Home ਪਟਿਆਲਾ ਅਪਡੇਟ ਪਟਿਆਲਾ ਵਿੱਚ ‘ਸਾਡੇ ਬਜ਼ੁਰਗ ਸਾਡਾ ਮਾਣ’ ਤਹਿਤ ਦਾਦਾ ਦਾਦੀ ਦਿਵਸ ਦਾ ਆਯੋਜਨ

ਪਟਿਆਲਾ ਵਿੱਚ ‘ਸਾਡੇ ਬਜ਼ੁਰਗ ਸਾਡਾ ਮਾਣ’ ਤਹਿਤ ਦਾਦਾ ਦਾਦੀ ਦਿਵਸ ਦਾ ਆਯੋਜਨ

0

ਪਟਿਆਲਾ 26 ਫਰਵਰੀ: (ਮਨੋਜ ਵਰਮਾ) : ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਰਜੀਤ ਵਾਲੀਆ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਜੋਬਨਦੀਪ ਕੌਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਸ਼੍ਰੀ ਸੰਜੀਵ ਸ਼ਰਮਾ ਦੀ ਰਹਿਨੁਮਾਈ ਹੇਠ, ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਰਵਿੰਦਰ ਪਾਲ ਸ਼ਰਮਾ ਦੀ ਅਗਵਾਈ ਵਿੱਚ ਜ਼ਿਲ੍ਹਾ ਪਟਿਆਲਾ ਦੇ ਵੱਖ-ਵੱਖ ਸਕੂਲਾਂ ਵਿੱਚ ‘ਸਾਡੇ ਬਜ਼ੁਰਗ ਸਾਡਾ ਮਾਣ’ ਪ੍ਰੋਗਰਾਮ ਅਧੀਨ ਦਾਦਾ / ਦਾਦੀ ਨਾਲ ਸਬੰਧਤ ਬਾਂਡਿੰਗ ਗਤੀਵਿਧੀਆਂ ਕਰਵਾਈਆਂ ਗਈਆਂ।

ਇਸ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮਾਡਲ ਟਾਊਨ ਵਿਖੇ “ਗ੍ਰੈਂਡਪੇਰੈਂਟਸ ਡੇ” ਮਨਾਇਆ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਸਲੋਗਨ ਲਿਖਣ, ਕਵਿਤਾ ਪਾਠ ਅਤੇ ਗੀਤ ਗਾਇਨ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ। ਇਸ ਤੋਂ ਇਲਾਵਾ ਬੱਚਿਆਂ ਅਤੇ ਉਨ੍ਹਾਂ ਦੇ ਦਾਦਾ-ਦਾਦੀ/ਨਾਨਾ-ਨਾਨੀ ਨਾਲ ਅੰਤਾਕਸ਼ਰੀ, ਮਿਊਜ਼ਿਕਲ ਚੇਅਰ, ਗੱਲਬਾਤ ਅਤੇ ਕਵਿਜ਼ ਸੈਸ਼ਨ ਵਰਗੀਆਂ ਰੁਚਿਕਰ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ ਨਾਲ ਦੋਵਾਂ ਪੀੜ੍ਹੀਆਂ ਵਿਚਕਾਰ ਪਿਆਰ, ਸਨਮਾਨ ਅਤੇ ਸਮਝ ਦਾ ਵਾਤਾਵਰਣ ਬਣਿਆ।

ਇਸੇ ਤਹਿਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਿਰਧ ਆਸ਼ਰਮਾਂ ਦੀ ਵਿਜ਼ਿਟ ਵੀ ਕਰਵਾਈ ਗਈ। ਬੱਚਿਆਂ ਅਤੇ ਅਧਿਆਪਕਾਂ ਵੱਲੋਂ ਸਵਰਗ ਧਾਮ ਬਿਰਧ ਘਰ ਰਾਜਪੁਰਾ, ਮਾਤਾ ਖੀਵੀ ਬਿਰਧ ਆਸ਼ਰਮ ਸੂਲਰ ਅਤੇ ਸਾਈ ਬਿਰਧ ਆਸ਼ਰਮ ਚੋਹਾ ਵਿਖੇ ਜਾ ਕੇ ਬਜ਼ੁਰਗਾਂ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਬਜ਼ੁਰਗਾਂ ਨੇ ਆਪਣੇ ਜੀਵਨ ਦੇ ਤਜਰਬੇ ਬੱਚਿਆਂ ਨਾਲ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੇ ਵੀ ਵੱਖ-ਵੱਖ ਗਤੀਵਿਧੀਆਂ ਰਾਹੀਂ ਉਨ੍ਹਾਂ ਨਾਲ ਸਮਾਂ ਬਿਤਾਇਆ।

ਪ੍ਰੋਗਰਾਮ ਦਾ ਮੁੱਖ ਉਦੇਸ਼ ਬਜ਼ੁਰਗਾਂ ਦੇ ਤਜਰਬਿਆਂ ਅਤੇ ਯਾਦਾਂ ਨੂੰ ਨਵੀਂ ਪੀੜ੍ਹੀ ਨਾਲ ਜੋੜਨਾ, ਉਨ੍ਹਾਂ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਨਾ ਅਤੇ ਬੱਚਿਆਂ ਨੂੰ ਨੈਤਿਕ ਮੁੱਲਾਂ ਬਾਰੇ ਪ੍ਰੇਰਿਤ ਕਰਨਾ ਸੀ।

ਇਨ੍ਹਾਂ ਗਤੀਵਿਧੀਆਂ ਦੇ ਸਫਲ ਆਯੋਜਨ ਵਿੱਚ ਜ਼ਿਲ੍ਹਾ ਨੋਡਲ ਅਫਸਰ ਨੀਰੂ ਬਾਲਾ, ਬੀ.ਆਰ. ਸ਼੍ਰੀ ਹਿਮਾਂਸ਼ੂ ਅਗਰਵਾਲ, ਬੀ.ਐਨ.ਓਜ਼ ਰਚਨਾ ਰਾਣੀ, ਨਵਨੀਤ ਸਿੰਘ, ਪੂਜਾ ਗੁਪਤਾ, ਮੀਨਾ ਸਚਰ ਅਤੇ ਵੱਖ-ਵੱਖ ਬਲਾਕਾਂ ਦੇ ਬੀ.ਆਰ.ਸੀ. ਅਤੇ ਅਧਿਆਪਕਾਂ ਨੇ ਵਿਸ਼ੇਸ਼ ਭੂਮਿਕਾ ਨਿਭਾਈ।

Exit mobile version