ਪਟਿਆਲਾ, 25 ਫਰਵਰੀ:
ਸਥਾਨਕ ਸਟੇਟ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਵਿਖੇ ਪ੍ਰਿੰਸੀਪਲ ਪ੍ਰੋਫੈਸਰ ਵਨੀਤਾ ਰਾਣੀ ਜੀ ਦੀ ਯੋਗ ਅਗਵਾਈ ਹੇਠ ਚੱਲ ਰਹੇ ਐਨ.ਐਸ.ਐਸ. ਦੇ ਸੱਤ ਰੋਜ਼ਾ ਕੈਂਪ ਦੇ ਪੰਜਵੇਂ ਦਿਨ ਵਲੰਟੀਅਰਾਂ ਵੱਲੋਂ ਕਾਲਜ ਕੈਂਪਸ ਵਿੱਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਗਈ। ਇਸ ਮੁਹਿੰਮ ਤਹਿਤ ਕਾਲਜ ਦੇ ਸਾਹਮਣੇ ਵਾਲੀ ਪਾਰਕਿੰਗ ਦੀ ਮੁਕੰਮਲ ਸਫ਼ਾਈ ਕੀਤੀ ਗਈ, ਜਿਸ ਦੀ ਅਗਵਾਈ ਪ੍ਰੋਗਰਾਮ ਅਫ਼ਸਰ ਸ੍ਰੀ ਜਗਦੇਵ ਢਿੱਲੋ ਅਤੇ ਮਿਸ ਮੂਰਤੀ ਕੌਰ ਵੱਲੋਂ ਕੀਤੀ ਗਈ।
ਦੱਸਣਯੋਗ ਹੈ ਕਿ ਇਹ ਪਾਰਕਿੰਗ ਪਿਛਲੇ ਲੰਬੇ ਸਮੇਂ ਤੋਂ ਬੰਦ ਪਈ ਸੀ ਅਤੇ ਗੰਦਗੀ ਕਾਰਨ ਵਰਤਣ ਯੋਗ ਨਹੀਂ ਸੀ। ਇਸ ਸਫ਼ਾਈ ਅਭਿਆਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਕੈਂਪਸ ਨੂੰ ਸਾਫ਼-ਸੁਥਰਾ ਤੇ ਹਰਿਆ-ਭਰਿਆ ਰੱਖਣਾ ਸੀ।
ਅਭਿਆਨ ਦੌਰਾਨ ਉਤਸ਼ਾਹੀ ਵਲੰਟੀਅਰਾਂ ਨੇ ਪਾਰਕਿੰਗ ਵਿੱਚ ਖਿਲਰਿਆ ਕੂੜਾ-ਕਰਕਟ, ਪਲਾਸਟਿਕ ਦੀਆਂ ਬੋਤਲਾਂ, ਕਾਗਜ਼ ਅਤੇ ਹੋਰ ਗੰਦਗੀ ਨੂੰ ਇਕੱਠਾ ਕਰਕੇ ਉਸ ਦਾ ਸਹੀ ਤਰੀਕੇ ਨਾਲ ਨਿਪਟਾਰਾ ਕੀਤਾ। ਵਿਦਿਆਰਥੀਆਂ ਨੇ ਐਨ.ਐਸ.ਐਸ. ਦੇ ਮੂਲ ਮੰਤਰ ‘ਮੈਂ ਨਹੀਂ, ਤੂੰ’ ‘ਤੇ ਪਹਿਰਾ ਦਿੰਦਿਆਂ ਬੜੀ ਲਗਨ ਅਤੇ ਜ਼ਿੰਮੇਵਾਰੀ ਨਾਲ ਸੇਵਾ ਨਿਭਾਈ।
ਕਾਲਜ ਪ੍ਰਬੰਧਕਾਂ ਨੇ ਦੱਸਿਆ ਕਿ ਸੰਸਥਾ ਵੱਲੋਂ ਸਮੇਂ-ਸਮੇਂ ‘ਤੇ ਗੋਦ ਲਏ ਗਏ ਇਲਾਕਿਆਂ ਵਿੱਚ ਵੀ ਸਫ਼ਾਈ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ ਤਾਂ ਜੋ ਵਿਦਿਆਰਥੀਆਂ ਵਿੱਚ ਸਮਾਜ ਸੇਵਾ ਦੀ ਭਾਵਨਾ ਪ੍ਰਬਲ ਹੋ ਸਕੇ। ਇਸ ਮੌਕੇ ਸਮੂਹ ਸਟਾਫ਼ ਅਤੇ ਵਲੰਟੀਅਰ ਹਾਜ਼ਰ ਸਨ।







