ਪਟਿਆਲਾ, 7 ਅਪ੍ਰੈਲ: (ਛਤਰਪਾਲ ਸਿੰਘ) ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਉਮੰਗ ਵੈਲਫ਼ੇਅਰ ਫਾਊਂਡੇਸ਼ਨ ਵੱਲੋਂ ਵਾਤਾਵਰਣ ਦੀ ਸੰਭਾਲ ਅਤੇ ਹਰਿਆਵਲ ਨੂੰ ਉਤਸ਼ਾਹਿਤ ਕਰਨ ਲਈ ਐਸ.ਓ.ਐਸ. ਚਿਲਡਰਨ ਵਿਲੇਜ ਰਾਜਪੁਰਾ ਵਿਖੇ ਵਿਸ਼ੇਸ਼ ਪੌਦਾਰੋਪਣ ਮੁਹਿੰਮ ਚਲਾਈ ਗਈ। ਇਸ ਨੇਕ ਉਪਰਾਲੇ ਵਿੱਚ ਰਜਿੰਦਰ ਖੰਨਾ ਵੱਲੋਂ ਖ਼ਾਸ ਸਹਿਯੋਗ ਦਿੱਤਾ ਗਿਆ।
ਮੁਹਿੰਮ ਦੌਰਾਨ ਫਾਊਂਡੇਸ਼ਨ ਦੇ ਮੈਂਬਰਾਂ ਅਤੇ ਹੋਰ ਪਤਵੰਤੇ ਸੱਜਣਾਂ ਨੇ ਮਿਲ ਕੇ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ। ਇਸ ਮੌਕੇ ਬੋਲਦਿਆਂ ਫਾਊਂਡੇਸ਼ਨ ਦੇ ਜਰਨਲ ਸਕੱਤਰ ਰਜਿੰਦਰ ਸਿੰਘ ਸੂਦਨ ਨੇ ਕਿਹਾ ਕਿ ਵਧ ਰਹੀ ਗਰਮੀ ਅਤੇ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਪੌਦਾਰੋਪਣ ਅੱਜ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੰਸਥਾ ਵੱਲੋਂ ਸਿਰਫ਼ ਪੌਦੇ ਲਗਾਏ ਹੀ ਨਹੀਂ ਜਾਂਦੇ, ਸਗੋਂ ਉਨ੍ਹਾਂ ਦੀ ਸੰਭਾਲ ਅਤੇ ਪਾਲਣਾ ਦੀ ਪੂਰੀ ਜ਼ਿੰਮੇਵਾਰੀ ਵੀ ਨਿਭਾਈ ਜਾਂਦੀ ਹੈ।
ਐਸ.ਓ.ਐਸ. ਵਿਲੇਜ ਦੇ ਆਗੂਆਂ ਨੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੀਆਂ ਮੁਹਿੰਮਾਂ ਨਾਲ ਆਲੇ-ਦੁਆਲੇ ਦੀ ਸੁੰਦਰਤਾ ਵਧਦੀ ਹੈ ਅਤੇ ਬੱਚਿਆਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਹੁੰਦੀ ਹੈ। ਅੰਤ ਵਿੱਚ ਵਿਲੇਜ ਪ੍ਰਬੰਧਕਾਂ ਵੱਲੋਂ ਉਮੰਗ ਵੈਲਫ਼ੇਅਰ ਫਾਊਂਡੇਸ਼ਨ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਇਸ ਮੌਕੇ ਫਾਊਂਡੇਸ਼ਨ ਦੇ ਪ੍ਰਧਾਨ ਅਰਵਿੰਦਰ ਸਿੰਘ, ਵਿਮਲ ਸ਼ਰਮਾ, ਯੋਗੇਸ਼ ਪਾਠਕ, ਪਰਮਜੀਤ ਸਿੰਘ ਸਮੇਤ ਹੋਰ ਮੈਂਬਰ ਅਤੇ ਐਸ.ਓ.ਐਸ. ਵਿਲੇਜ ਤੋਂ ਸੁਸ਼ਮਾ ਕਾਕਰੂ (ਵਿਲੇਜ ਇੰਚਾਰਜ), ਰਵੀ ਪਾਂਡੇ, ਕਰਣਦੀਪ ਸਿੰਘ, ਮੋਹਨ ਗੌਤਮ, ਜੌਇ ਵਰਮਾ (ਕੋਆਰਡੀਨੇਟਰ) ਅਤੇ ਸੂਰਜ ਕੁਮਾਰ (ਗਾਰਡਨਰ) ਸਮੇਤ ਕਈ ਮੋਹਤਬਰ ਸ਼ਖ਼ਸੀਅਤਾਂ ਹਾਜ਼ਰ ਸਨ। ਸਭ ਨੇ ਭਵਿੱਖ ਵਿੱਚ ਵੀ ਅਜਿਹੇ ਸਮਾਜ ਭਲਾਈ ਦੇ ਉਪਰਾਲੇ ਜਾਰੀ ਰੱਖਣ ਦਾ ਸੰਕਲਪ ਕੀਤਾ।
