Home ਪੰਜਾਬ CM ਮਾਨ ਦਾ ਸੁਖਬੀਰ ਬਾਦਲ ‘ਤੇ ਤਿੱਖਾ ਤੰਜ਼: ‘ਜਦੋਂ ਬਾਦਲ ਭਾਸ਼ਣ ਦਿੰਦੇ...

CM ਮਾਨ ਦਾ ਸੁਖਬੀਰ ਬਾਦਲ ‘ਤੇ ਤਿੱਖਾ ਤੰਜ਼: ‘ਜਦੋਂ ਬਾਦਲ ਭਾਸ਼ਣ ਦਿੰਦੇ ਹਨ, ਤਾਂ ਪਰਲੋਕ ‘ਚ ਵੀ ਵੱਜਣ ਲੱਗਦੀ ਹੈ ਝੂਠ ਦੀ ਘੰਟੀ’

0

ਲੁਧਿਆਣਾ ‘ਚ ਜਨਤਕ ਇਕੱਠ ਦੌਰਾਨ ਮੁੱਖ ਮੰਤਰੀ ਨੇ ਆਪਣੇ ਖ਼ਾਸ ਅੰਦਾਜ਼ ‘ਚ ਅਕਾਲੀ ਦਲ ‘ਤੇ ਸਾਧੇ ਨਿਸ਼ਾਨੇ; ‘ਹਿੱਸਾ-ਪੱਤੀ’ ਦੀ ਰਾਜਨੀਤੀ ‘ਤੇ ਲਏ ਚੁਟਕੀਆਂ

ਲੁਧਿਆਣਾ, 20 ਮਾਰਚ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ (PAU) ਵਿਖੇ ਇੱਕ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਵਿਰੋਧੀਆਂ ‘ਤੇ ਕਰਾਰੇ ਸਿਆਸੀ ਹਮਲੇ ਕੀਤੇ। ਮੁੱਖ ਮੰਤਰੀ ਦੇ ਨਿਸ਼ਾਨੇ ‘ਤੇ ਖ਼ਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਰਹੇ। ਆਪਣੇ ਮਜ਼ਾਕੀਆ ਅਤੇ ਤਿੱਖੇ ਅੰਦਾਜ਼ ਲਈ ਜਾਣੇ ਜਾਂਦੇ CM ਮਾਨ ਨੇ ਅਕਾਲੀ ਦਲ ਦੀ ‘ਹਿੱਸਾ-ਪੱਤੀ’ ਵਾਲੀ ਰਾਜਨੀਤੀ ਅਤੇ ਸੁਖਬੀਰ ਬਾਦਲ ਦੇ ਬਿਆਨਾਂ ‘ਤੇ ਖ਼ੂਬ ਚੁਟਕੀਆਂ ਲਈਆਂ।

ਧਰਮਰਾਜ ਦੀ ‘ਝੂਠ ਵਾਲੀ ਘੰਟੀ’ ਅਤੇ ਸੁਖਬੀਰ ਬਾਦਲ

ਮੁੱਖ ਮੰਤਰੀ ਨੇ ਸੁਖਬੀਰ ਬਾਦਲ ‘ਤੇ ਨਿਸ਼ਾਨਾ ਸਾਧਦਿਆਂ ਇੱਕ ਮਜ਼ਾਕੀਆ ਕਿੱਸਾ ਸੁਣਾਇਆ, ਜਿਸ ‘ਤੇ ਪੂਰੇ ਪੰਡਾਲ ਵਿੱਚ ਹਾਸਾ ਮਚ ਗਿਆ। ਉਨ੍ਹਾਂ ਕਿਹਾ:

“ਧਰਮਰਾਜ ਕੋਲ ਧਰਤੀ ‘ਤੇ ਬੋਲੇ ਜਾਂਦੇ ਝੂਠ ਨੂੰ ਫੜਨ ਲਈ ਇੱਕ ਵਿਸ਼ੇਸ਼ ਘੰਟੀ ਲੱਗੀ ਹੋਈ ਸੀ। ਜਦੋਂ ਕੋਈ ਜਰਮਨੀ ਜਾਂ ਅਮਰੀਕਾ ਵਿੱਚ ਝੂਠ ਬੋਲਦਾ ਸੀ ਤਾਂ ਘੰਟੀ ਇੱਕ ਵਾਰ ਵੱਜਦੀ ਸੀ। ਪਰ ਇੱਕ ਦਿਨ ਦੁਪਹਿਰ ਵੇਲੇ ਇਹ ਘੰਟੀ ਲਗਾਤਾਰ ਅਤੇ ਬੜੀ ਤੇਜ਼ੀ ਨਾਲ ਵੱਜਣੀ ਸ਼ੁਰੂ ਹੋ ਗਈ। ਜਦੋਂ ਉੱਥੇ ਰੂਹਾਂ ਨੇ ਘਬਰਾ ਕੇ ਪੁੱਛਿਆ ਕਿ ਇਹ ਕੀ ਹੋ ਰਿਹਾ ਹੈ, ਤਾਂ ਧਰਮਰਾਜ ਨੇ ਮੁਸਕਰਾ ਕੇ ਜਵਾਬ ਦਿੱਤਾ— ‘ਡਰੋ ਨਾ, ਥੱਲੇ ਸੁਖਬੀਰ ਬਾਦਲ ਦਾ ਭਾਸ਼ਣ ਚੱਲ ਰਿਹਾ ਹੈ, 20 ਮਿੰਟ ਹੋਰ ਚੱਲੇਗਾ, ਬਸ ਜਰ ਲਓ!'”

‘ਵਾਰੀਆਂ ਦੀ ਰਾਜਨੀਤੀ ਹੁਣ ਖ਼ਤਮ’

ਭਗਵੰਤ ਮਾਨ ਨੇ ਅਕਾਲੀ-ਕਾਂਗਰਸ ‘ਤੇ ਮਿਲੀਭੁਗਤ ਦੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਇਹ ਲੋਕ ਹਮੇਸ਼ਾ ‘ਵਾਰੀਆਂ’ ਬੰਨ੍ਹ ਕੇ ਰਾਜ ਕਰਦੇ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਹੁਣ ਵਾਰੀਆਂ ਦੀਆਂ ਗੱਲਾਂ ਕਰਨ ਵਾਲਿਆਂ ਦਾ ਸਮਾਂ ਲੰਘ ਚੁੱਕਾ ਹੈ ਅਤੇ ਹੁਣ ਅਸਲ ‘ਵਾਰੀ’ ਪੰਜਾਬ ਦੇ ਲੋਕਾਂ ਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਰਵਾਇਤੀ ਪਾਰਟੀਆਂ ਦੇ ਆਗੂ ਬਿਨਾਂ ਸੋਚੇ-ਸਮਝੇ ਨਾਅਰੇ ਲਗਵਾਉਂਦੇ ਹਨ, ਪਰ ਜਨਤਾ ਹੁਣ ਸਭ ਕੁਝ ਸਮਝ ਚੁੱਕੀ ਹੈ।

ਲੋਕਾਂ ਦੀ ਕਚਹਿਰੀ ‘ਚ ਸਿੱਧਾ ਸੰਵਾਦ

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਉਹ ਲਗਾਤਾਰ ਪੰਜਾਬ ਦੇ ਵਿਕਾਸ ਲਈ ਕੰਮ ਕਰ ਰਹੇ ਹਨ। ਉਨ੍ਹਾਂ ਵਿਰੋਧੀਆਂ ਨੂੰ ਸਲਾਹ ਦਿੱਤੀ ਕਿ ਉਹ ਝੂਠੇ ਪ੍ਰਚਾਰ ਦੀ ਬਜਾਏ ਪੰਜਾਬ ਦੇ ਭਲੇ ਬਾਰੇ ਸੋਚਣ।

ਇਸ ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ, ਜਿਨ੍ਹਾਂ ਨੇ ਮੁੱਖ ਮੰਤਰੀ ਦੇ ਭਾਸ਼ਣ ਦਾ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ।

Exit mobile version