— ਅੱਜ ਤ੍ਰਿਪੁੜੀ ’ਚ ਸੜਕਾਂ ’ਤੇ ਉਤਰਣਗੇ ਕਾਂਗਰਸੀ ਵਰਕਰ
ਪਟਿਆਲਾ, 11 ਫਰਵਰੀ (ਮਨੋਜ ਵਰਮਾ) : ਪੰਜਾਬ ਵਿੱਚ ਅਮਨ ਕਾਨੂੰਨ ਦੀ ਲਗਾਤਾਰ ਖਰਾਬ ਹੋ ਰਹੀ ਸਥਿਤੀ ਅਤੇ ਮੌਜੂਦਾ ਸਰਕਾਰ ਦੀ ਅੰਨੀ–ਬੋਲੀ ਤੇ ਨਿਕੰਮੀ ਕਾਰਗੁਜ਼ਾਰੀ ਦੇ ਵਿਰੋਧ ਵਿੱਚ ਪੰਜਾਬ ਯੂਥ ਕਾਂਗਰਸ ਵੱਲੋਂ ਅੱਜ ਪਟਿਆਲਾ ਵਿੱਚ ਵਿਸ਼ਾਲ ਰੋਸ਼ ਮਾਰਚ ਕੀਤਾ ਜਾ ਰਿਹਾ ਹੈ। ਇਹ ਰੋਸ਼ ਮਾਰਚ ਦੁਪਹਿਰ 1:30 ਵਜੇ ਸ਼ੰਕਰ ਕਰਿਆਨਾ ਸਟੋਰ ਤੋਂ ਸ਼ੁਰੂ ਹੋ ਕੇ ਕੋਹਲੀ ਸਵੀਟ, ਤ੍ਰਿਪੁੜੀ ਤੱਕ ਪਹੁੰਚੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਨੇ ਕਿਹਾ ਕਿ ਸੂਬੇ ਵਿੱਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਡਗਮਗਾ ਗਈ ਹੈ। ਅਪਰਾਧ, ਨਸ਼ਿਆਂ ਅਤੇ ਅਸੁਰੱਖਿਆ ਦੇ ਮਾਹੌਲ ਨੇ ਆਮ ਲੋਕਾਂ ਨੂੰ ਡਰ ਦੇ ਸਾਏ ਹੇਠ ਜੀਊਣ ਲਈ ਮਜਬੂਰ ਕਰ ਦਿੱਤਾ ਹੈ, ਪਰ ਸਰਕਾਰ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਹੁਣ ਚੁੱਪ ਰਹਿਣ ਦਾ ਸਮਾਂ ਖਤਮ ਹੋ ਗਿਆ ਹੈ ਅਤੇ ਲੋਕਾਂ ਨੂੰ ਆਪਣੀ ਆਵਾਜ਼ ਸੜਕਾਂ ’ਤੇ ਲਿਆਉਣੀ ਪਵੇਗੀ।
ਮੋਹਿਤ ਮਹਿੰਦਰਾ ਨੇ ਦੱਸਿਆ ਕਿ ਇਹ ਇਤਿਹਾਸਕ ਰੋਸ਼ ਮਾਰਚ ਸ਼੍ਰੀ ਭੁਪੇਸ਼ ਬਘੇਲ ਜੀ (ਇੰਚਾਰਜ, ਪੰਜਾਬ ਮਾਮਲੇ) ਅਤੇ ਉਨ੍ਹਾਂ ਦੀ ਆਪਣੀ ਜੋਸ਼ੀਲੀ ਅਗਵਾਈ ਹੇਠ ਕੀਤਾ ਜਾ ਰਿਹਾ ਹੈ। ਇਸ ਮੋਰਚੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਜੀ ਸਮੇਤ ਕਾਂਗਰਸ ਦੇ ਕਈ ਸੀਨੀਅਰ ਆਗੂ ਵੀ ਸ਼ਮੂਲੀਅਤ ਕਰਨਗੇ।
ਉਨ੍ਹਾਂ ਕਿਹਾ ਕਿ ਇਹ ਰੋਸ਼ ਮਾਰਚ ਸਿਰਫ਼ ਇੱਕ ਰਾਜਨੀਤਿਕ ਪ੍ਰਦਰਸ਼ਨ ਨਹੀਂ, ਬਲਕਿ ਪੰਜਾਬ ਦੇ ਲੋਕਾਂ ਦੀ ਸੁਰੱਖਿਆ, ਇਨਸਾਫ਼ ਅਤੇ ਲੋਕਤੰਤਰ ਨੂੰ ਬਚਾਉਣ ਲਈ ਇੱਕ ਸੰਘਰਸ਼ ਹੈ। ਕਾਂਗਰਸ ਪਾਰਟੀ ਹਮੇਸ਼ਾਂ ਲੋਕਾਂ ਦੀ ਆਵਾਜ਼ ਬਣੀ ਹੈ ਅਤੇ ਅੱਗੇ ਵੀ ਲੋਕ ਹਿੱਤਾਂ ਲਈ ਡਟ ਕੇ ਲੜਦੀ ਰਹੇਗੀ।
ਮੋਹਿਤ ਮਹਿੰਦਰਾ ਨੇ ਜ਼ਿਲ੍ਹਾ, ਬਲਾਕ, ਮੰਡਲ ਅਤੇ ਬੂਥ ਕਾਂਗਰਸ ਕਮੇਟੀਆਂ ਦੇ ਸਾਰੇ ਅਹੁਦੇਦਾਰਾਂ, ਮੌਜੂਦਾ ਤੇ ਸਾਬਕਾ ਕੌਂਸਲਰਾਂ ਅਤੇ ਵੱਖ-ਵੱਖ ਸੈੱਲਾਂ ਦੇ ਸਾਰੇ ਸਾਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਾਥੀਆਂ ਸਮੇਤ ਸਮੇਂ ਸਿਰ ਰੋਸ਼ ਮਾਰਚ ਵਿੱਚ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਇਹ ਲੜਾਈ ਪੰਜਾਬ ਲਈ, ਇਨਸਾਫ਼ ਲਈ ਅਤੇ ਬਿਹਤਰ ਭਵਿੱਖ ਲਈ ਹੈ, ਜਿਸ ਵਿੱਚ ਹਰ ਵਰਕਰ ਦੀ ਹਾਜ਼ਰੀ ਬਹੁਤ ਜ਼ਰੂਰੀ ਹੈ।
ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਦੇ ਸੀਨੀਅਰ ਆਗੂ ਐਕਸ ਏ ਡੀ ਜੀ ਢਿਲੋਂ, ਗੁਰਸ਼ਰਨ ਕੌਰ ਰੰਧਾਵਾ, ਨਰੇਸ਼ ਦੁੱਗਲ, ਸੰਜੀਵ ਸ਼ਰਮਾ ਬਿੱਟੂ, ਵਿਸ਼ਨੂੰ ਸ਼ਰਮਾ, ਹਰਵੀਰ ਢੀਂਡਸਾ, ਰਿਚੀ ਡਕਾਲਾ, ਮਲਕੀਤ ਸਿੰਘ, ਰਾਜੇਸ਼ ਸ਼ਰਮਾ ਰਾਜੂ, ਹਰਵਿੰਦਰ ਸ਼ੁਕਲਾ, ਰਾਜੇਸ਼ ਮੰਡੋਰ ਵਿਸ਼ੇਸ਼ ਤੌਰ ਤੇ ਮੌਜੂਦ ਸਨ.








