ਔਕਲੈਂਡ, 4 ਫਰਵਰੀ 2026 – ਨਿਊਜ਼ੀਲੈਂਡ ਦੀ ਪ੍ਰਮੁੱਖ ਰਿਟੇਲ ਕੰਪਨੀ ‘ਦ ਵੇਅਰਹਾਊਸ ਗਰੁੱਪ’ ਨੇ ਇੱਕ ਅਹਿਮ ਅਤੇ ਵੱਡਾ ਫੈਸਲਾ ਲੈਂਦਿਆਂ ਆਪਣੇ ਪ੍ਰਸ਼ਾਸਨਿਕ (ਐਡਮਿਨ) ਕੰਮ ਭਾਰਤ ਦੀ ਅਗੇਤੀ ਇਨਫਰਮੇਸ਼ਨ ਟੈਕਨਾਲੋਜੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਨੂੰ ਆਊਟਸੋਰਸ ਕਰਨ ਦਾ ਐਲਾਨ ਕੀਤਾ ਹੈ। ਮੁਕਤ ਵਪਾਰ ਸਮਝੌਤੇ ਦੇ ਪ੍ਰਭਾਵ ਹੇਠ ਇਹ ਕਦਮ ਨਿਊਜ਼ੀਲੈਂਡ–ਭਾਰਤ ਆਰਥਿਕ ਸਹਿਯੋਗ ਨੂੰ ਨਵੀਂ ਦਿਸ਼ਾ ਦੇਣ ਵਜੋਂ ਦੇਖਿਆ ਜਾ ਰਿਹਾ ਹੈ।
ਇਸ ਫੈਸਲੇ ਤਹਿਤ ਵੇਅਰਹਾਊਸ ਗਰੁੱਪ ਆਪਣੇ ਮੁੱਖ ਦਫ਼ਤਰ ਦੀਆਂ 270 ਨੌਕਰੀਆਂ ਵਿੱਚ ਕਟੌਤੀ ਕਰਨ ਜਾ ਰਿਹਾ ਹੈ। ਕੰਪਨੀ ਵੱਲੋਂ ਵਪਾਰਕ ਖਰਚੇ ਘਟਾਉਣ ਦੀ ਮੁਹਿੰਮ ਦੇ ਤਹਿਤ ਕਈ ਪ੍ਰਸ਼ਾਸਨਿਕ ਅਤੇ ਕਾਰਪੋਰੇਟ ਕੰਮ ਵਿਦੇਸ਼ਾਂ ਵਿੱਚ ਆਊਟਸੋਰਸ ਕੀਤੇ ਜਾਣਗੇ, ਜਿਸ ਵਿੱਚ ਭਾਰਤ ਪ੍ਰਮੁੱਖ ਦੇਸ਼ ਹੋਵੇਗਾ। ਇਸ ਕਟੌਤੀ ਨਾਲ ਹੈੱਡ ਆਫਿਸ ਵਿੱਚ ਕਰਮਚਾਰੀਆਂ ਦੀ ਗਿਣਤੀ ਲਗਭਗ 990 ਤੋਂ ਘਟ ਕੇ 720 ਰਹਿ ਜਾਵੇਗੀ।
ਵੇਅਰਹਾਊਸ ਗਰੁੱਪ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਾਰਕ ਸਟਰਟਨ ਨੇ ਕਿਹਾ ਕਿ ਕੰਪਨੀ ਦਾ ਮੌਜੂਦਾ ਖਰਚਾ ਇੱਕ ‘ਵੈਲਯੂ ਰਿਟੇਲਰ’ ਲਈ ਲੰਬੇ ਸਮੇਂ ਤੱਕ ਟਿਕਾਊ ਨਹੀਂ ਸੀ। ਉਨ੍ਹਾਂ ਕਿਹਾ, “ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਰਿਟੇਲ ਗਰੁੱਪਾਂ ਵਿੱਚੋਂ ਇੱਕ ਹੋਣ ਦੇ ਨਾਤੇ ਸਾਨੂੰ ਆਪਣੇ 10,000 ਟੀਮ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਮੁਸ਼ਕਲ ਫੈਸਲੇ ਲੈਣੇ ਪੈ ਰਹੇ ਹਨ।” ਉਨ੍ਹਾਂ ਦੱਸਿਆ ਕਿ ਇਸ ਪੁਨਰਗਠਨ ਕਾਰਨ 2026 ਦੇ ਵਿੱਤੀ ਸਾਲ ਵਿੱਚ ਲਗਭਗ 6 ਮਿਲੀਅਨ ਡਾਲਰ ਦਾ ਰਿਡੰਡੈਂਸੀ ਖਰਚਾ ਆਵੇਗਾ, ਹਾਲਾਂਕਿ ਭਵਿੱਖ ਵਿੱਚ ਇਸ ਨਾਲ ਵੱਡੀ ਬਚਤ ਹੋਵੇਗੀ।
ਨਵੇਂ ਓਪਰੇਟਿੰਗ ਢਾਂਚੇ ਅਨੁਸਾਰ, ਟਾਟਾ ਕੰਸਲਟੈਂਸੀ ਸਰਵਿਸਿਜ਼ ਤਕਨਾਲੋਜੀ, ਅਕਾਊਂਟਿੰਗ, ਕਾਲ ਸੈਂਟਰ, ਪੇਰੋਲ ਸਮੇਤ ਕਈ ਕਾਰਪੋਰੇਟ ਅਤੇ ਪ੍ਰਸ਼ਾਸਨਿਕ ਕੰਮਾਂ ਵਿੱਚ ਸਹਾਇਤਾ ਕਰੇਗੀ। TCS ਵੱਲੋਂ ਆਧੁਨਿਕ ਡਿਜ਼ਿਟਲ ਪਲੇਟਫਾਰਮਾਂ, ਉੱਚ ਸਮਰੱਥਾ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤਕਨਾਲੋਜੀ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਵੇਗੀ।
ਵੇਅਰਹਾਊਸ ਗਰੁੱਪ ਦੀ ਇਕ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਟਾਟਾ ਦੀ ਨਿਊਜ਼ੀਲੈਂਡ ਵਿੱਚ ਮੌਜੂਦਗੀ ਸੀਮਿਤ ਹੈ, ਇਸ ਲਈ ਬਹੁਤ ਸਾਰੇ ਅਹੁਦੇ ਵਿਦੇਸ਼ਾਂ, ਖ਼ਾਸ ਤੌਰ ’ਤੇ ਭਾਰਤ ਵਿੱਚ ਸਥਾਪਿਤ ਕੀਤੇ ਜਾਣਗੇ।
ਕੰਪਨੀ ਨੂੰ ਉਮੀਦ ਹੈ ਕਿ ਇਸ ਨਵੇਂ ਢਾਂਚੇ ਨਾਲ 2026 ਦੇ ਵਿੱਤੀ ਸਾਲ ਵਿੱਚ ਲਗਭਗ 3 ਤੋਂ 4 ਮਿਲੀਅਨ ਡਾਲਰ ਦੀ ਲੇਬਰ ਲਾਗਤ ਦੀ ਬਚਤ ਹੋਵੇਗੀ, ਜੋ ਕਿ 2031 ਦੇ ਵਿੱਤੀ ਸਾਲ ਤੱਕ ਵਧ ਕੇ ਸਾਲਾਨਾ ਲਗਭਗ 17 ਮਿਲੀਅਨ ਡਾਲਰ ਹੋ ਸਕਦੀ ਹੈ। ਵੇਅਰਹਾਊਸ ਗਰੁੱਪ ਦਾ ਲਕੜੀ ਪੰਜ ਸਾਲਾਂ ਵਿੱਚ ਕੁੱਲ ਕਰੀਬ 70 ਮਿਲੀਅਨ ਡਾਲਰ ਦੀ ਬਚਤ ਕਰਨ ਦਾ ਹੈ।
