ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਟੈਕਸ ਚੋਰਾਂ ਨੂੰ ਸਖ਼ਤ ਚੇਤਾਵਨੀ; 50 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਤੈਅ
ਚੰਡੀਗੜ੍ਹ, 27 ਮਾਰਚ (ਛਤਰਪਾਲ ਸਿੰਘ): ਪੰਜਾਬ ਦੇ ਵਿੱਤ, ਯੋਜਨਾ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਟੈਕਸ ਚੋਰੀ ਕਰਨ ਵਾਲਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਇੱਕ ਵੱਡੀ ਸਫਲਤਾ ਦਾ ਖੁਲਾਸਾ ਕੀਤਾ ਹੈ। ਕਰ ਵਿਭਾਗ ਨੇ ਸੂਬੇ ਭਰ ਵਿੱਚ ਤਾਲਮੇਲ ਵਾਲੀ ਇਨਫੋਰਸਮੈਂਟ ਮੁਹਿੰਮ ਚਲਾ ਕੇ ਲਗਭਗ 1.5 ਕਰੋੜ ਰੁਪਏ ਦੇ ਅਣ-ਅਕਾਊਂਟਿਡ (ਬਿਨਾਂ ਹਿਸਾਬ ਵਾਲੇ) ਤੰਬਾਕੂ ਉਤਪਾਦਾਂ ਦਾ ਪਤਾ ਲਗਾਇਆ ਹੈ।
ਚਾਰ ਸ਼ਹਿਰਾਂ ਵਿੱਚ ਇੱਕੋ ਸਮੇਂ ਛਾਪੇਮਾਰੀ
ਵਿੱਤ ਮੰਤਰੀ ਨੇ ਦੱਸਿਆ ਕਿ ਤੰਬਾਕੂ ਉਤਪਾਦਾਂ ‘ਤੇ ਟੈਕਸ ਦਰਾਂ ਵਧਣ ਤੋਂ ਬਾਅਦ ਟੈਕਸ ਚੋਰੀ ਦੀਆਂ ਰਿਪੋਰਟਾਂ ਮਿਲ ਰਹੀਆਂ ਸਨ। ਇਸ ‘ਤੇ ਕਾਰਵਾਈ ਕਰਦਿਆਂ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਜਲੰਧਰ ਦੀਆਂ ਇਨਵੈਸਟੀਗੇਸ਼ਨ ਟੀਮਾਂ ਨੇ 8 ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ। ਜਾਂਚ ਦੌਰਾਨ 5 ਰਜਿਸਟਰਡ ਅਤੇ 3 ਬਿਨਾਂ ਰਜਿਸਟ੍ਰੇਸ਼ਨ ਤੋਂ ਚੱਲ ਰਹੇ ਕਾਰੋਬਾਰਾਂ ਦੀ ਪਛਾਣ ਕੀਤੀ ਗਈ।
ਭਾਰੀ ਮਾਤਰਾ ਵਿੱਚ ਸਾਮਾਨ ਬਰਾਮਦ
ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਕੀਤੀ ਗਈ ਬਾਰੀਕੀ ਨਾਲ ਚੈਕਿੰਗ ਦੌਰਾਨ ਵੱਡੀ ਮਾਤਰਾ ਵਿੱਚ ਨਜਾਇਜ਼ ਸਟਾਕ ਮਿਲਿਆ, ਜਿਸ ਵਿੱਚ ਸ਼ਾਮਲ ਹਨ:
-
ਸਿਗਰਟਾਂ: 1.32 ਲੱਖ ਭਾਰਤੀ ਅਤੇ ਕਈ ਵਿਦੇਸ਼ੀ ਸਿਗਰਟਾਂ ਦੇ ਪੈਕੇਟ।
-
ਬੀੜੀਆਂ ਤੇ ਜ਼ਰਦਾ: 18,472 ਬੀੜੀਆਂ ਦੇ ਪੈਕੇਟ ਅਤੇ 302 ਜ਼ਰਦੇ ਦੇ ਪੈਕੇਟ।
-
ਹੋਰ ਸਾਮਾਨ: 13,000 ਲਾਈਟਰ, ਵਿਦੇਸ਼ੀ ਹੁੱਕੇ ਦਾ ਸਾਮਾਨ ਅਤੇ ਕੂਲਿਪ ਦੇ ਪੈਕੇਟ।
50 ਲੱਖ ਰੁਪਏ ਤੋਂ ਵੱਧ ਦੀ ਟੈਕਸ ਦੇਣਦਾਰੀ
ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਜ਼ਬਤ ਕੀਤੇ ਗਏ ਸਾਮਾਨ ‘ਤੇ 50 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਅਤੇ ਟੈਕਸ ਵਸੂਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 12 ਲੱਖ ਰੁਪਏ ਦੀ ਰਕਮ ਮੌਕੇ ‘ਤੇ ਹੀ ਵਸੂਲ ਲਈ ਗਈ ਹੈ ਅਤੇ ਬਾਕੀ ਕਾਰਵਾਈ ਤੇਜ਼ੀ ਨਾਲ ਜਾਰੀ ਹੈ।
‘ਜ਼ੀਰੋ-ਟਾਲਰੈਂਸ’ ਨੀਤੀ ਦਾ ਦੁਹਰਾਅ
ਵਿੱਤ ਮੰਤਰੀ ਨੇ ਸਪੱਸ਼ਟ ਕੀਤਾ ਕਿ ਭਗਵੰਤ ਮਾਨ ਸਰਕਾਰ ਟੈਕਸ ਚੋਰੀ ਵਿਰੁੱਧ ‘ਜ਼ੀਰੋ-ਟਾਲਰੈਂਸ’ ਨੀਤੀ ‘ਤੇ ਚੱਲ ਰਹੀ ਹੈ। ਉਨ੍ਹਾਂ ਵਪਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਉਹ ਆਪਣੇ ਕਾਰੋਬਾਰ ਦੇ ਸਹੀ ਦਸਤਾਵੇਜ਼ ਰੱਖਣ ਅਤੇ ਨਿਯਮਾਂ ਦੀ ਪਾਲਣਾ ਕਰਨ, ਨਹੀਂ ਤਾਂ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਸੂਬੇ ਦੇ ਮਾਲੀਏ ਨੂੰ ਸੁਰੱਖਿਅਤ ਕਰਨ ਲਈ ਅਜਿਹੀਆਂ ਕਾਰਵਾਈਆਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ।
