ਲੁਧਿਆਣਾ ਵਿੱਚ ਅਵਾਰਾ ਕੁੱਤਿਆਂ ਦੀ ਸਮੱਸਿਆ ਦਿਨੋਂਦਿਨ ਗੰਭੀਰ ਹੁੰਦੀ ਜਾ ਰਹੀ ਹੈ। ਆਏ ਦਿਨ ਬੱਚੇ ਅਤੇ ਬਜ਼ੁਰਗ ਕੁੱਤਿਆਂ ਦੇ ਹਮਲਿਆਂ ਦਾ ਸ਼ਿਕਾਰ ਹੋ ਰਹੇ ਹਨ। ਅਜਿਹਾ ਹੀ ਇੱਕ ਹੋਰ ਦਰਦਨਾਕ ਮਾਮਲਾ ਨੂਰਵਾਲਾ ਰੋਡ ‘ਤੇ ਬਾਲਾਜੀ ਫੈਕਟਰੀ ਦੇ ਨੇੜੇ ਸਾਹਮਣੇ ਆਇਆ ਹੈ, ਜਿੱਥੇ ਅਵਾਰਾ ਕੁੱਤਿਆਂ ਦੇ ਝੁੰਡ ਨੇ 9 ਸਾਲ ਦੇ ਮਾਸੂਮ ਬੱਚੇ ‘ਤੇ ਹਮਲਾ ਕਰ ਦਿੱਤਾ।
ਮਿਲੀ ਜਾਣਕਾਰੀ ਮੁਤਾਬਕ ਬੱਚਾ ਇੱਕ ਖਾਲੀ ਪਲਾਟ ਵਿੱਚ ਖੇਡ ਰਿਹਾ ਸੀ ਕਿ ਅਚਾਨਕ ਕੁੱਤਿਆਂ ਦੇ ਝੁੰਡ ਨੇ ਉਸਨੂੰ ਨਿਸ਼ਾਨਾ ਬਣਾ ਲਿਆ। ਕੁੱਤਿਆਂ ਨੇ ਬੱਚੇ ਨੂੰ ਬੁਰੀ ਤਰ੍ਹਾਂ ਨੋਚਿਆ, ਜਿਸ ਕਾਰਨ ਉਸਦੇ ਸਰੀਰ ਦੇ ਕਈ ਹਿੱਸਿਆਂ ‘ਤੇ ਗੰਭੀਰ ਸੱਟਾਂ ਆਈਆਂ।
ਬੱਚੇ ਦੀ ਚੀਖਾਂ ਸੁਣ ਕੇ ਨੇੜੇ ਰਹਿਣ ਵਾਲੀ ਇੱਕ ਔਰਤ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਹਿੰਮਤ ਦਿਖਾਉਂਦਿਆਂ ਕੁੱਤਿਆਂ ਨੂੰ ਭਜਾ ਕੇ ਬੱਚੇ ਦੀ ਜਾਨ ਬਚਾਈ। ਜ਼ਖਮੀ ਬੱਚੇ ਦੀ ਪਛਾਣ ਰੋਹਿਤ ਵਜੋਂ ਹੋਈ ਹੈ, ਜਿਸਨੂੰ ਤੁਰੰਤ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਨੇ ਨਗਰ ਨਿਗਮ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਵਾਰਾ ਕੁੱਤਿਆਂ ਦੀ ਸਮੱਸਿਆ ‘ਤੇ ਜਲਦੀ ਅਤੇ ਠੋਸ ਕਦਮ ਚੁੱਕੇ ਜਾਣ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
