ਮੰਦਰ ‘ਚ ਚੱਲ ਰਹੇ ਵਿਕਾਸ ਕਾਰਜਾਂ ਦਾ ਵੀ ਲਿਆ ਜਾਇਜ਼ਾ
ਪਟਿਆਲਾ, 9 ਮਾਰਚ: (ਮਨੋਜ ਵਰਮਾ): ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਪਟਿਆਲਾ ਸਥਿਤ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਵਿਖੇ ਨਤਮਸਤਕ ਹੋਏ। ਇਸ ਦੌਰਾਨ ਸ੍ਰੀ ਕਟਾਰੀਆ ਨੇ ਮਾਤਾ ਦੇ ਚਰਨਾਂ ਵਿੱਚ ਪੰਜਾਬ ਦੀ ਸ਼ਾਂਤੀ ਤੇ ਵਿਕਾਸ ਲਈ ਪ੍ਰਾਰਥਨਾ ਕਰਦਿਆਂ ਸਰਬੱਤ ਦੇ ਭਲੇ ਦੀ ਕਾਮਨਾ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਟਿਆਲਾ ਦੇ ਇਸ ਭਵਯ ਮੰਦਰ ਵਿਖੇ ਪਹਿਲੀ ਵਾਰ ਆ ਕੇ ਮਾਂ ਦੇਵੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।

ਰਾਜਪਾਲ ਸ੍ਰੀ ਕਟਾਰੀਆ ਨੇ ਕਿਹਾ ਕਿ ਮਾਂ ਕਾਲੀ ਦੇਵੀ ਸ਼ਤਰੂ ਵਿਨਾਸ਼ਕ ਹੈ ਅਤੇ ਇਥੇ ਹਰ ਸ਼ਰਧਾਲੂ ਅਰਦਾਸ ਕਰਦਾ ਹੈ ਕਿ ਮਾਂ ਸਾਨੂੰ ਸਦਬੁੱਧੀ ਤੇ ਅੱਛਾ ਦਿਮਾਗ਼ ਦੇਵੇ ਤਾਂ ਕਿ ਅਸੀਂ ਸਮਾਜ ਤੇ ਲੋਕਾਂ ਦੀ ਸੇਵਾ ਕਰ ਸਕੀਏ, ਜਿਸ ਨਾਲ ਅਸੀਂ ਖੁਦ ਹੀ ਨਹੀਂ ਸਗੋਂ ਸਾਰਾ ਦੇਸ਼ ਵੀ ਸੁਖੀ ਰਹੇ।
–ਕਿਹਾ, ਪਟਿਆਲਾ ਵਿਖੇ ਪਹਿਲੀ ਵਾਰ ਮਾਤਾ ਸ੍ਰੀ ਕਾਲੀ ਦੇਵੀ ਦੇ ਚਰਨਾਂ ‘ਚ ਨਤਮਸਤਕ ਹੋਣ ਦਾ ਸੁਭਾਗ ਮਿਲਿਆ
ਰਾਜਪਾਲ ਨੇ ਕਿਹਾ ਕਿ ਜੋ ਵਿਅਕਤੀ ਛਲ-ਕਪਟ ਨਾਲ ਕੰਮ ਕਰਦਾ ਹੈ ਉਸ ਦਾ ਵਿਨਾਸ਼ ਕਰਨਾ ਵੀ ਇਸ ਦੇਵੀ ਦੀ ਹੀ ਤਾਕਤ ਹੈ, ਇਸ ਲਈ ਸਾਡੀ ਮਾਨਤਾ ਹੈ ਕਿ ਮਾਂ ਕਾਲੀ ਦੇਵੀ ਦੇ ਚਰਨਾਂ ਵਿੱਚ ਜਰੂਰ ਝੁਕਿਆ ਜਾਵੇ। ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਇਸ ਮੰਦਰ ਦੀ ਰਚਨਾ ਇਸ ਪ੍ਰਕਾਰ ਕੀਤੀ ਗਈ ਹੈ ਕਿ ਇਹ ਮੰਦਰ ਹਰ ਵਿਅਕਤੀ ਦੀ ਆਸਥਾ ਦਾ ਕੇਂਦਰ ਬਣਿਆ ਹੋਇਆ ਹੈ।

ਇਸ ਮੌਕੇ ਮੰਦਿਰ ਐਡਵਾਈਜਰੀ ਮੈਨੇਜਿੰਗ ਕਮੇਟੀ ਦੇ ਮੈਂਬਰਾਂ ਸੀ ਏ ਅਜੇ ਅਲੀਪੁਰੀਆ ਤੇ ਸੰਜੇ ਸਿੰਗਲਾ ਨੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੂੰ ਸਨਮਾਨਿਤ ਕਰਦਿਆਂ ਇਤਿਹਾਸਕ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਦੇ ਨਵੀਨੀਕਰਨ ਲਈ ਚੱਲ ਰਹੇ ਕਰੀਬ 75 ਕਰੋੜ ਰੁਪਏ ਦੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ।
ਰਾਜਪਾਲ ਸ੍ਰੀ ਕਟਾਰੀਆ ਨੇ ਕਿਹਾ ਕਿ ਸਭ ਦੀ ਆਸਥਾ ਦੇ ਇਸ ਕੇਂਦਰ ਦੇ ਨਵ ਨਿਰਮਾਣ ਕਾਰਜ ਮੁਕੰਮਲ ਹੋਣ ਨਾਲ ਪਟਿਆਲਾ ਦਾ ਇਹ ਭਵਯ ਮੰਦਰ ਕੇਵਲ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਲਈ ਦਰਸ਼ਨ ਕਰਨ ਯੋਗ ਸਥਾਨ ਬਣੇਗਾ। ਇਸ ਤੋਂ ਪਹਿਲਾਂ ਰਾਜਪਾਲ ਦਾ ਪਟਿਆਲਾ ਪੁੱਜਣ ‘ਤੇ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਐਸ ਐਸ ਪੀ ਵਰੁਣ ਸ਼ਰਮਾ ਅਤੇ ਨਗਰ ਨਿਗਮ ਕਮਿਸ਼ਨਰ ਪਰਮਜੀਤ ਸਿੰਘ ਨੇ ਸਵਾਗਤ ਕੀਤਾ।








