ਉਜਾਗਰ ਸਿੰਘ :
ਪੰਜਾਬ ਕਾਂਗਰਸ ਦੇ ਸਭ ਤੋਂ ਸੀਨੀਅਰ ਦਿਗਜ਼ ਨੇਤਾ ਲਾਲ ਸਿੰਘ 84 ਸਾਲ ਦੀ ਉਮਰ ਵਿੱਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। 1977 ਤੋਂ ਲੈ ਕੇ ਲਗਪਗ ਅੱਧੀ ਸਦੀ ਉਹ ਪੰਜਾਬ ਕਾਂਗਰਸ ਦੀ ਸਿਆਸਤ ਵਿੱਚ ਧਰੂ ਤਾਰੇ ਦੀ ਤਰ੍ਹਾਂ ਚਮਕਦੇ ਰਹੇ। ਉਸਨੂੰ ਮਾਣ ਜਾਂਦਾ ਹੈ ਕਿ ਉੁਹ ਪੰਜਾਬ ਦੇ ਦਰਬਾਰਾ ਸਿੰਘ, ਬੇਅੰਤ ਸਿੰਘ, ਹਰਚਰਨ ਸਿੰਘ ਬਰਾੜ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦਾ ਚਹੇਤਾ ਰਿਹਾ ਹੈ। ਉਹ ਟਕਸਾਲੀ ਕਾਂਗਰਸੀ ਸੀ। ਜਿਸ ਦਿਨ ਤੋਂ ਉਹ ਕਾਂਗਰਸ ਵਿੱਚ ਆਇਆ ਮੁੜਕੇ ਕਦੀ ਵੀ ਕਾਂਗਰਸ ਤੋਂ ਮੁੱਖ ਨਹੀਂ ਮੋੜਿਆ। ਉਸਨੇ ਆਪਣਾ ਸਿਆਸੀ ਜੀਵਨ ਪਟਿਆਲਾ ਤੋਂ ਲੋਕ ਸਭਾ ਦੇ ਮੇਂਬਰ ਸਤ ਪਾਲ ਕਪੂਰ ਦੇ ਨਿੱਜੀ ਸਕੱਤਰ ਤੋਂ ਸ਼ੁਰੂ ਕਰਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਤੱਕ ਪਹੁੰਚ ਗਿਆ।
ਕਾਂਗਰਸ ਪਾਰਟੀ ਦੀਆਂ ਮੀਟਿੰਗਾਂ ਲਈ ਦਰੀਆਂ ਵਿਛਾਉਣ ਤੋਂ ਲੈ ਕੇ ਕਾਂਗਰਸ ਪਾਰਟੀ ਦੇ ਸਟੇਟ ਪੱਧਰ ਦੇ ਸਮਾਗਮਾ ਦੀ ਪ੍ਰਧਾਨਗੀ ਕਰਦਾ ਰਿਹਾ। ਭਾਵੇਂ ਉਹ ਬਹੁਤਾ ਪੜ੍ਹਿਆ ਲਿਖਿਆ ਨਹੀਂ ਸੀ, ਪ੍ਰੰਤੂ ਸਿਆਸਤ ਵਿੱਚ ਉਹ ਇਤਨਾ ਗੁੜ੍ਹਿਆ ਹੋਇਆ ਸੀ ਕਿ ਛੇਤੀ ਕੀਤਿਆਂ ਕਦੇ ਮਾਰ ਨਹੀਂ ਖਾਧੀ। ਉਹ ਇੱਕ ਅਜਿਹਾ ਤਿਗੜਬਾਜ਼ ਹੰਢਿਆ ਵਰਤਿਆ ਸਿਆਸਤਦਾਨ ਸੀ, ਜਿਹੜਾ ਆਪਣੀ ਲਿਆਕਤ ਨਾਲ ਕਹਿੰਦੇ ਕਹਾਉਂਦੇ ਸਿਆਸਤਦਾਨਾ ਨੂੰ ਉਂਗਲਾਂ ‘ਤੇ ਨਚਾਉਂਦਾ ਰਿਹਾ ਹੈ। ਉਸਦੀ ਸਫਲਤਾ ਦਾ ਸਭ ਤੋਂ ਵੱਡਾ ਰਾਜ ਇਹ ਸੀ ਕਿ ਉਹ ਜਿਸ ਵੀ ਸਿਆਸਤਦਾਨ ਨਾਲ ਜਿਤਨਾ ਸਮਾਂ ਰਿਹਾ , ਉਹ ਉਸਦਾ ਵਫ਼ਾਦਾਰ ਰਿਹਾ, ਪ੍ਰੰਤੂ ਜਦੋਂ ਉਹ ਉਸ ਸਿਆਸਤਦਾਨ ਤੋਂ ਦੂਰ ਹੋ ਗਿਆ ਤਾਂ ਉਸਦਾ ਸਭ ਤੋਂ ਵੱਡਾ ਸਿਆਸੀ ਵਿਰੋਧੀ ਬਣਕੇ ਵਿਚਰਿਆ। ਸਭ ਤੋਂ ਪਹਿਲਾਂ ਡਕਾਲਾ ਹਲਕੇ ਤੋਂ ਲਾਲ ਸਿੰਘ ਨੂੰ ਟਿਕਟ ਮਿਲਣ ਦਾ ਕਿੱਸਾ ਵਿਲੱਖਣ ਕਿਸਮ ਦਾ ਹੈ।
