ਚੰਡੀਗੜ੍ਹ: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਹੈ ਕਿ ਆਬਕਾਰੀ ਅਤੇ ਕਰ ਵਿਭਾਗ ਨੇ ਵਿੱਤੀ ਸਾਲ 2025-26 ਦੌਰਾਨ ਮਾਲੀਆ ਉਗਰਾਹੀ ਵਿੱਚ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਹੈ। ਵਿਭਾਗ ਨੇ 11,200 ਕਰੋੜ ਰੁਪਏ ਦੇ ਸੋਧੇ ਟੀਚੇ ਦੇ ਮੁਕਾਬਲੇ 31 ਮਾਰਚ 2026 ਤੱਕ 11,782 ਕਰੋੜ ਰੁਪਏ ਇਕੱਠੇ ਕਰਕੇ 582 ਕਰੋੜ ਰੁਪਏ ਵੱਧ ਮਾਲੀਆ ਪ੍ਰਾਪਤ ਕੀਤਾ।
ਵਿੱਤ ਮੰਤਰੀ ਚੀਮਾ ਨੇ ਇਸ ਸਫਲਤਾ ਦਾ ਸਿਹਰਾ ਸੂਬਾ ਸਰਕਾਰ ਦੀ ਵਪਾਰ-ਪੱਖੀ ਨੀਤੀਆਂ ਅਤੇ ਸੁਚਾਰੂ ਪ੍ਰਸ਼ਾਸਨ ਨੂੰ ਦਿੱਤਾ। ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਸਾਲਾਂ ਵਿੱਚ ਆਬਕਾਰੀ ਮਾਲੀਆ ਲਗਭਗ ਦੁੱਗਣਾ ਹੋ ਗਿਆ ਹੈ, ਜੋ 6,254.84 ਕਰੋੜ ਰੁਪਏ ਤੋਂ ਵੱਧ ਕੇ 11,782 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।
ਅਗਲੇ ਵਿੱਤੀ ਸਾਲ 2026-27 ਲਈ ਸਰਕਾਰ ਨੇ 12,800 ਕਰੋੜ ਰੁਪਏ ਦਾ ਨਵਾਂ ਟੀਚਾ ਨਿਰਧਾਰਤ ਕੀਤਾ ਹੈ। ਇਸਦੇ ਨਾਲ ਹੀ ਲਾਇਸੈਂਸ ਫੀਸ ਦਾ ਟੀਚਾ 10,520 ਕਰੋੜ ਰੁਪਏ ਰੱਖਿਆ ਗਿਆ ਹੈ, ਜੋ ਪਿਛਲੇ ਸਾਲ ਦੇ 9,877 ਕਰੋੜ ਰੁਪਏ ਨਾਲੋਂ ਵੱਧ ਹੈ।
ਚੀਮਾ ਨੇ ਦੱਸਿਆ ਕਿ ਸੂਬੇ ਦੇ ਸਾਰੇ 207 ਪ੍ਰਚੂਨ ਸ਼ਰਾਬ ਗਰੁੱਪ 2026-27 ਲਈ ਅਲਾਟ ਕੀਤੇ ਜਾ ਚੁੱਕੇ ਹਨ, ਜੋ ਕਿ ਆਬਕਾਰੀ ਨੀਤੀ ‘ਤੇ ਲਾਇਸੈਂਸਧਾਰਕਾਂ ਦੇ ਭਰੋਸੇ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਨੀਤੀ ਸੂਬੇ ਦੇ ਖਜ਼ਾਨੇ ਵਿੱਚ ਮਾਲੀਏ ਦੇ ਲਗਾਤਾਰ ਪ੍ਰਵਾਹ ਅਤੇ ਸ਼ਰਾਬ ਵਪਾਰ ਵਿੱਚ ਸਥਿਰਤਾ ਨੂੰ ਯਕੀਨੀ ਬਣਾਉਣ ਵਿੱਚ ਮਦਦਗਾਰ ਸਾਬਤ ਹੋ ਰਹੀ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਮਜ਼ਬੂਤ ਇਨਫੋਰਸਮੈਂਟ, ਬਿਹਤਰ ਪਾਲਣਾ ਪ੍ਰਣਾਲੀਆਂ ਅਤੇ ਰਣਨੀਤਕ ਨੀਤੀਗਤ ਕਦਮਾਂ ਰਾਹੀਂ ਆਉਣ ਵਾਲੇ ਸਾਲਾਂ ਵਿੱਚ ਵੀ ਮਾਲੀਆ ਵਧਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
