ਪਟਿਆਲਾ, 14 ਫਰਵਰੀ: (ਬਲਜੀਤ ਸਰਨਾ) : ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਅੱਜ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਸਿਹਤ ਸੇਵਾਵਾਂ ਨੂੰ ਅਤੀ-ਆਧੁਨਿਕ ਬਣਾਉਣ ਦੇ ਮਕਸਦ ਨਾਲ ਕਈ ਵੱਡੇ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ। ਇਸ ਮੌਕੇ ਉਨ੍ਹਾਂ ਨੇ ਰਜਿੰਦਰਾ ਹਸਪਤਾਲ ਨੂੰ ਸੂਬੇ ਦਾ ਮੋਹਰੀ ਹਸਪਤਾਲ ਬਣਾਉਣ ਲਈ ਕਈ ਅਹਿਮ ਐਲਾਨ ਵੀ ਕੀਤੇ।
82 ਕਰੋੜ ਨਾਲ ਬਣੇਗਾ 256 ਬੈੱਡਾਂ ਵਾਲਾ ਟਰੋਮਾ ਸੈਂਟਰ
ਸਿਹਤ ਮੰਤਰੀ ਨੇ 82 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੇ 256 ਬੈੱਡਾਂ ਦੇ ਅਤੀ-ਆਧੁਨਿਕ ਟਰੋਮਾ ਸੈਂਟਰ ਦਾ ਨੀਂਹ ਪੱਥਰ ਰੱਖਦਿਆਂ ਦੱਸਿਆ ਕਿ ਇਹ ਪ੍ਰੋਜੈਕਟ ਅਗਲੇ ਡੇਢ ਸਾਲ ਦੇ ਅੰਦਰ ਮੁਕੰਮਲ ਹੋ ਜਾਵੇਗਾ।
- ਫਾਇਦਾ: ਇਸ ਸੈਂਟਰ ਦੇ ਬਣਨ ਨਾਲ ਐਮਰਜੈਂਸੀ ਸੇਵਾਵਾਂ ਲਈ ਮਰੀਜ਼ਾਂ ਨੂੰ ਚੰਡੀਗੜ੍ਹ ਜਾਂ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਵਿੱਚ ਨਹੀਂ ਜਾਣਾ ਪਵੇਗਾ।
- ਡਾਕਟਰਾਂ ਲਈ ਸਹੂਲਤ: ਰੈਜ਼ੀਡੈਂਟ ਡਾਕਟਰਾਂ ਦੇ ਰਹਿਣ ਲਈ 15 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਬਿਲਡਿੰਗ ਦਾ ਵੀ ਨੀਂਹ ਪੱਥਰ ਰੱਖਿਆ ਗਿਆ।
ਹੁਣ ਮਰੀਜ਼ਾਂ ਦਾ ਬਿੱਲ ਆਵੇਗਾ ‘ਜ਼ੀਰੋ’, ਯੂਜ਼ਰ ਚਾਰਜਿਸ ਕੀਤੇ ਮੁਕੰਮਲ ਬੰਦ: ਡਾ. ਬਲਬੀਰ ਸਿੰਘ
ਡਾ. ਬਲਬੀਰ ਸਿੰਘ ਨੇ ਇੱਕ ਬਹੁਤ ਹੀ ਅਹਿਮ ਐਲਾਨ ਕਰਦਿਆਂ ਕਿਹਾ ਕਿ ਹੁਣ ਰਜਿੰਦਰਾ ਹਸਪਤਾਲ ਵਿੱਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਦਾ ਬਿੱਲ ‘ਜ਼ੀਰੋ’ ਆਵੇਗਾ।
“ਪਹਿਲਾਂ ਮਰੀਜ਼ਾਂ ਨੂੰ ਛੁੱਟੀ ਹੋਣ ਸਮੇਂ ‘ਯੂਜ਼ਰ ਚਾਰਜਿਸ’ ਵਜੋਂ ਪੈਸੇ ਦੇਣੇ ਪੈਂਦੇ ਸਨ, ਪਰ ਹੁਣ ਰਜਿੰਦਰਾ ਹਸਪਤਾਲ ਵਿੱਚ ਇਹ ਖ਼ਰਚੇ ਮੁਕੰਮਲ ਰੂਪ ਵਿੱਚ ਬੰਦ ਕਰ ਦਿੱਤੇ ਗਏ ਹਨ। ਮਰੀਜ਼ਾਂ ਤੋਂ ਕੋਈ ਵਾਧੂ ਚਾਰਜ ਨਹੀਂ ਲਿਆ ਜਾਵੇਗਾ।”
ਮੌਕੇ ‘ਤੇ ਹੀ ਬਣੇਗਾ 10 ਲੱਖ ਦਾ ਸਿਹਤ ਬੀਮਾ ਕਾਰਡ
ਗਰੀਬ ਅਤੇ ਲੋੜਵੰਦ ਮਰੀਜ਼ਾਂ ਦੀ ਸਹੂਲਤ ਲਈ ਸਿਹਤ ਮੰਤਰੀ ਨੇ ਦੱਸਿਆ ਕਿ:
- ਜੇਕਰ ਕੋਈ ਮਰੀਜ਼ ਬਿਨਾਂ ਕਾਰਡ ਤੋਂ ਐਮਰਜੈਂਸੀ ਵਿੱਚ ਆਉਂਦਾ ਹੈ, ਤਾਂ ਉਸ ਨੂੰ ਕੇਵਲ ਆਪਣਾ ਆਧਾਰ ਕਾਰਡ ਜਾਂ ਵੋਟਰ ਆਈਡੀ ਨਾਲ ਲਿਆਉਣੀ ਪਵੇਗੀ।
- ਹਸਪਤਾਲ ਵਿੱਚ ਮੌਕੇ ‘ਤੇ ਹੀ ਉਸ ਦਾ 10 ਲੱਖ ਰੁਪਏ ਵਾਲਾ ਸਿਹਤ ਬੀਮਾ ਕਾਰਡ ਬਣਾ ਦਿੱਤਾ ਜਾਵੇਗਾ।
- ਕਿਸੇ ਵੀ ਮਰੀਜ਼ ਨੂੰ ਪੈਸਿਆਂ ਦੀ ਘਾਟ ਕਾਰਨ ਇਲਾਜ ਤੋਂ ਵਾਂਝਾ ਨਹੀਂ ਰੱਖਿਆ ਜਾਵੇਗਾ।
ਸਿਹਤ ਮੰਤਰੀ ਨੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਆਮ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਮੁਫ਼ਤ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।







