ਅੰਮ੍ਰਿਤਸਰ: ਜੰਡਿਆਲਾ ਗੁਰੂ ਵਿੱਚ 24 ਸਾਲਾ ਨੌਜਵਾਨ ਰੋਹਿਤ ਦੀ ਭੇਦਭਰੇ ਹਾਲਾਤਾਂ ਵਿੱਚ ਮਿਲੀ ਲਾਸ਼ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਇਸ ਸਬੰਧ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ 16 ਫਰਵਰੀ 2026 ਨੂੰ ਰੋਹਿਤ ਪੁੱਤਰ ਜੋਰਜ ਮਸੀਹ, ਜੋ ਪੇਂਟ ਮਜ਼ਦੂਰੀ ਕਰਦਾ ਸੀ, ਘਰ ਤੋਂ ਕੰਮ ਲਈ ਨਿਕਲਿਆ ਪਰ ਦੇਰ ਰਾਤ ਤੱਕ ਵਾਪਸ ਨਾ ਆਇਆ। ਪਰਿਵਾਰ ਵੱਲੋਂ ਭਾਲ ਕਰਨ ਉਪਰੰਤ ਅਗਲੇ ਦਿਨ ਉਸ ਦੀ ਲਾਸ਼ ਗੁਨੋਵਾਲ ਸੂਏ ਦੇ ਕਿਨਾਰੇ ਤੋਂ ਬਰਾਮਦ ਹੋਈ। ਭੇਦਭਰੇ ਹਾਲਾਤਾਂ ਕਰਕੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਰਵਿੰਦਰ ਸਿੰਘ ਨੇ ਦੱਸਿਆ ਕਿ ਐਸ.ਐਚ.ਓ. ਨਰੇਸ਼ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਹਰ ਪੱਖ ਤੋਂ ਜਾਂਚ ਕੀਤੀ। ਜਾਂਚ ਦੌਰਾਨ ਵਿਲਿਅਮ ਮਸੀਹ ਉਰਫ ਮਿੱਠੂ ਪੁੱਤਰ ਸੰਦੀਪ ਮਸੀਹ ਅਤੇ ਉਸਦਾ ਪਿਤਾ ਸੰਦੀਪ ਮਸੀਹ ਪੁੱਤਰ ਵਿਨੋਦ ਕੁਮਾਰ ਵਾਸੀ ਜੋਤੀਸਰ ਕਲੋਨੀ, ਜੰਡਿਆਲਾ ਗੁਰੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਿਸ ਨੇ ਦੋਸ਼ੀਆਂ ਪਾਸੋਂ ਮ੍ਰਿਤਕ ਦਾ ਮੋਬਾਈਲ ਫੋਨ ਅਤੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਪ੍ਰਾਰੰਭਿਕ ਪੁੱਛਗਿੱਛ ਵਿੱਚ ਖੁਲਾਸਾ ਹੋਇਆ ਕਿ ਮੁੱਖ ਦੋਸ਼ੀ ਨੇ ਰੋਹਿਤ ਨੂੰ ਆਪਣੇ ਘਰ ਬੁਲਾ ਕੇ ਠੰਢੇ ਪੇਯ ਵਿੱਚ ਨਸ਼ੀਲੇ ਕੈਪਸੂਲ ਮਿਲਾ ਕੇ ਪਿਲਾਏ। ਬੇਹੋਸ਼ ਹੋਣ ਉਪਰੰਤ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਲਾਸ਼ ਨੂੰ ਗੁਨੋਵਾਲ ਸੂਏ ਦੇ ਕਿਨਾਰੇ ਸੁੱਟ ਦਿੱਤਾ ਗਿਆ।
ਡੀ.ਐਸ.ਪੀ. ਨੇ ਦੱਸਿਆ ਕਿ ਦੋਸ਼ੀ ਦੇ ਪਿਤਾ ਨੇ ਵੀ ਲਾਸ਼ ਨੂੰ ਸੁੱਟਣ ਵਿੱਚ ਮਦਦ ਕੀਤੀ। ਕਤਲ ਦਾ ਕਾਰਨ ਰੰਜਿਸ਼ ਦੱਸਿਆ ਜਾ ਰਿਹਾ ਹੈ, ਕਿਉਂਕਿ ਰੋਹਿਤ ਪਹਿਲਾਂ ਮੁੱਖ ਦੋਸ਼ੀ ਨੂੰ ਆਪਣੇ ਨਾਲ ਕੰਮ ’ਤੇ ਲੈ ਕੇ ਜਾਂਦਾ ਸੀ ਪਰ ਹਾਲ ਵਿੱਚ ਨਹੀਂ ਲੈ ਕੇ ਜਾ ਰਿਹਾ ਸੀ। ਪੁਲਿਸ ਮੁਤਾਬਕ ਮੁੱਖ ਦੋਸ਼ੀ ਨਸ਼ੇ ਦਾ ਆਦੀ ਵੀ ਹੈ।
ਪੁਲਿਸ ਵੱਲੋਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਮਾਮਲੇ ਦੀ ਹੋਰ ਜਾਂਚ ਜਾਰੀ ਹੈ।







