Home ਪਟਿਆਲਾ ਅਪਡੇਟ ਗਾਇਕਾ ਰੌਣਕਿਨੀ ਗੁਪਤਾ ਦੀ ਦਿਲਕਸ਼ ਗਾਇਕੀ ਨਾਲ ਸਜੀ ਸ਼ਾਸਤਰੀ ਸੰਗੀਤ ਦੀ ਸ਼ਾਮ

ਗਾਇਕਾ ਰੌਣਕਿਨੀ ਗੁਪਤਾ ਦੀ ਦਿਲਕਸ਼ ਗਾਇਕੀ ਨਾਲ ਸਜੀ ਸ਼ਾਸਤਰੀ ਸੰਗੀਤ ਦੀ ਸ਼ਾਮ

0

ਅਨੁਪਮਾ ਭਾਗਵਤ, ਦੇਬਸਮਿੱਤਾ ਭੱਟਾਚਾਰੀਆ, ਅਭਿਸ਼ੇਕ ਅਵਧਾਨੀ ਤੇ ਅਭਿਸ਼ੇਕ ਮਿਸ਼ਰਾ ਦੀ ਚੌਗਲਬੰਦੀ ਨੇ ਸਰੋਤੇ ਮੰਤਰ ਮੁਗਧ ਕੀਤੇ

ਪਟਿਆਲਾ, 22 ਫਰਵਰੀ: (ਮਨੋਜ ਵਰਮਾ) : ਪਟਿਆਲਾ ਵਿਰਾਸਤੀ ਮੇਲਾ-2026 ਤਹਿਤ ਅੱਜ ਇਥੇ ਵਿਰਾਸਤੀ ਕਿਲਾ ਮੁਬਾਰਕ ਦੇ ਦਰਬਾਰ ਹਾਲ ਦੇ ਖੁੱਲ੍ਹੇ ਵਿਹੜੇ ਵਿਚ ਭਾਰਤੀ ਸ਼ਾਸਤਰੀ ਸੰਗੀਤ ਦੀ ਸ਼ਾਮ ਮੌਕੇ ਸ਼ਾਸ਼ਤਰੀ ਗਾਇਕਾ ਰੌਣਕਿਨੀ ਗੁਪਤਾ ਨੇ ਸ਼ਾਸ਼ਤਰੀ ਗਾਇਨ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਜਦੋਂਕਿ ਚੌਗੁਲਬੰਦੀ ਦੀ ਵਿਲੱਖਣ ਪੇਸ਼ਕਾਰੀ ਨੇ ਇਸ ਸ਼ਾਸ਼ਤਰੀ ਸੰਗੀਤ ਦੀ ਸ਼ਾਮ ਨੂੰ ਸਿਖ਼ਰਾਂ ‘ਤੇ ਪਹੁੰਚਾ ਦਿੱਤਾ।

ਸਦੀਆਂ ਪੁਰਾਣੀ ਭਾਰਤੀ ਸੰਗੀਤ ਦੀ ਪ੍ਰੰਪਰਾ ਨਾਲ ਨੌਜਵਾਨਾਂ ਨੂੰ ਜੋੜਨ ਦਾ ਚੰਗਾ ਉਪਰਾਲਾ-ਕੋਹਲੀ, ਬਰਸਟ, ਗੋਗੀਆ

ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਇਸ ਸਮਾਰੋਹ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਤੇ ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਤੇਜਿੰਦਰ ਮਹਿਤਾ ਵੀ ਵਿਸ਼ੇਸ਼ ਤੌਰ ‘ਤੇ ਪੁੱਜੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਵਿਰਾਸਤੀ ਕਿਲਾ ਮੁਬਾਰਕ ਵਿਖੇ ਸਦੀਆਂ ਤੋਂ ਜਲਦੀ ਆ ਰਹੀ ਜੋਤ ਤੋਂ ਮਸ਼ਾਲ ਰਾਹੀਂ ਲਿਆਂਦੀ ਗਈ ਜੋਤ ਨਾਲ ਅੱਗੇ ਸ਼ਮਾ ਰੋਸ਼ਨ ਕਰਕੇ ਇਸ ਉਤਸਵ ਦਾ ਆਗਾਜ਼ ਕੀਤਾ।
ਇਸ ਮੌਕੇ ਪ੍ਰਸਿੱਧ ਭਾਰਤੀ ਸ਼ਾਸਤਰੀ ਗਾਇਕਾ ਰੌਣਕਿਨੀ ਗੁਪਤਾ ਨੇ ਰਾਗ ਕੇਦਾਰ, ਵਿਲੰਬਿਤ ਖਿਆਲ, ‘ਅਬ ਮਾਨੋ ਮੋਰੀ ਬਾਤ, ਮੱਧ ਲੈ ਰੂਪਕ ਤਾਲ ਵਿੱਚ, ‘ਕੰਗਨਵਾ ਬਾਜੇ ਮੋਰਾ’, ਅਤੇ ਆੜਾ ਚੌਤਾਲ ਵਿੱਚ ਇੱਕ ਹੋਰ ਤਰਾਨਾ, ਆਪਣੇ ਵੱਲੋਂ ਆਪਣੀਆਂ ਬਣਾਈਆਂ ਤਿੰਨੋਂ ਬੰਦਿਸ਼ਾਂ ਪੇਸ਼ ਕੀਤੀਆਂ।


ਉਨ੍ਹਾਂ ਨੇ ਰਾਗ ਭੀਮਪਲਾਸੀ ਕਰਦਿਆਂ ਛੋਟਾ ਖਿਆਲ ਤੀਨ ਤਾਲ ਵਿੱਚ, ‘ਦੇਖੋ ਬਿਜੁਰੀਆ’ ਅਤੇ ਝਪਤਾਲ ਵਿੱਚ ਆਪਣੇ ਉਸਤਾਦ ਅਬਦੁਲ ਰਸ਼ੀਦ ਖ਼ਾਨ ਸਾਬ੍ਹ ਦੀ ਰਚਨਾ ਤਰਾਨਾ ‘ਓ ਦੇ ਤਾਨਾ ਨਾ’ ਦੀ ਮੰਤਰ ਮੁਗਧ ਕਰਨ ਵਾਲੀ ਪੇਸ਼ਕਾਰੀ ਕਰਦਿਆਂ ਦਰਸ਼ਕਾਂ ਨੂੰ ਝੂਮਣ ‘ਤੇ ਮਜ਼ਬੂਰ ਕੀਤਾ। ਉਨ੍ਹਾਂ ਨਾਲ ਤਬਲੇ ‘ਤੇ ਅਸ਼ੀਸ਼ ਰਾਗਵਾਨੀ ਅਤੇ ਹਰਮੋਨੀਅਮ ‘ਤੇ ਤਨਮਯ ਮੇਸਤਰੀ ਨੇ ਸੰਗਤੀ ਕੀਤੀ। ਇਨ੍ਹਾਂ ਕਲਾਕਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਕਿ ਉਨ੍ਹਾਂ ਨੇ ਰਾਗਾਂ ਦੇ ਸ਼ਹਿਰ ਪਟਿਆਲਾ ਵਿਖੇ ਆਕੇ ਅੱਜ ਕੁਝ ਗਾਇਆ ਹੈ।
ਇਸ ਸ਼ਾਸਤਰੀ ਸੰਗੀਤਮਈ ਦੂਸਰੀ ਪੇਸ਼ਕਾਰੀ ਸਮੇਂ ਸਿਤਾਰਵਾਦਕ ਅਨੁਪਮਾ ਭਾਗਵਤ ਅਤੇ ਸਰੋਦ ਵਾਦਕ ਦੇਬਸਮਿਤਾ ਭੱਟਾਚਾਰੀਆ ਸ਼ਾਸਤਰੀ ਸੰਗੀਤ ਦੇ ਇੱਕ ਦੁਰਲੱਭ ਸੁਰੀਲੇ ਸੰਯੋਗ ਵਿੱਚ ਸ਼ਾਮਲ ਹੋਏ, ਜਿਸ ਵਿੱਚ ਪੰਡਿਤ ਅਭਿਸ਼ੇਕ ਮਿਸ਼ਰਾ ਦੇ ਤਬਲਾ ਵਾਦਨ ਅਤੇ ਅਭਿਸ਼ੇਕ ਅਵਧਾਨੀ ਦੇ ਮ੍ਰਿਦੰਗਮ ਨੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।


ਇਸ ਚੌਗਲਬੰਦੀ ਦੀ ਸ਼ੁਰੂਆਤ ਰਾਗ ਜੋਗ ‘ਚ ਇੱਕ ਅਲਾਪ ਨਾਲ ਹੋਈ, ਜਿਸ ਤੋਂ ਬਾਅਦ ਤੀਨਤਾਲ ‘ਤੇ ਸੈੱਟ ਕੀਤੀਆਂ ਗਈਆਂ ਰਚਨਾਵਾਂ, ਦੋ ਸੁਰੀਲੇ ਸਾਜ਼ਾਂ ਵਿਚਕਾਰ ਇੱਕ ਦਿਲਚਸਪ ਸੰਵਾਦ ਨੂੰ ਪ੍ਰਦਰਸ਼ਿਤ ਕੀਤਾ। ਜਦਕਿ ਤਬਲੇ ਅਤੇ ਮ੍ਰਿਦੰਗਮ ਦੀ ਮੌਜੂਦਗੀ ਨੇ ਇੱਕ ਵਿਲੱਖਣ ਤਾਲਬੱਧ ਪਹਿਲੂ ਜੋੜਿਆ, ਜਿਸ ਨਾਲ ਹਿੰਦੁਸਤਾਨੀ ਅਤੇ ਕਰਨਾਟਕ ਪਰਕਸ਼ਨ ਪ੍ਰੰਪਰਾ ਨੂੰ ਇੱਕ ਲੈਅਬੱਧ ਕਰਦਿਆਂ ਸਮੇਂ ਨੂੰ ਬੰਨ੍ਹ ਦਿੱਤਾ।ਮੰਚ ਸੰਚਾਲਨ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਦੇ ਸਹਾਇਕ ਡਾਇਰੈਕਟਰ ਰਵਿੰਦਰ ਸ਼ਰਮਾ ਨੇ ਕੀਤਾ।

ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਤੇ ਡਿਪਟੀ ਕਮਿਸ਼ਨਰ ਸਮੇਤ ਹੋਰ ਸ਼ਖ਼ਸੀਅਤਾਂ ਨੇ ਸ਼ਾਸਤਰੀ ਸੰਗੀਤ ਦਾ ਆਨੰਦ ਮਾਣਿਆ
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਤੇਜਿੰਦਰ ਮਹਿਤਾ ਨੇ ਸ਼ਿਰਕਤ ਕੀਤੀ ਤੇ ਕਿਹਾ ਕਿ ਭਾਰਤੀ ਸੰਗੀਤ ਪ੍ਰੰਪਰਾ ਸਦੀਆਂ ਪੁਰਾਣੀ ਹੈ ਪਰੰਤੂ ਸਾਡੀ ਅੱਜ ਦੀ ਪੀੜ੍ਹੀ ਇਸ ਤੋਂ ਦੂਰ ਹੋ ਰਹੀ ਹੈ ਪਰ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਪਟਿਆਲਾ ਹੈਰੀਟੇਜ ਫੈਸਟੀਵਲ ਕਰਵਾਉਣ ਦਾ ਇਹ ਚੰਗਾ ਉਪਰਾਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਯਤਨ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਸਹਾਈ ਹੋਣਗੇ।
ਨੋਡਲ ਅਫ਼ਸਰ ਐਸ ਡੀ ਐਮ ਸਮਾਣਾ ਰਿਚਾ ਗੋਇਲ ਦੀ ਦੇਖ ਰੇਖ ਹੇਠ ਸ਼ਾਹੀ ਸ਼ਾਨ-ਓ-ਸ਼ੌਕਤ ਨਾਲ ਵਿਰਾਸਤੀ ਅੰਦਾਜ ‘ਚ ਖ਼ੂਬਸੂਰਤ ਰੌਸ਼ਨੀਆਂ ਨਾਲ ਸਜੇ ਅਤੇ ਜਗਮਗਾਏ ਪਟਿਆਲਾ ਦੇ ਵਿਰਾਸਤੀ ਕਿਲ੍ਹਾ ਮੁਬਾਰਕ ਵਿਖੇ ਮਧੁਰ ਸੰਗੀਤ, ਤੇ ਪੰਛੀਆਂ ਦੀ ਚਹਿਚਹਾਟ ਨੇ ਦਰਸ਼ਕਾਂ ਨੂੰ ਮੋਹ ਲਿਆ। ਇਸ ਮੌਕੇ ਤਾਨੀਆ ਬੈਂਸ, ਏ.ਡੀ.ਸੀ ਸਿਮਰਪ੍ਰੀਤ ਕੌਰ, ਐਸ ਪੀ ਪਲਵਿੰਦਰ ਸਿੰਘ ਚੀਮਾ, ਐਸ ਡੀ ਐਮਜ ਨਮਨ ਮਾਰਕੰਨ, ਰਿਚਾ ਗੋਇਲ, ਹਰਜੋਤ ਕੌਰ ਮਾਵੀ, ਮੁੱਖ ਮੰਤਰੀ ਫੀਲਡ ਅਫ਼ਸਰ ਸਤੀਸ਼ ਚੰਦਰ, ਕੌਂਸਲਰ ਅੰਮ੍ਰਿਤ ਪਾਲ ਸਿੰਘ ਪਾਲੀ ਅਤੇ ਰਣਜੀਤ ਸਿੰਘ ਸਮੇਤ ਪਟਿਆਲਾ ਵਾਸੀ ਤੇ ਸੰਗੀਤ ਪ੍ਰੇਮੀਆਂ ਨੇ ਵੱਡੀ ਗਿਣਤੀ ‘ਚ ਸ਼ਿਰਕਤ ਕਰਕੇ ਦੇਰ ਰਾਤ ਤੱਕ ਸ਼ਾਸ਼ਤਰੀ ਗਾਇਕੀ ਤੇ ਕਲਾਸੀਕਲ ਡਾਂਸ ਦਾ ਅਨੰਦ ਮਾਣਿਆ।

Exit mobile version