Home ਪਟਿਆਲਾ ਅਪਡੇਟ ਸਰਬ ਭਾਰਤੀ ਵੈਟਰਨ ਖੇਡਾਂ ਵਿੱਚ ਸਹਾਇਕ ਡਾਇਰੈਕਟਰ ਡਾ. ਹਰਨੇਕ ਢੋਟ ਨੇ ਜਿੱਤਿਆ...

ਸਰਬ ਭਾਰਤੀ ਵੈਟਰਨ ਖੇਡਾਂ ਵਿੱਚ ਸਹਾਇਕ ਡਾਇਰੈਕਟਰ ਡਾ. ਹਰਨੇਕ ਢੋਟ ਨੇ ਜਿੱਤਿਆ ਗੋਲਡ ਮੈਡਲ

0

ਪਟਿਆਲਾ 21 ਮਾਰਚ (ਛਤਰਪਾਲ ਸਿੰਘ): ਪਿਛਲੇ ਦਿਨੀਂ 14 ਮਾਰਚ ਤੋਂ 16 ਮਾਰਚ, 2026 ਤੱਕ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ, ਬਠਿੰਡਾ ਵਿਖੇ ਹੋਈ 45ਵੀਂ ਸਰਬ ਭਾਰਤੀ ਵੈਟਰਨ ਐਥਲੇਟਿਕ ਚੈਂਪੀਅਨਸ਼ਿਪ ਵਿਚ ਭਾਸ਼ਾ ਵਿਭਾਗ ਦੇ ਸਾਬਕਾ ਸਹਾਇਕ ਡਾਇਰੈਕਟਰ ਡਾ ਹਰਨੇਕ ਸਿੰਘ ਢੋਟ ਵਲੋਂ ਆਪਣੀ ਉਮਰ ਵਰਗ ਵਿੱਚ 3 ਕਿਲੋਮੀਟਰ ਵਾਕ ਵਿੱਚ ਸੋਨੇ ਦਾ ਮੈਡਲ ਪ੍ਰਾਪਤ ਕਰਕੇ ਆਪਣੇ ਸ਼ਹਿਰ ਅਤੇ ਸੂਬੇ ਦਾ ਨਾਂ ਰੋਸ਼ਨ ਕੀਤਾ ਹੈ। ਡਾ. ਢੋਟ ਇਸ ਤੋਂ ਪਹਿਲਾਂ ਰਾਜ ਪੱਧਰ ਤੇ ਵੀ 800 ਮੀਟਰ ਅਤੇ 1500 ਮੀਟਰ ਰੇਸ ਵਿੱਚ ਮੈਡਲ ਪ੍ਰਾਪਤ ਕਰ ਚੁੱਕੇ ਹਨ।

ਡਾ. ਹਰਨੇਕ ਢੋਟ ਨੇ ਗੋਲਡ ਮੈਡਲ ਲੈਂਦੇ ਹੋਏ

ਦੱਸਣਯੋਗ ਹੈ ਕਿ ਪਿਛਲੇ ਸਾਲ 2025 ਵਿੱਚ ਮੈਸੂਰ ਵਿਖੇ ਹੋਈਆਂ ਸਰਬ ਭਾਰਤੀ ਖੇਡਾਂ ਵਿੱਚ ਵੀ ਡਾ ਢੋਟ ਵੱਲੋਂ ਸ਼ਮੂਲੀਅਤ ਕੀਤੀ ਗਈ ਸੀ। ਤਿੰਨ ਪੁਸਤਕਾਂ ਦੇ ਰਚੈਤਾ ਡਾ. ਹਰਨੇਕ ਸਿੰਘ ਢੋਟ ਭਾਸ਼ਾ ਵਿਭਾਗ ਪੰਜਾਬ ਵਿੱਚੋਂ ਤਿੰਨ ਦਹਾਕੇ ਦੀਆਂ ਸ਼ਾਨਦਾਰ ਸੇਵਾਵਾਂ ਤੋਂ ਬਾਦ ਰਿਟਾਇਰ ਹੋਏ ਹਨ। ਉਹਨਾਂ ਦੀਆਂ ਲਿਖਤਾਂ ਪੰਜਾਬੀ ਦੀਆਂ ਪ੍ਰਸਿੱਧ ਪੱਤਰਕਾਵਾਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਡਾ. ਢੋਟ ਆਪਣੇ ਸਕੂਲ ਕਾਲਜ ਦੇ ਦਿਨਾਂ ਵਿੱਚ ਵੀ ਐਥਲੈਟਿਕਸ ਕਰਦੇ ਰਹੇ ਹਨ। ਉਸ ਸਮੇਂ ਵੀ ਉਨ੍ਹਾਂ  ਨੇ ਸਰਬ ਭਾਰਤੀ ਪੇਂਡੂ ਖੇਡਾਂ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕੀਤੀ ਸੀ ਅਤੇ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਦੀ ਐਥਲੈਟਿਕ ਮੀਟ ਵਿਚ ਕਾਲਜ ਦੇ ਬੈਸਟ ਐਥਲੀਟ ਵੀ ਐਲਾਨੇ ਗਏ ਸਨ।

ਪੁੱਛਣ ਤੇ ਡਾ. ਹਰਨੇਕ ਨੇ ਦੱਸਿਆ ਕਿ ਆਪਣੀ ਲੇਖਣੀ ਦੇ ਨਾਲ ਨਾਲ ਆਪਣੇ ਜਵਾਨੀ ਦੇ ਇਸ ਸ਼ੌਕ ਨੂੰ ਵੀ ਜਿੰਦਾ ਰੱਖਿਆ ਹੋਇਆ ਹੈ। ਡਾ. ਢੋਟ ਨੇ ਦੱਸਿਆ ਕਿ ਮੇਰਾ ਸੁਪਨਾ ਅੱਛੀਆਂ ਕਿਤਾਬਾਂ ਪੜ੍ਹਨ ਅਤੇ ਅੱਛਾ ਸਾਹਿਤ ਲਿਖਣ ਦੇ ਨਾਲ ਨਾਲ ਅੰਤਰ ਰਾਸ਼ਟਰੀ ਪੱਧਰ ‘ਤੇ ਮੈਡਲ ਪ੍ਰਾਪਤ ਕਰਨਾ ਹੈ।

Exit mobile version