Homeਪੰਜਾਬਪੰਜਾਬ–ਅਲਬਰਟਾ ਸਾਂਝ ਨੂੰ ਮਜ਼ਬੂਤੀ: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਕੈਨੇਡਾ ਦੇ...

ਪੰਜਾਬ–ਅਲਬਰਟਾ ਸਾਂਝ ਨੂੰ ਮਜ਼ਬੂਤੀ: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਕੈਨੇਡਾ ਦੇ ਉੱਚ ਪੱਧਰੀ ਵਫ਼ਦ ਦੀ ਅਹਿਮ ਮੀਟਿੰਗ:

ਚੰਡੀਗੜ੍ਹ, 5 ਫਰਵਰੀ 2026 – ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਬੀਤੀ ਸ਼ਾਮ ਪੰਜਾਬ ਭਵਨ ਵਿਖੇ ਕੈਨੇਡਾ ਦੇ ਇੱਕ ਉੱਚ ਪੱਧਰੀ ਵਫ਼ਦ ਦੀ ਮੇਜ਼ਬਾਨੀ ਕੀਤੀ। ਨਵੀਂ ਦਿੱਲੀ ਸਥਿਤ ਕੈਨੇਡਾ ਦੇ ਹਾਈ ਕਮਿਸ਼ਨ ਦੀ ਰਸਮੀ ਬੇਨਤੀ ਤਹਿਤ ਹੋਈ ਇਸ ਮੀਟਿੰਗ ਦੌਰਾਨ ਪੰਜਾਬ ਅਤੇ ਕੈਨੇਡਾ ਦੇ ਅਲਬਰਟਾ ਸੂਬੇ ਵਿਚਾਲੇ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਆਰਥਿਕ ਸਾਂਝ ਵਧਾਉਣ ਉੱਤੇ ਵਿਸਤ੍ਰਿਤ ਵਿਚਾਰ-ਵਟਾਂਦਰਾ ਕੀਤਾ ਗਿਆ।

ਕੈਨੇਡੀਅਨ ਵਫ਼ਦ ਦੀ ਅਗਵਾਈ ਅਲਬਰਟਾ ਸਰਕਾਰ ਦੀ ਸਵਦੇਸ਼ੀ ਸਬੰਧਾਂ ਬਾਰੇ ਮੰਤਰੀ ਰਾਜਨ ਸਾਹਨੀ ਨੇ ਕੀਤੀ। ਉਨ੍ਹਾਂ ਦੇ ਨਾਲ ਪ੍ਰੀਮੀਅਰ ਦਫ਼ਤਰ ਦੇ ਸਟੇਕਹੋਲਡਰਜ਼ ਐਡਮਿਨਿਸਟ੍ਰੇਟਰ ਜਤਿੰਦਰ ਸਿੰਘ ਤਤਲਾ, ਅਲਬਰਟਾ ਦੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਆਗੂ ਦੇ ਸੀਨੀਅਰ ਸਲਾਹਕਾਰ ਹੈਪੀ ਮਾਨ, ਸਵਦੇਸ਼ੀ ਸਬੰਧਾਂ ਵਿਭਾਗ ਦੀ ਕਾਰਜਕਾਰੀ ਨਿਰਦੇਸ਼ਕ ਜੇਨੇਵੀਵ ਟਰਕੋਟ, ਜਗਰੂਪ ਕਾਲੋਂ, ਜਸਵਿੰਦਰ ਗਰੇਵਾਲ ਅਤੇ ਪੁਨੀਤ ਕੁਮਾਰ ਗੋਇਲ ਵੀ ਸ਼ਾਮਲ ਸਨ।

ਮੀਟਿੰਗ ਦੌਰਾਨ ‘ਇਨਵੈਸਟ ਪੰਜਾਬ’ ਦੇ ਅਧਿਕਾਰੀਆਂ ਵੱਲੋਂ ਸੂਬੇ ਵਿੱਚ ਉਪਲਬਧ ਨਿਵੇਸ਼ ਮੌਕਿਆਂ ਬਾਰੇ ਵਿਸਤ੍ਰਿਤ ਪੇਸ਼ਕਾਰੀ ਦਿੱਤੀ ਗਈ। ਵੀਡੀਓ ਅਤੇ ਪਾਵਰਪੁਆਇੰਟ ਪ੍ਰੈਜ਼ੈਂਟੇਸ਼ਨ ਰਾਹੀਂ ਵਫ਼ਦ ਨੂੰ ਪੰਜਾਬ ਦੇ ਉਦਯੋਗਿਕ ਢਾਂਚੇ ਅਤੇ ਸੂਬਾ ਸਰਕਾਰ ਵੱਲੋਂ ‘ਈਜ਼ ਆਫ ਡੂਇੰਗ ਬਿਜ਼ਨਸ’ ਨੂੰ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਸੁਧਾਰਾਂ ਬਾਰੇ ਜਾਣੂ ਕਰਵਾਇਆ ਗਿਆ।

ਅਲਬਰਟਾ ਸਰਕਾਰ ਦੀ ਮੰਤਰੀ ਰਾਜਨ ਸਾਹਨੀ ਨੇ ਕਿਹਾ ਕਿ ਵਫ਼ਦ ਇਨਵੈਸਟ ਪੰਜਾਬ ਦੀ ਕਾਰਜ ਪ੍ਰਣਾਲੀ ਨੂੰ ਨਜ਼ਦੀਕੋਂ ਸਮਝਣ ਦਾ ਇੱਛੁਕ ਹੈ ਅਤੇ ਉਦਯੋਗਿਕ ਵਿਕਾਸ ਲਈ ਪੰਜਾਬ ਸਰਕਾਰ ਦੀ ਸਰਗਰਮ ਅਤੇ ਦੂਰਦਰਸ਼ੀ ਪਹੁੰਚ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਦਾ ਇਹ ਦੌਰਾ ‘ਇੰਡੀਆ ਐਨਰਜੀ ਵੀਕ’ ਨਾਲ ਜੁੜੇ ਕੈਨੇਡੀਅਨ ਵਫ਼ਦ ਦੇ ਵਿਆਪਕ ਭਾਰਤ ਮਿਸ਼ਨ ਦਾ ਮਹੱਤਵਪੂਰਨ ਹਿੱਸਾ ਹੈ, ਜਿਸ ਦੌਰਾਨ ਭਾਰਤ ਦੇ ਵੱਖ-ਵੱਖ ਪ੍ਰਮੁੱਖ ਕੇਂਦਰਾਂ ਵਿੱਚ ਸਰਕਾਰੀ ਅਤੇ ਨਿੱਜੀ ਖੇਤਰ ਦੇ ਸਾਂਝੇਦਾਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਤਕਨਾਲੋਜੀ ਅਤੇ ਨਵੀਨਤਾ ਨੂੰ ਅਜਿਹੇ ਮੁੱਖ ਖੇਤਰ ਦੱਸਿਆ ਜਿੱਥੇ ਅਲਬਰਟਾ ਅਤੇ ਪੰਜਾਬ ਦੁਵੱਲੇ ਵਿਕਾਸ ਲਈ ਇਕੱਠੇ ਕੰਮ ਕਰ ਸਕਦੇ ਹਨ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਲੰਬੇ ਸਮੇਂ ਦੀਆਂ ਅਜਿਹੀਆਂ ਕੌਮਾਂਤਰੀ ਸਾਂਝੇਦਾਰੀਆਂ ਬਣਾਉਣ ਲਈ ਵਚਨਬੱਧ ਹੈ ਜੋ ਸਿਰਫ਼ ਵਪਾਰ ਤੱਕ ਸੀਮਿਤ ਨਾ ਰਹਿ ਕੇ ਟਿਕਾਊ ਵਿਕਾਸ ਅਤੇ ਸਾਂਝੀ ਖੁਸ਼ਹਾਲੀ ’ਤੇ ਕੇਂਦਰਿਤ ਹੋਣ। ਉਨ੍ਹਾਂ ਜ਼ੋਰ ਦਿੱਤਾ ਕਿ ਪੰਜਾਬ ਅਜਿਹੇ ਸਾਰਥਕ ਅਤੇ ਨਵੀਨਤਾ-ਅਧਾਰਿਤ ਸਹਿਯੋਗ ਲਈ ਪੂਰੀ ਤਰ੍ਹਾਂ ਤਿਆਰ ਹੈ, ਜੋ ਦੋਵਾਂ ਸੂਬਿਆਂ ਦੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰੇ।

ਇਸ ਮੌਕੇ ਵਿੱਤ ਮੰਤਰੀ ਦੇ ਨਾਲ ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਸ਼ੇਖਰ, ਉਦਯੋਗ ਸਕੱਤਰ ਮਹਿੰਦਰ ਪਾਲ, ਇਨਵੈਸਟ ਪੰਜਾਬ ਦੇ ਵਧੀਕ ਸੀਈਓ ਰੁਬਿੰਦਰਜੀਤ ਸਿੰਘ ਬਰਾੜ ਅਤੇ ਬਿਜਲੀ ਵਿਭਾਗ ਦੀ ਵਿਸ਼ੇਸ਼ ਸਕੱਤਰ ਡਾ. ਸਈਦ ਸਹਿਰਿਸ਼ ਅਸਗਰ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਮੀਟਿੰਗ ਦੌਰਾਨ ਦੋਹਾਂ ਪੱਖਾਂ ਨੇ ਸਹਿਯੋਗ, ਨਵੀਨਤਾ ਅਤੇ ਆਪਸੀ ਵਿਸ਼ਵਾਸ ਦੇ ਆਧਾਰ ’ਤੇ ਅਲਬਰਟਾ ਅਤੇ ਪੰਜਾਬ ਵਿਚਕਾਰ ਇੱਕ ਮਜ਼ਬੂਤ ਆਰਥਿਕ ਗਲਿਆਰਾ ਤਿਆਰ ਕਰਨ ਦੇ ਸਾਂਝੇ ਇਰਾਦੇ ਨੂੰ ਦੁਹਰਾਇਆ।

RELATED ARTICLES
- Advertisment -
Google search engine
Google search engine
Google search engine

Most Popular

Recent Comments