40 ਲੱਖ ਨੀਲੇ ਕਾਰਡ ਧਾਰਕ ਪਰਿਵਾਰਾਂ ਨੂੰ ਮਿਲੇਗਾ ਸਿੱਧਾ ਲਾਭ
ਚੰਡੀਗੜ੍ਹ, 23 ਫਰਵਰੀ 2026 (ਬੋਧੂ ਰਾਮ ਚੌਧਰੀ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਵਿੱਚ ਖ਼ੁਰਾਕੀ ਸੁਰੱਖਿਆ ਅਤੇ ਪੌਸ਼ਟਿਕਤਾ ਦੇ ਪੱਧਰ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇੱਕ ਨਵੀਂ ਲੋਕ-ਭਲਾਈ ਪਹਿਲਕਦਮੀ ‘ਮੇਰੀ ਰਸੋਈ’ ਯੋਜਨਾ ਦਾ ਐਲਾਨ ਕੀਤਾ ਹੈ। ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਜਨਤਕ ਵੰਡ ਪ੍ਰਣਾਲੀ (PDS) ਤਹਿਤ ਮਿਲਣ ਵਾਲੀ ਕਣਕ ਦੇ ਨਾਲ-ਨਾਲ ਹੁਣ ਲੋੜਵੰਦ ਪਰਿਵਾਰਾਂ ਨੂੰ ਰਸੋਈ ਦੇ ਜ਼ਰੂਰੀ ਸਾਮਾਨ ਦੀ ਇੱਕ ਵਿਸ਼ੇਸ਼ ‘ਫੂਡ ਕਿੱਟ’ ਵੀ ਦਿੱਤੀ ਜਾਵੇਗੀ।
‘ਮੇਰੀ ਰਸੋਈ’ ਫੂਡ ਕਿੱਟ ਵਿੱਚ ਕੀ-ਕੀ ਮਿਲੇਗਾ?
ਇਸ ਯੋਜਨਾ ਦੇ ਤਹਿਤ ਲਾਭਪਾਤਰੀਆਂ ਨੂੰ ਹੇਠ ਲਿਖੀ ਸਮੱਗਰੀ ਮੁਹੱਈਆ ਕਰਵਾਈ ਜਾਵੇਗੀ:
- ਦਾਲਾਂ: 2 ਕਿੱਲੋ (ਮਿਕਸ ਦਾਲ/ਚਣਾ)
- ਚੀਨੀ: 2 ਕਿੱਲੋ
- ਤੇਲ: 1 ਲੀਟਰ ਸ਼ੁੱਧ ਸਰ੍ਹੋਂ ਦਾ ਤੇਲ
- ਨਮਕ: 1 ਕਿੱਲੋ ਆਇਓਡੀਨ ਯੁਕਤ ਨਮਕ
- ਹਲਦੀ: 200 ਗ੍ਰਾਮ ਹਲਦੀ ਪਾਊਡਰ
“ਰਸੋਈ ਦਾ ਚੁੱਲ੍ਹਾ ਹੁੰਦਾ ਹੈ ਘਰ ਦਾ ਚਾਰਟਰਡ ਅਕਾਊਂਟੈਂਟ”
ਮੁੱਖ ਮੰਤਰੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਰਸੋਈ ਦਾ ਚੁੱਲ੍ਹਾ ਹਰ ਘਰ ਦਾ ‘ਚਾਰਟਰਡ ਅਕਾਊਂਟੈਂਟ’ ਹੁੰਦਾ ਹੈ, ਕਿਉਂਕਿ ਉਹੀ ਪਰਿਵਾਰ ਦੀ ਅਸਲ ਆਰਥਿਕ ਸਥਿਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ:
“ਸਾਡੀ ਗਾਰੰਟੀ ਦਾ ਮਤਲਬ ਸਿਰਫ਼ ਚੋਣਵੀਂ ਵਾਅਦਾ ਨਹੀਂ, ਸਗੋਂ ਲੋਕਾਂ ਦੀਆਂ ਜ਼ਮੀਨੀ ਲੋੜਾਂ ਨੂੰ ਸਮਝਣਾ ਹੈ। ਸਿਰਫ਼ ਕਣਕ ਨਾਲ ਰਸੋਈ ਪੂਰੀ ਨਹੀਂ ਹੁੰਦੀ—ਤੇਲ, ਹਲਦੀ ਅਤੇ ਨਮਕ ਵੀ ਉਨੇ ਹੀ ਜ਼ਰੂਰੀ ਹਨ। ਅਸੀਂ ਇਹ ਕਦਮ ਪੰਜਾਬ ਦੇ ਭੋਜਨ ਨੂੰ ਹੋਰ ਪੌਸ਼ਟਿਕ ਬਣਾਉਣ ਲਈ ਚੁੱਕਿਆ ਹੈ।”
ਕਣਕ ਦੀ ਗੁਣਵੱਤਾ ਵਿੱਚ ਸੁਧਾਰ ਦਾ ਭਰੋਸਾ
ਇਹ ਯੋਜਨਾ ‘ਆਟਾ-ਦਾਲ’ ਸਕੀਮ ਦੇ ਅਧੀਨ ਬਲੂ (ਨੀਲੇ) ਰਾਸ਼ਨ ਕਾਰਡ ਧਾਰਕ ਲਗਭਗ 40 ਲੱਖ ਪਰਿਵਾਰਾਂ ਨੂੰ ਸਿੱਧਾ ਲਾਭ ਪਹੁੰਚਾਏਗੀ। ਮੁੱਖ ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਕਿ ਵੰਡੀ ਜਾਣ ਵਾਲੀ ਕਣਕ ਦੀ ਗੁਣਵੱਤਾ ਵਿੱਚ ਸੁਧਾਰ ਕੀਤਾ ਜਾਵੇਗਾ ਅਤੇ ਕਿਸੇ ਵੀ ਕੀਮਤ ‘ਤੇ ਘਟੀਆ ਅਨਾਜ ਸਪਲਾਈ ਨਹੀਂ ਹੋਣ ਦਿੱਤਾ ਜਾਵੇਗਾ।
ਸੂਬਾ ਸਰਕਾਰ ਦੀ ਇਸ ਪਹਿਲਕਦਮੀ ਨੂੰ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਲਈ ਵੱਡੀ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ, ਜਿਸ ਨਾਲ ਹੁਣ ਆਮ ਆਦਮੀ ਦੀ ਰਸੋਈ ਦਾ ਬਜਟ ਸੰਤੁਲਿਤ ਹੋ ਸਕੇਗਾ।








