜਿਸ ਨਾਲ ਨਿਗਰਾਨੀ ਵਿੱਚ ਸੁਧਾਰ ਅਤੇ ਫੀਲਡ ਪੱਧਰ ’ਤੇ ਤੇਜ਼ ਕਾਰਵਾਈ ਸੰਭਵ ਹੋਵੇਗੀ।
ਇਸ ਦਫ਼ਤਰ ਦੀ ਸਥਾਪਨਾ ਨਾਲ ਲਗਭਗ 11 ਲੱਖ ਖਪਤਕਾਰਾਂ ਨੂੰ ਵੱਡਾ ਰਾਹਤ ਮਿਲੇਗੀ, ਕਿਉਂਕਿ ਹੁਣ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਲਈ ਪਟਿਆਲਾ ਜਾਣ ਦੀ ਲੋੜ ਨਹੀਂ ਰਹੇਗੀ ਅਤੇ ਮੋਹਾਲੀ ਵਿੱਚ ਹੀ ਸਾਰੀਆਂ ਬਿਜਲੀ ਸੇਵਾਵਾਂ ਉਪਲਬਧ ਹੋਣਗੀਆਂ। ਇਸ ਨਾਲ ਸਮੇਂ ਅਤੇ ਹੋਰ ਸਾਧਨਾਂ ਦੀ ਮਹੱਤਵਪੂਰਨ ਬਚਤ ਹੋਵੇਗੀ।
ਇੰਜ: ਰਤਨ ਮਿੱਤਲ ਨੇ ਮੁੱਖ ਇੰਜੀਨੀਅਰ ਪੂਰਬ ਵੰਡ ਵਜੋਂ ਅਹੁਦੇ ਦਾ ਚਾਰਜ ਸੰਭਾਲਿਆ
ਮੁੱਖ ਇੰਜੀਨੀਅਰ ਵਜੋਂ ਅਹੁਦਾ ਸੰਭਾਲਣ ਉਪਰੰਤ ਇੰਜ: ਰਤਨ ਮਿੱਤਲ ਨੇ ਐਲਾਨ ਕੀਤਾ ਕਿ ਘਰੇਲੂ, ਉਦਯੋਗਿਕ ਅਤੇ ਵਪਾਰਕ ਖਪਤਕਾਰਾਂ ਨੂੰ ਨਵੇਂ ਬਿਜਲੀ ਕੁਨੈਕਸ਼ਨ ਨਿਰਧਾਰਤ ਸਮਾਂ-ਸੀਮਾ ਵਿੱਚ ਜਾਰੀ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ।
ਉਨ੍ਹਾਂ ਭਰੋਸਾ ਦਿਵਾਇਆ ਕਿ ਬਿਜਲੀ ਸਪਲਾਈ ਬੰਦ ਹੋਣ ਜਾਂ ਹੋਰ ਸ਼ਿਕਾਇਤਾਂ ਦਾ ਨਿਪਟਾਰਾ ਤੇਜ਼ੀ ਅਤੇ ਕੁਸ਼ਲਤਾ ਨਾਲ ਕੀਤਾ ਜਾਵੇਗਾ।
ਭ੍ਰਿਸ਼ਟਾਚਾਰ ਵਿਰੁੱਧ ਸਖ਼ਤ ਰੁੱਖ ਅਪਣਾਉਂਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਹਰ ਪੱਧਰ ’ਤੇ ਜ਼ੀਰੋ ਟੋਲਰੈਂਸ ਨੀਤੀ ਲਾਗੂ ਕੀਤੀ ਜਾਵੇਗੀ। ਉਨ੍ਹਾਂ ਬਿਜਲੀ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਵੀ ਤਰ੍ਹਾਂ ਦੀ ਨਾਜਾਇਜ਼ ਮੰਗ ਜਾਂ ਗੈਰ-ਵਾਜਬ ਦੇਰੀ ਦਾ ਸਾਹਮਣਾ ਕਰਨਾ ਪਵੇ ਤਾਂ ਤੁਰੰਤ ਸ਼ਿਕਾਇਤ ਦਰਜ ਕਰਵਾਈ ਜਾਵੇ, ਜਿਸ ’ਤੇ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇਗੀ।
ਰੋਸ਼ਨ ਪੰਜਾਬ ਮਿਸ਼ਨ’ ਹੇਠ ₹893 ਕਰੋੜ ਦੇ ਢਾਂਚਾਗਤ ਵਿਕਾਸ ਕਾਰਜ ਜਾਰੀ
ਪੰਜਾਬ ਸਰਕਾਰ ਦੇ ਵਿਜ਼ਨ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ‘ਰੋਸ਼ਨ ਪੰਜਾਬ ਮਿਸ਼ਨ’ ਹੇਠ ਪੂਰਬ ਜੋਨ ਵਿੱਚ ₹893 ਕਰੋੜ ਦੇ ਢਾਂਚਾਗਤ ਕੰਮ ਮਾਣਯੋਗ ਪ੍ਰਿੰਸੀਪਲ ਸਕੱਤਰ-ਕਮ-ਸੀਐਮਡੀ, PSPCL, ਡਾ. ਬਸੰਤ ਗਰਗ (IAS) ਅਤੇ
ਡਾਇਰੈਕਟਰ/ਡਿਸਟ੍ਰੀਬਿਊਸ਼ਨ,ਇੰਜ ਇੰਦਰਪਾਲ ਸਿੰਘ ਜੀ,ਦੀ ਦੇਖ-ਰੇਖ ਹੇਠ ਜਾਰੀ ਹਨ।
ਮੁੱਖ ਪਹਲਾਂ ਵਿੱਚ ਟ੍ਰਾਂਸਮਿਸ਼ਨ ਪ੍ਰਣਾਲੀ ਦੀ ਮਜ਼ਬੂਤੀ, 215 ਓਵਰਲੋਡਡ 11 ਕੇਵੀ ਫੀਡਰਾਂ ਦੀ ਡੀਲੋਡਿੰਗ, 515 ਨਵੇਂ ਡਿਸਟ੍ਰੀਬਿਊਸ਼ਨ ਟ੍ਰਾਂਸਫਾਰਮਰ (DTs) ਦੀ ਸਥਾਪਨਾ ਅਤੇ 842 ਮੌਜੂਦਾ ਡੀਟੀਜ਼ ਦੀ ਸਮਰੱਥਾ ਵਧਾਉਣਾ ਸ਼ਾਮਲ ਹੈ।
ਇੰਜ: ਮਿੱਤਲ ਨੇ ਜ਼ੋਰ ਦੇ ਕੇ ਕਿਹਾ ਇਹ ਉਪਰਾਲੇ ਬਿਜਲੀ ਸਪਲਾਈ ਪ੍ਰਣਾਲੀ ਦੀ ਭਰੋਸੇਯੋਗਤਾ ਨੂੰ ਮਜ਼ਬੂਤ ਕਰਨ, ਨੁਕਸਾਨ ਘਟਾਉਣ ਅਤੇ ਉਪਭੋਗਤਾਵਾਂ ਨੂੰ ਸਥਿਰ ਅਤੇ ਗੁਣਵੱਤਾ ਯੁਕਤ ਵੋਲਟੇਜ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਸਾਬਤ ਹੋਣਗੇ।
ਡਿਜੀਟਲ ਸਹੂਲਤਾਂ ਰਾਹੀਂ ਸ਼ਿਕਾਇਤ ਨਿਵਾਰਨ ਪ੍ਰਣਾਲੀ ਹੋਰ ਮਜ਼ਬੂਤ
ਬਿਜਲੀ ਖਪਤਕਾਰਾਂ ਨੂੰ ਅਸਾਨ ਅਤੇ ਤੇਜ਼ ਸੇਵਾਵਾਂ ਮੁਹੱਈਆ ਕਰਵਾਉਣ ਲਈ ਇੰਜ: ਮਿੱਤਲ ਨੇ ਡਿਜੀਟਲ ਪਲੇਟਫਾਰਮਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਖਪਤਕਾਰ ਹੇਠ ਲਿਖੇ ਮਾਧਿਅਮਾਂ ਰਾਹੀਂ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ:
24×7 ਹੈਲਪਲਾਈਨ 1912
SMS ਸੇਵਾ 1912 ’ਤੇ “NO SUPPLY” ਭੇਜੋ
ਮਿਸਡ ਕਾਲ ਸੇਵਾ
1800-180-1512
ਵਟਸਐੱਪ ਸੇਵਾ 96461-01912 ’ਤੇ “NO SUPPLY” ਭੇਜੋ
ਪੀ.ਐੱਸ.ਪੀ.ਸੀ.ਐੱਲ. ਕੰਜ਼ਿਊਮਰ ਸਰਵਿਸਿਜ਼ ਮੋਬਾਈਲ ਐਪ(Android/iOS)*
ਇਸ ਤੋਂ ਇਲਾਵਾ, ਮੰਡਲ ਪੱਧਰ ’ਤੇ ਵੀ 24×7 ਨੋਡਲ ਕੰਪਲੇਟ ਸੈਂਟਰ ਕਾਰਜਸ਼ੀਲ ਹਨ ਜੋ ਸਥਾਨਕ ਪੱਧਰ ’ਤੇ ਸ਼ਿਕਾਇਤਾਂ ਦਾ ਤੇਜ਼ ਅਤੇ ਪ੍ਰਭਾਵਸ਼ਾਲੀ ਨਿਪਟਾਰਾ ਯਕੀਨੀ ਬਣਾਉਣਗੇ।
ਇੰਜ: ਰਤਨ ਮਿੱਤਲ ਨੇ ਵਿਸ਼ਵਾਸ ਜਤਾਇਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪ੍ਰਬੰਧਨ ਦੀ ਮਜ਼ਬੂਤ ਅਗਵਾਈ, ਫੀਲਡ ਸਟਾਫ਼ ਦੀ ਸਮਰਪਿਤ ਸੇਵਾ ਅਤੇ ਖਪਤਕਾਰਾਂ ਦੇ ਸਹਿਯੋਗ ਨਾਲ ਪੂਰਬ ਜ਼ੋਨ, ਮੋਹਾਲੀ ਪੰਜਾਬ ਵਿੱਚ ਭਰੋਸੇਯੋਗ, ਪਾਰਦਰਸ਼ੀ ਅਤੇ ਖਪਤਕਾਰ-ਹਿਤੈਸ਼ੀ ਬਿਜਲੀ ਵੰਡ ਦੇ ਨਵੇਂ ਮਾਪਦੰਡ ਸਥਾਪਿਤ ਕਰੇਗਾ।
