Home ਪਟਿਆਲਾ ਅਪਡੇਟ ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਗੈਸ ਤੇ ਪੈਟਰੋਲ-ਡੀਜ਼ਲ ਦੀ ਘਬਰਾਹਟ ‘ਚ ਆ...

ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਗੈਸ ਤੇ ਪੈਟਰੋਲ-ਡੀਜ਼ਲ ਦੀ ਘਬਰਾਹਟ ‘ਚ ਆ ਕੇ ਵਾਧੂ ਖਰੀਦ ਤੇ ਜਮ੍ਹਾਂ ਖੋਰੀ ਨਾ ਕਰਨ ਦੀ ਅਪੀਲ

0

ਘਰੇਲੂ ਗੈਸ ਦੀ ਸਪਲਾਈ ਨਿਰੰਤਰ ਜਾਰੀ ਰਹੇਗੀ, ਲੋਕ ਜਮ੍ਹਾਂ ਖੋਰੀ ਤੋਂ ਬਚਣ-ਵਰਜੀਤ ਵਾਲੀਆ

ਪਟਿਆਲਾ, 11 ਮਾਰਚ:(ਹਰਸ਼ਲੀਨ ਸਿੰਘ)

      ਪਟਿਆਲਾ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੱਧ-ਪੂਰਵ ਏਸ਼ੀਆ ਤੇ ਖਾੜੀ       ਖੇਤਰ ਦੇ ਖਿੱਤੇ ਵਿੱਚ ਜੰਗੀ ਹਾਲਾਤ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੀ ਘਬਰਾਹਟ ‘ਚ ਆ ਕੇ ਪੈਟਰੋਲ-ਡੀਜ਼ਲ ਸਮੇਤ ਘਰੇਲੂ ਗੈਸ ਦੀ        ਬੇਲੋੜੀ ਤੇ ਵਾਧੂ ਖਰੀਦਦਾਰੀ ਨਾ ਕਰਨ।

ਤੇਲ ਤੇ ਗੈਸ ਦੀ ਕਾਲਾਬਾਜ਼ਾਰੀ ਤੇ ਜਮ੍ਹਾਂ ਖੋਰੀ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ-ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਨੇ ਸਮੂਹ ਪੈਟਰੋਲ ਪੰਪਾਂ ਤੇ ਗੈਸ ਏਜੰਸੀਆਂ ਦੇ ਮਾਲਕਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਇ ਨ੍ਹਾਂ ਜਰੂਰੀ ਵਸਤਾਂ ਦੀ ਸਪਲਾਈ ਬੇਰੋਕ ਜਾਰੀ ਰੱਖੀ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਕਾਲਾਬਾਜ਼ਾਰੀ ਜਾਂ ਜਮ੍ਹਾਂਖੋਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਨਾ ਫੈਲਾਈ ਜਾਵੇ ਅਤੇ ਨਾ ਹੀ ਗੈਸ ਸਪਲਾਈ ਜਾਂ ਪੈਟਰੋਲ-ਡੀਜ਼ਲ ਸਪਲਾਈ ਬੰਦ ਹੋਣ ਦੀ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਉਪਰ ਯਕੀਨ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਦੇ ਪੈਟਰੋਲ ਪੰਪਾਂ ਦੇ ਮਾਲਕਾਂ ਦੀ ਐਸੋਸੀਏਸ਼ਨ ਅਤੇ ਗੈਸ ਏਜੰਸੀਆਂ ਦੇ ਨੁਮਾਇੰਦਿਆਂ, ਪੈਟਰੋਲ ਕਾਰਪੋਰੇਸ਼ਨ ਅਤੇ ਐਲ.ਪੀ.ਜੀ., ਆਈ.ਓ.ਸੀ.ਐਲ, ਬੀ.ਪੀ.ਸੀ.ਐਲ, ਐਚ.ਪੀ.ਸੀ.ਐਲ ਦੇ ਸੇਲਜ਼ ਅਫ਼ਸਰਾਂ ਸਮੇਤ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ ਕੰਟਰੋਲਰ ਡਾ. ਰਵਿੰਦਰ ਕੌਰ ਅਤੇ ਸਮੂਹ ਖੁਰਾਕ ਸਪਲਾਈਜ਼ ਅਧਿਕਾਰੀਆਂ ਨਾਲ ਇੱਕ ਮਹੱਤਵਪੂਰਨ ਬੈਠਕ ਕਰ ਰਹੇ ਸਨ। ਇਸ ਮੌਕੇ ਵਰਜੀਤ ਵਾਲੀਆ ਨੇ ਘਰੇਲੂ ਵਰਤੋਂ ਲਈ ਐਲ.ਪੀ.ਜੀ. ਗੈਸ ਸਪਲਾਈ ਤੇ ਵਾਹਨਾਂ ਲਈ ਪੈਟਰੋਲ-ਡੀਜ਼ਲ ਦੀ ਨਿਰੰਤਰ ਸਪਲਾਈ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਸਬੰਧੀ ਜਾਣਕਾਰੀ ਦਿੱਤੀ।

ਕਿਹਾ, ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਨਾ ਫੈਲਾਈ ਜਾਵੇ ਤੇ ਨਾ ਹੀ ਸਪਲਾਈ ਬੰਦ ਹੋਣ ਦੀ ਕਿਸੇ ਅਫ਼ਵਾਹ ‘ਤੇ ਯਕੀਨ ਕੀਤਾ ਜਾਵੇ

                   ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 290 ਪੈਟਰੋਲ ਪੰਪ ਤੇ 58 ਗੈਸ ਏਜੰਸੀਆਂ ਹਨ, ਜਿਨ੍ਹਾਂ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਗੈਸ ਤੇ ਤੇਲ ਦੀ ਸਪਲਾਈ ਬੇਰੋਕ ਤੇ ਨਿਰੰਤਰ ਯਕੀਨੀ ਬਣਾਈ ਜਾ ਰਹੀ ਹੈ, ਜਿਸ ਲਈ ਲੋਕ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਵਿੱਚ ਆਕੇ ਤੇਲ ਤੇ ਗੈਸ ਦੀ ਜਮ੍ਹਾਂ ਖੋਰੀ ਨਾ ਕਰਨ। ਉਨ੍ਹਾਂ ਦੱਸਿਆ ਕਿ ਸਰਕਾਰ ਦੀ ਮੁੱਖ ਤਰਜੀਹ ਘਰੇਲੂ ਸਪਲਾਈ ਹੈ, ਜਿਸ ਲਈ 31 ਮਾਰਚ ਤੱਕ ਵਪਾਰਕ ਮੰਤਵਾਂ ਲਈ ਗੈਸ ਸਪਲਾਈ ਨੂੰ ਥੋੜਾ ਘਟਾਇਆ ਗਿਆ ਹੈ ਪਰੰਤੂ ਮੈਡੀਕਲ ਤੇ ਸਿੱਖਿਆ ਸੰਸਥਾਵਾਂ ਨੂੰ ਸਪਲਾਈ ਦੀ ਕੋਈ ਤੋਟ ਨਹੀਂ ਆਵੇਗੀ।

ਇਸ ਮੌਕੇ ਆਈ.ਓ.ਸੀ.ਐਲ ਦੇ ਨੁਮਾਇੰਦੇ ਰਾਘਵ ਗੁਪਤਾ ਨੇ ਦੱਸਿਆ ਕਿ ਲੋਕਾਂ ਵੱਲੋਂ ਘਬਰਾਹਟ ਵਿੱਚ ਆਕੇ ਗੈਸ ਦੀ ਲਗਾਤਾਰ ਬੁਕਿੰਗ ਕੀਤੀ ਜਾ ਰਹੀ ਹੈ, ਜਿਸ ਲਈ ਸਰਵਰ ਜਾਮ ਹੋ ਰਹੇ ਹਨ, ਜਿਸ ਕਰਕੇ ਗਾਹਕ ਸ਼ਾਮ 6 ਵਜੇ ਤੋਂ ਸਵੇਰੇ 9 ਵਜੇ ਤੱਕ ਬੁਕਿੰਗ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜਮ੍ਹਾਂ ਖੋਰੀ ਰੋਕਣ ਲਈ ਪਹਿਲੀ ਬੁਕਿੰਗ ਤੋਂ ਬਾਅਦ ਅਗਲੀ ਬੁਕਿੰਕ ਲਈ 25 ਦਿਨਾਂ ਦਾ ਸਮਾਂ ਰੱਖਿਆ ਗਿਆ ਹੈ ਪਰੰਤੂ ਸਪਲਾਈ ਦੀ ਕੋਈ ਦਿੱਕਤ ਨਹੀਂ ਹੈ।

ਵਰਜੀਤ ਵਾਲੀਆ ਨੇ ਸਮੂਹ ਗੈਸ ਏਜੰਸੀਆਂ ਤੇ ਪੈਟਰੋਲ ਪੰਪਾਂ ਦੀਆਂ ਕੰਪਨੀਆਂ ਦੇ ਸੇਲਜ ਅਫ਼ਸਰਾਂ ਸਮੇਤ ਪੰਪਾਂ ਤੇ ਏਜੰਸੀਆਂ ਦੇ ਮਾਲਕਾਂ ਤੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਖਾੜੀ ਮੁਲਕਾਂ ਦੇ ਬਣੇ ਹਾਲਾਤ ਦਾ ਕੋਈ ਨਾਜਾਇਜ਼ ਫਾਇਦਾ ਨਾ ਉਠਾਵੇ ਪਰੰਤੂ ਫੇਰ ਵੀ ਜੇਕਰ ਕੋਈ ਸ਼ਰਾਰਤੀ ਅਨਸਰ ਕਿਸੇ ਤਰ੍ਹਾਂ ਦੀ ਕਾਲਾਬਾਜ਼ਾਰੀ ਜਾਂ ਜਮ੍ਹਾਂ ਖੋਰੀ ਕਰਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਜਮ੍ਹਾਂ ਖੋਰੀ ਜਾਂ ਕਾਲਾਬਾਜ਼ਾਰੀ ਬਾਬਤ ਪ੍ਰਸ਼ਾਸਨ ਨੂੰ ਤੁਰੰਤ ਜਾਣੂ ਕਰਵਾਇਆ ਜਾਵੇ।

ਡਿਪਟੀ ਕਮਿਸ਼ਨਰ ਨੇ ਮੁੜ ਤੋਂ ਲੋਕਾਂ ਅਤੇ ਪੰਪਾਂ ਦੇ ਏਜੰਸੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਲੋਕਾਂ ਨੂੰ ਘਬਰਾਹਟ ‘ਚ ਆਕੇ ਪੈਨਿਕ ਬਾਇੰਗ (ਬੇਲੋੜੀ ਤੇ ਵਾਧੂ ਖਰੀਦਦਾਰੀ) ਕਰਨ ਦੀ ਕੋਈ ਲੋੜ ਨਹੀਂ ਹੈ ਅਤੇ ਗੈਸ ਤੇ ਤੇਲ ਦੀ ਨਿਰੰਤਰ ਤੇ ਲਗਾਤਾਰ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਾਡੀ ਸਭ ਦੀ ਸਾਂਝੀ ਜਿੰਮੇਵਾਰੀ ਹੈ ਕਿ ਹਾਲਾਤ ਨੂੰ ਬੇਕਾਬੂ ਨਾ ਹੋਣ ਦਿੱਤਾ ਜਾਵੇ ਅਤੇ ਲੋਕਾਂ ਵਿੱਚ ਕੋਈ ਬੇਭਰੋਸਗੀ ਨਾ ਬਣੇ।

Exit mobile version