Home ਪਟਿਆਲਾ ਅਪਡੇਟ 12ਵਾਂ ਪੰਜ-ਰੋਜ਼ਾ ਪੰਜਾਬੀ ਯੂਨੀਵਰਸਿਟੀ ਪੁਸਤਕ ਮੇਲੇ  ਅਤੇ ਸਾਹਿਤ ਉਤਸਵ ਦਾ ਉਦਘਾਟਨ ਅੱਜ 30 ਮਾਰਚ ਤੋਂ...

12ਵਾਂ ਪੰਜ-ਰੋਜ਼ਾ ਪੰਜਾਬੀ ਯੂਨੀਵਰਸਿਟੀ ਪੁਸਤਕ ਮੇਲੇ  ਅਤੇ ਸਾਹਿਤ ਉਤਸਵ ਦਾ ਉਦਘਾਟਨ ਅੱਜ 30 ਮਾਰਚ ਤੋਂ ਆਰੰਭ:

0

ਪਟਿਆਲਾ, 29 ਮਾਰਚ:(ਸ਼.ਅ.ਬਿਓਰੋ)ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ’12ਵਾਂ ਪੰਜ-ਰੋਜ਼ਾ ਪੰਜਾਬੀ ਯੂਨੀਵਰਸਿਟੀ ਪੁਸਤਕ ਮੇਲਾ ਅਤੇ ਸਾਹਿਤ ਉਤਸਵ–2026′ ਅੱਜ 30 ਮਾਰਚ ਤੋਂ ਆਰੰਭ  ਹੋ ਰਿਹਾ ਹੈ। ਇਹ ਸੂਚਨਾ ਦਿੰਦੇ ਹੋਏ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਪਿੱਛੇ ਵਾਲੇ ਮੈਦਾਨ ਵਿਚ ਇਸ ਵਿਸ਼ਾਲ ਸਮਾਗਮ ਦਾ ਆਰੰਭ 30 ਮਾਰਚ, 2026 ਨੂੰ ਸਵੇਰੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਕਮਲਜੀਤ ਸਿੰਘ ਵੱਲੋਂ ਗੁਰਬਾਣੀ ਕੀਰਤਨ ਨਾਲ ਹੋਵੇਗਾ। ਇਸ ਸਾਹਿਤ ਉਤਸਵ ਦਾ ਉਦਘਾਟਨੀ ਸਮਾਰੋਹ ਸਵੇਰੇ 11: 30 ਵਜੇ ਸ਼ਮ੍ਹਾ ਰੋਸ਼ਨ ਨਾਲ ਹੋਵੇਗਾ ਜਿਸ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ–ਕੁਲਪਤੀ  ਡਾ. ਜਗਦੀਪ ਸਿੰਘ ਕਰਨਗੇ  ਇਸ ਉਦਘਾਟਨੀ ਸਮਾਰੋਹ ਵਿਚ ਪ੍ਰਸਿੱਧ ਲੇਖਕ ਤੇ ਅਨੁਵਾਦਕ ਜੰਗ ਬਹਾਦਰ ਗੋਇਲ ਮੁਖ ਭਾਸ਼ਣ ਦੇਣਗੇ ਜਦੋ ਕਿ ਸਾਹਿਤ ਅਕਾਦਮੀ ਐਵਾਰਡੀ ਪ੍ਰੋ. ਵਰਿਆਮ ਸਿੰਘ ਸੰਧੂ ਮੁੱਖ ਮਹਿਮਾਨ ਅਤੇ ਡਾ. ਰਘਬੀਰ ਸਿੰਘ ਸਿਰਜਣਾ ਵਿਸ਼ੇਸ਼ ਮਹਿਮਾਨ ਹੋਣਗੇ। ਇਸ ਦੌਰਾਨ ਸਰਦਾਰ ਪੰਛੀ, ਓਮ ਪ੍ਰਕਾਸ਼ ਗਾਸੋ, ਕਿਰਪਾਲ ਸਿੰਘ ਪੰਨੂੰ, ਕਾਨਾ ਸਿੰਘ ਅਤੇ ਡਾ. ਕਮਲੇਸ਼ ਉੱਪਲ ਦਾ ਸਨਮਾਨ ਕੀਤਾ ਜਾਵੇਗਾ । ਬਾਅਦ ਦੁਪਹਿਰ 2 ਵਜੇ ਕਵੀ ਦਰਬਾਰ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿਚ ਪ੍ਰਧਾਨਗੀ ਅਤੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕ੍ਰਮਵਾਰ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਅਤੇ ਡਾ. ਲਖਵਿੰਦਰ ਸਿੰਘ ਜੌਹਲ ਕਰਨਗੇ।। ਇਸ ਕਵੀ ਦਰਬਾਰ ਵਿਚ ਗੁਰਦਿਆਲ ਰੌਸ਼ਨ, ਦਰਸ਼ਨ ਬੁੱਟਰ, ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਪਾਲ ਗੁਰਦਾਸਪੁਰੀ, ਮਨਜਿੰਦਰ ਧਨੋਆ, ਭੁਪਿੰਦਰ ਕੌਰ ਪ੍ਰੀਤ, ਮੋਹਨ ਤਿਆਗੀ, ਸਿਮਰਤ ਸੁਮੈਰਾ ਅਤੇ ਗੁਰਸੇਵਕ ਲੰਬੀ ਸ਼ਾਮਿਲ ਹੋਣਗੇ। ਮੰਚ ਸੰਚਾਲਨ ਡਾ. ਰਾਜਵੰਤ ਕੌਰ ਪੰਜਾਬੀ ਕਰਨਗੇ। ਬਾਅਦ ਦੁਪਹਿਰ 3:30 ਵਜੇ ਦੂਜੀ ਬੈਠਕ ਵਿਚ ਪ੍ਰਸਿੱਧ ਗਲਪਕਾਰ ਡਾ. ਬਲਵਿੰਦਰ ਕੌਰ ਬਰਾੜ ਨਾਲ ਡਾ. ਚਰਨਜੀਤ ਕੌਰ ਵੱਲੋਂ ਸੰਵਾਦ ਰਚਾਇਆ ਜਾਵੇਗਾ। ਸਭਿਆਚਾਰਕ ਸ਼ਾਮ ਦੀ ਪ੍ਰਧਾਨਗੀ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਕਰਨਗੇ ਅਤੇ ਮੁੱਖ ਮਹਿਮਾਨ ਡਾ. ਅਜੈ ਕੁਮਾਰ ਹੋਣਗੇ। ਇਸ ਸਮਾਗਮ ਵਿਚ ਗੀਤ, ਲੋਕਗੀਤ, ਮਿਮਿਕਰੀ, ਕਲੀ ਗਾਇਨ ਅਤੇ ਭੰਡ ਆਦਿ ਦੀਆਂ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ।  ਜਿ਼ਕਰਯੋਗ ਹੈ ਕਿ ਇਸ ਪੁਸਤਕ ਮੇਲੇ ਤੇ ਸਾਹਿਤਕ ਉਤਸਵ ਵਿਚ ਵੱਡੀ ਪੱਧਰ ਤੇ ਪ੍ਰਕਾਸ਼ਾਕ ਅਤੇ ਪੁਸਤਕ ਵਿਕ੍ਰੇਤਾ ਸ਼ਾਮਿਲ ਹੋ ਰਹੇ ਹਨ ਅਤੇ ਪੁਸਤਕ ਤੇ ਸਾਹਿਤ ਪ੍ਰੇਮੀਆਂ ਦਾ ਖ਼ਾਸ ਉਤਸਾਹ ਨਜ਼ਰ ਆ ਰਿਹਾ ਹੈ।

Exit mobile version