ਕੈਨੇਡਾ ਦੇ ਲਾਸਾਲੇ ਖੇਤਰ ਵਿੱਚ ਪੰਜਾਬੀ ਮੂਲ ਦੀ 45 ਸਾਲਾ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਯੂਟਿਊਬਰ ਨੈਂਸੀ ਗਰੇਵਾਲ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਲਾਸਾਲੇ ਪੁਲਿਸ ਮੁਤਾਬਕ ਮੰਗਲਵਾਰ ਰਾਤ ਕਰੀਬ 9:30 ਵਜੇ ਟੌਡ ਲੇਨ ਦੇ 2400 ਬਲਾਕ ਵਿੱਚ ਚਾਕੂ ਮਾਰਨ ਦੀ ਘਟਨਾ ਦੀ ਸੂਚਨਾ ਮਿਲੀ। ਮੌਕੇ ’ਤੇ ਪਹੁੰਚੇ ਅਧਿਕਾਰੀਆਂ ਨੇ ਨੈਂਸੀ ਗਰੇਵਾਲ ਨੂੰ ਗੰਭੀਰ ਜ਼ਖ਼ਮਾਂ ਨਾਲ ਪਾਇਆ ਅਤੇ ਉਸ ਨੂੰ ਐਸੈਕਸ-ਵਿੰਡਸਰ ਐਮਰਜੈਂਸੀ ਮੈਡੀਕਲ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ।
ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਘਟਨਾ ਦੀ ਜਾਂਚ ਜਾਰੀ ਹੈ ਅਤੇ ਅਜੇ ਤੱਕ ਕਿਸੇ ਸ਼ੱਕੀ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਹੋਈ। ਜਾਂਚ ਦੇ ਤਹਿਤ ਕੈਨੇਡਾ ਸਟਰੀਟ ਅਤੇ ਬਿਸ਼ਪ ਸਟਰੀਟ ਦਰਮਿਆਨ ਟੌਡ ਲੇਨ ’ਤੇ ਦੋ ਘਰਾਂ ਨੂੰ ਘੇਰ ਕੇ ਸਬੂਤ ਇਕੱਠੇ ਕੀਤੇ ਗਏ ਹਨ।
ਇਸ ਦੌਰਾਨ ਨੈਂਸੀ ਗਰੇਵਾਲ ਦੀ ਮਾਤਾ ਛਿੰਦਰਪਾਲ ਕੌਰ ਨੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਸ ਦੀ ਧੀ ਨੂੰ ਪਿਛਲੇ ਛੇ ਮਹੀਨਿਆਂ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਉਨ੍ਹਾਂ ਅਵਤਾਰ ਸਿੰਘ, ਵੀਰਇੰਦਰ ਛੋਕਰ ਅਤੇ ਹਰਜਿੰਦਰ ਨਾਂ ਦੇ ਵਿਅਕਤੀਆਂ ’ਤੇ ਕਤਲ ਦੇ ਦੋਸ਼ ਲਗਾਏ ਹਨ। ਮਾਤਾ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਰੇਕੀ ਕਰਕੇ ਨੈਂਸੀ ’ਤੇ ਹਮਲਾ ਕੀਤਾ।
ਛਿੰਦਰਪਾਲ ਕੌਰ ਦੇ ਮੁਤਾਬਕ ਨੈਂਸੀ ਵਿੰਡਸਰ ਵਿੱਚ ਇੱਕ ਬਜ਼ੁਰਗ ਮਰੀਜ਼ ਨੂੰ ਦੇਖਣ ਗਈ ਹੋਈ ਸੀ, ਜਦੋਂ ਦੋ ਹਮਲਾਵਰਾਂ ਨੇ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਗੰਭੀਰ ਜ਼ਖ਼ਮੀ ਹੋਣ ਤੋਂ ਬਾਅਦ ਨੈਂਸੀ ਜ਼ਮੀਨ ’ਤੇ ਡਿੱਗ ਪਈ। ਮੌਕੇ ’ਤੇ ਮੌਜੂਦ ਬਜ਼ੁਰਗ ਮਰੀਜ਼ ਨੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਪਰ ਜ਼ਖ਼ਮਾਂ ਦੀ ਤਾਬ ਨਾ ਚੱਲਣ ਕਾਰਨ ਉਸ ਦੀ ਮੌਤ ਹੋ ਗਈ।
ਪੁਲਿਸ ਨੇ ਪੀੜਤ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।








