ਬਠਿੰਡਾ/ਮਾਈਸਰਖਾਨਾ (19 ਮਾਰਚ 2026):(ਦੀਪਕ ਦੱਤਾ)
ਬਠਿੰਡਾ-ਮਾਨਸਾ ਰੋਡ ‘ਤੇ ਸਥਿਤ ਪਿੰਡ ਮਾਈਸਰਖਾਨਾ ਦਾ ਇਤਿਹਾਸਕ ਅਤੇ ਪ੍ਰਾਚੀਨ ਸ਼੍ਰੀ ਦੁਰਗਾ ਮੰਦਿਰ ਨਰਾਤਿਆਂ ਦੇ ਪਵਿੱਤਰ ਦਿਹਾੜੇ ਮੌਕੇ ਲੱਖਾਂ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਬਣਿਆ ਹੋਇਆ ਹੈ। ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਮਾਂ ਜਵਾਲਾ ਜੀ ਦੇ ਪਿੰਡੀ ਰੂਪ ਵਿੱਚ ਦਰਸ਼ਨ ਕਰਨ ਲਈ ਇੱਥੇ ਪਹੁੰਚਦੇ ਹਨ। ਇਹ ਮੰਦਿਰ ਨਾ ਸਿਰਫ਼ ਧਾਰਮਿਕ ਆਸਥਾ, ਸਗੋਂ ਹਿੰਦੂ-ਸਿੱਖ ਏਕਤਾ ਦਾ ਵੀ ਵਿਲੱਖਣ ਪ੍ਰਤੀਕ ਹੈ।
511 ਸਾਲ ਪੁਰਾਣਾ ਇਤਿਹਾਸ ਅਤੇ ਮਾਨਤਾ
ਇਸ ਮੰਦਿਰ ਦੀ ਸਥਾਪਨਾ ਸੰਨ 1515 ਈਸਵੀ ਵਿੱਚ ਹੋਈ ਸੀ। ਇਤਿਹਾਸ ਮੁਤਾਬਕ ਪਿੰਡ ਦਾ ਜ਼ਿਮੀਂਦਾਰ ਕਮਾਲੂ ਭਗਤ, ਨਥਾਣੇ ਵਾਲੇ ਬਾਬਾ ਕਾਲੂ ਰਾਮ ਦਾ ਅਨੰਨ ਭਗਤ ਸੀ। ਕਮਾਲੂ ਭਗਤ ਦੀ ਇੱਛਾ ਸੀ ਕਿ ਮਾਂ ਜਵਾਲਾ ਜੀ ਦੇ ਦਰਸ਼ਨ ਉਸ ਦੇ ਆਪਣੇ ਪਿੰਡ ਮਾਈਸਰਖਾਨਾ ਵਿੱਚ ਹੋਣ। ਕਮਾਲੂ ਦੀ ਸੇਵਾ ਅਤੇ ਬਾਬਾ ਕਾਲੂ ਰਾਮ ਦੀ ਤਪੱਸਿਆ ਤੋਂ ਪ੍ਰਸੰਨ ਹੋ ਕੇ ਮਾਂ ਜਵਾਲਾ ਨੇ ਕਮਾਲੂ ਨੂੰ ਅੱਸੂ ਅਤੇ ਚੇਤ ਦੇ ਨਰਾਤਿਆਂ ਦੌਰਾਨ ਇੱਥੇ ਦਰਸ਼ਨ ਦੇਣ ਦਾ ਵਰਦਾਨ ਦਿੱਤਾ ਸੀ। ਉਦੋਂ ਤੋਂ ਹੀ ਇੱਥੇ ਸਾਲ ਵਿੱਚ ਦੋ ਵਾਰ ਵਿਸ਼ਾਲ ਮੇਲਾ ਲੱਗਦਾ ਹੈ।
8 ਕੁਇੰਟਲ ਚਾਂਦੀ ਨਾਲ ਸਜਿਆ ਦਰਬਾਰ
ਮੰਦਿਰ ਦੀ ਸੁੰਦਰਤਾ ਅਤੇ ਸ਼ਿੰਗਾਰ ਦੇਖਣਯੋਗ ਹੈ। ਦਰਬਾਰ ਦਾ ਸ਼ਿੰਗਾਰ 8 ਕੁਇੰਟਲ ਚਾਂਦੀ ਨਾਲ ਕੀਤਾ ਗਿਆ ਹੈ। ਰਾਜਸਥਾਨੀ ਕਾਰੀਗਰਾਂ ਵੱਲੋਂ ਚਾਂਦੀ ਦੀਆਂ ਚਾਦਰਾਂ ‘ਤੇ ਬਹੁਤ ਹੀ ਬਾਰੀਕੀ ਨਾਲ ਸ਼੍ਰੀ ਯੰਤਰ, ਹਨੂੰਮਾਨ ਜੀ, ਮਾਂ ਸਰਸਵਤੀ ਅਤੇ ਮਾਂ ਦੁਰਗਾ ਦੀਆਂ ਆਕ੍ਰਿਤੀਆਂ ਉੱਕਰੀਆਂ ਗਈਆਂ ਹਨ।
ਪੰਜਵੇਂ ਨਰਾਤੇ ਦੀ ਵਿਸ਼ੇਸ਼ ਮਹੱਤਤਾ
ਨਰਾਤਿਆਂ ਦੀ ਪੰਜਵੀਂ ਤਰੀਕ ਦੀ ਰਾਤ ਬੇਹੱਦ ਖ਼ਾਸ ਹੁੰਦੀ ਹੈ। ਰਾਤ 10 ਵਜੇ ਮੰਦਿਰ ਦੇ ਕਪਾਟ ਦੋ ਘੰਟਿਆਂ ਲਈ ਬੰਦ ਕੀਤੇ ਜਾਂਦੇ ਹਨ, ਜਿਸ ਦੌਰਾਨ ਮੁੱਖ ਪੁਜਾਰੀ ਵੱਲੋਂ ਮਾਂ ਜਵਾਲਾ ਜੀ ਨੂੰ ਇਸ਼ਨਾਨ ਕਰਵਾ ਕੇ ਵਿਸ਼ੇਸ਼ ਸ਼ਿੰਗਾਰ ਕੀਤਾ ਜਾਂਦਾ ਹੈ। ਰਾਤ 12 ਵਜੇ ਮਹਾਂਆਰਤੀ ਤੋਂ ਬਾਅਦ ਜੋਤ ਪ੍ਰਵੇਸ਼ ਹੁੰਦੀ ਹੈ ਅਤੇ ਮੇਲੇ ਦੀ ਰਸਮੀ ਸ਼ੁਰੂਆਤ ਹੁੰਦੀ ਹੈ।
ਪ੍ਰਬੰਧਕੀ ਤਿਆਰੀਆਂ
ਮੰਦਿਰ ਦੇ ਕਾਰਜਕਾਰੀ ਪ੍ਰਧਾਨ ਐਡਵੋਕੇਟ ਰਾਜਨ ਗਰਗ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਸਫਾਈ, ਸੁਰੱਖਿਆ, ਲੰਗਰ ਅਤੇ ਸਜਾਵਟ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਭਰਾਤਰੀ ਭਾਵ ਅਤੇ ਸਾਂਝ ਨਾਲ ਇਸ ਤਿਉਹਾਰ ਨੂੰ ਮਨਾਉਣ। ਮੰਦਿਰ ਕੰਪਲੈਕਸ ਵਿੱਚ ਬੱਚਿਆਂ ਦੇ ਮੁੰਡਣ ਸੰਸਕਾਰ (ਝੰਡ ਲਾਹੁਣਾ) ਅਤੇ ਸੁੱਖਾਂ ਪੂਰੀਆਂ ਹੋਣ ‘ਤੇ ਮਿੱਟੀ ਕੱਢਣ ਦੀਆਂ ਰਸਮਾਂ ਵੀ ਵੱਡੀ ਪੱਧਰ ‘ਤੇ ਨਿਭਾਈਆਂ ਜਾਂਦੀਆਂ ਹਨ।









