ਭੋਪਾਲ, 8 ਫਰਵਰੀ 2026 – ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਐਤਵਾਰ ਨੂੰ ਭਾਰਤ-ਅਮਰੀਕਾ ਵਪਾਰ ਸਮਝੌਤੇ ‘ਤੇ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਇਹ ਸਮਝੌਤਾ ਭਾਰਤੀ ਕਿਸਾਨਾਂ ਨੂੰ ਪੂਰੀ ਸੁਰੱਖਿਆ ਪ੍ਰਦਾਨ ਕਰਦਾ ਹੈ ਅਤੇ ਕਿਸਾਨਾਂ ਦੇ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਦਾ ਹੈ।
ਚੌਹਾਨ ਨੇ ਭੋਪਾਲ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸਮਝੌਤੇ ਵਿੱਚ ਕੋਈ ਵੀ ਅਜਿਹਾ ਉਤਪਾਦ ਨਹੀਂ ਹੈ ਜੋ ਕਿਸਾਨਾਂ ਲਈ ਖ਼ਤਰਾ ਬਣੇ। ਮੀਟ, ਡੇਅਰੀ, ਪੋਲਟਰੀ, ਅਨਾਜ, ਫਲ, ਸਬਜ਼ੀਆਂ, ਮਸਾਲੇ ਅਤੇ ਜੀ.ਐਮ. ਉਤਪਾਦ ਸਮੇਤ ਸੰਵੇਦਨਸ਼ੀਲ ਚੀਜ਼ਾਂ ਨੂੰ ਪੂਰੀ ਤਰ੍ਹਾਂ ਸਮਝੌਤੇ ਤੋਂ ਬਾਹਰ ਰੱਖਿਆ ਗਿਆ ਹੈ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਨਾਲ ਭਾਰਤ ਦੇ ਕਿਸਾਨ ਪਰਿਵਾਰਾਂ ਦੀ ਰੋਜ਼ੀ-ਰੋਟੀ ਸੁਰੱਖਿਅਤ ਰਹੇਗੀ ਅਤੇ ਕਿਸੇ ਵੀ ਤਰ੍ਹਾਂ ਦੇ ਜੀ.ਐਮ. ਉਤਪਾਦਾਂ ਨੂੰ ਭਾਰਤ ਵਿੱਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਕਾਂਗਰਸ ਵੱਲੋਂ ਕੀਤੇ ਦੋਸ਼ਾਂ ਦੇ ਜਵਾਬ ਵਿੱਚ ਚੌਹਾਨ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਬੇਲੋੜੀ ਹੰਗਾਮਾ ਕਰ ਰਹੀਆਂ ਹਨ ਅਤੇ ਸਮਝੌਤੇ ਨਾਲ ਕਿਸਾਨਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਨੇ ਜੋੜਿਆ, “ਰਾਸ਼ਟਰ ਹਿਤ ਸਭ ਤੋਂ ਉੱਪਰ ਹੈ, ਕਿਸਾਨਾਂ ਦਾ ਹਿਤ ਸਭ ਤੋਂ ਉੱਪਰ ਹੈ।”
