Homeਪੰਜਾਬਪੰਜਾਬ ਚੋਣਾਂ ਤੋਂ ਪਹਿਲਾਂ ਚਿੱਕੜ ਉਛਾਲੀ ਤੇਜ਼, ਆਮ ਲੋਕਾਂ ਦੇ ਮੁੱਦੇ ਹਾਸ਼ੀਏ...

ਪੰਜਾਬ ਚੋਣਾਂ ਤੋਂ ਪਹਿਲਾਂ ਚਿੱਕੜ ਉਛਾਲੀ ਤੇਜ਼, ਆਮ ਲੋਕਾਂ ਦੇ ਮੁੱਦੇ ਹਾਸ਼ੀਏ ’ਤੇ ਧਕੇਲੇ

ਬਠਿੰਡਾ, 5 ਫਰਵਰੀ 2026 – ਪੰਜਾਬ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਹਜੇ ਲਗਭਗ 10 ਮਹੀਨੇ ਬਾਕੀ ਹਨ, ਪਰ ਸਿਆਸੀ ਧਿਰਾਂ ਵਿਚਕਾਰ ਕੁਰਸੀ ਦੀ ਲੜਾਈ ਨੇ ਹੁਣੋਂ ਹੀ ਤੇਜ਼ ਰੂਪ ਧਾਰ ਲਿਆ ਹੈ। ਇਸ ਦੌਰਾਨ ਚੱਲ ਰਹੀ ਤੋਹਮਤਬਾਜ਼ੀ ਅਤੇ ਨਿੱਜੀ ਹਮਲਿਆਂ ਕਾਰਨ ਆਮ ਆਦਮੀ ਨਾਲ ਜੁੜੇ ਅਸਲੀ ਮੁੱਦੇ ਪੂਰੀ ਤਰ੍ਹਾਂ ਹਾਸ਼ੀਏ ’ਤੇ ਧਕੇਲੇ ਜਾ ਰਹੇ ਹਨ।

ਮਿਸ਼ਨ 2027 ਲਈ ਜੇ ਅਜਾਦ ਅਤੇ ਛੋਟੀਆਂ ਧਿਰਾਂ ਨੂੰ ਇੱਕ ਪਾਸੇ ਰੱਖਿਆ ਜਾਵੇ ਤਾਂ ਇਸ ਵਾਰ ਮੁਕਾਬਲਾ ਪੰਜ ਕੋਣਾਂ ਵਾਲਾ ਨਜ਼ਰ ਆ ਰਿਹਾ ਹੈ। ਇਸ ਕਾਰਨ ਸਿਆਸੀ ਧਿਰਾਂ ਵਿਚ ਤੋਹਮਤਾਂ ਦੀ ਜੰਗ ਇੰਨੀ ਤੇਜ਼ ਹੋ ਗਈ ਹੈ ਕਿ ਕੋਈ ਵੀ ਆਗੂ ਦੂਸਰਿਆਂ ਤੋਂ ਪਿੱਛੇ ਰਹਿਣ ਨੂੰ ਤਿਆਰ ਨਹੀਂ। ਬੁੱਧਵਾਰ ਨੂੰ ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਭਾਜਪਾ ਮੰਤਰੀ ਰਵਨੀਤ ਬਿੱਟੂ ਦਰਮਿਆਨ ਹੋਈ ਬਿਆਨਬਾਜ਼ੀ ਤੋਂ ਬਾਅਦ ਦੋਹਾਂ ਪੱਖਾਂ ਵੱਲੋਂ ਪਲਟਵਾਰ ਅਤੇ ਜਵਾਬੀ ਹਮਲੇ ਇਹ ਸਾਫ਼ ਸੰਕੇਤ ਦੇ ਰਹੇ ਹਨ ਕਿ ਆਉਣ ਵਾਲਾ ਸਮਾਂ ਹੋਰ ਵੀ ਤਿੱਖਾ ਹੋ ਸਕਦਾ ਹੈ।

ਸ਼ੁਰੂਆਤੀ ਦੌਰ ਵਿੱਚ ਸਿਆਸੀ ਆਗੂਆਂ ਵੱਲੋਂ ਇਕ ਦੂਜੇ ’ਤੇ ਹਲਕੇ-ਫੁਲਕੇ ਤੰਜ ਕੱਸੇ ਜਾ ਰਹੇ ਸਨ, ਪਰ ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਭਾਸ਼ਾ ਦੀ ਮਰਿਆਦਾ ਲੰਘੀ ਜਾ ਰਹੀ ਹੈ। ਪਹਿਲਾਂ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦਰਮਿਆਨ ਹੀ ਇੱਟ-ਖੜਿੱਕਾ ਚੱਲਦਾ ਸੀ, ਪਰ ਹੁਣ ਭਾਰਤੀ ਜੰਤਾ ਪਾਰਟੀ ਵੀ ਇਸ ਦੌੜ ’ਚ ਪੂਰੀ ਤਰ੍ਹਾਂ ਸ਼ਾਮਲ ਹੋ ਗਈ ਹੈ। ਅਜਿਹੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾ ਰਹੀ ਹੈ ਜੋ ਸੱਭਿਆਚਾਰ ਦਾ ਮੁਦੱਈ ਕਹੇ ਜਾਂਦੇ ਪੰਜਾਬ ਨੂੰ ਕਿਸੇ ਵੀ ਤਰ੍ਹਾਂ ਸ਼ੋਭਾ ਨਹੀਂ ਦਿੰਦੀ।

ਤਾਜ਼ਾ ਸਥਿਤੀ ਇਹ ਹੈ ਕਿ ਵਿਰੋਧੀ ਧਿਰਾਂ ਨੂੰ ਪੰਜਾਬ ਸਰਕਾਰ ਦੀ ਹਰ ਨੀਤੀ ’ਚ ਖਾਮੀ ਨਜ਼ਰ ਆ ਰਹੀ ਹੈ, ਜਦਕਿ ਆਮ ਆਦਮੀ ਪਾਰਟੀ ਦੇ ਆਗੂ ਵੀ ਵਿਰੋਧੀਆਂ ਨੂੰ ਕੜੇ ਜਵਾਬ ਦੇਣ ਤੋਂ ਗੁਰੇਜ਼ ਨਹੀਂ ਕਰ ਰਹੇ। ਚਾਹੀਦਾ ਤਾਂ ਇਹ ਸੀ ਕਿ ਵਿਰੋਧੀ ਪਾਰਟੀਆਂ ਜਨਤਕ ਮੁੱਦਿਆਂ ’ਤੇ ਅੰਦੋਲਨ ਖੜ੍ਹਾ ਕਰਦੀਆਂ, ਪਰ ਇੱਥੇ ਤਾਂ ਇਕ-ਦੂਜੇ ਨੂੰ ਭੰਡਣ ਨੂੰ ਹੀ ਸਿਆਸੀ ਸਿਆਣਪ ਸਮਝਿਆ ਜਾ ਰਿਹਾ ਹੈ। ਕੋਈ ਕਿਸੇ ਨੂੰ ਗੱਪੀ ਦੱਸ ਰਿਹਾ ਹੈ, ਕੋਈ ਬੇਲੋੜੇ ਵਿਸ਼ੇਸ਼ਣ ਲਾ ਕੇ ਉਂਗਲਾਂ ਚੁੱਕ ਰਿਹਾ ਹੈ, ਜਿਸ ਕਾਰਨ ਆਮ ਲੋਕ ਖਾਸੇ ਦੁਖੀ ਹਨ।

ਤਰਨ ਤਾਰਨ ਜਿਮਨੀ ਚੋਣਾਂ ਤੋਂ ਬਾਅਦ ਸਿਆਸੀ ਪਾਰਟੀਆਂ ਵਿਚ ਤੋਹਮਤਬਾਜ਼ੀ ਦੀ ਅਜਿਹੀ ਜੰਗ ਛਿੜੀ ਹੈ ਜੋ ਰੁਕਣ ਦਾ ਨਾਮ ਨਹੀਂ ਲੈ ਰਹੀ। ਕੋਈ ਨੇਤਾ ਸੋਸ਼ਲ ਮੀਡੀਆ ’ਤੇ ਤਿੱਖੇ ਬਿਆਨ ਜਾਰੀ ਕਰ ਰਿਹਾ ਹੈ ਤਾਂ ਕੋਈ ਮੁੱਖ ਮੰਤਰੀ ਭਗਵੰਤ ਮਾਨ ’ਤੇ ਸਿੱਧੇ ਹਮਲੇ ਕਰ ਰਿਹਾ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਇਨ੍ਹਾਂ ਬੋਲ ਕੁਬੋਲਾਂ ਦੇ ਜਵਾਬ ਵੀ ਉਸੇ ਭਾਸ਼ਾ ਵਿੱਚ ਦਿੱਤੇ ਜਾ ਰਹੇ ਹਨ।

ਨਿਰਪੱਖ ਪੜਤਾਲ ਅਨੁਸਾਰ, ਪੰਜਾਬ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਕੁਝ ਅਹਿਮ ਕੰਮ ਵੀ ਕੀਤੇ ਗਏ ਹਨ। ਆਮ ਆਦਮੀ ਕਲਿਨਿਕਾਂ ਰਾਹੀਂ ਸਿਹਤ ਸੇਵਾਵਾਂ ਵਿੱਚ ਸੁਧਾਰ, ਸਰਕਾਰੀ ਹਸਪਤਾਲਾਂ ਅਤੇ ਸਕੂਲਾਂ ਦੀ ਹਾਲਤ ਬਿਹਤਰ ਬਣਾਉਣ ਵਰਗੇ ਕਦਮ ਇਸ ਦੀ ਮਿਸਾਲ ਹਨ। ਹਾਲਾਂਕਿ ਨਸ਼ਾ, ਗੈਂਗਸਟਰਵਾਦ, ਮਹਿੰਗਾਈ, ਬੇਰੁਜ਼ਗਾਰੀ ਅਤੇ ਕੈਂਸਰ ਵਰਗੇ ਗੰਭੀਰ ਮੁੱਦੇ ਅਜੇ ਵੀ ਕਾਇਮ ਹਨ। ਸ਼ਹਿਰੀ ਇਲਾਕਿਆਂ ਵਿੱਚ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ ਕਮੀ ਹੈ, ਜਦਕਿ ਕਿਸਾਨੀ ’ਤੇ ਆਧਾਰਿਤ ਪੇਂਡੂ ਅਰਥਚਾਰਾ ਨਿੱਸਲ ਹੋਇਆ ਪਿਆ ਹੈ।

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਸਿਆਸੀ ਧਿਰਾਂ ਨੇ ਚਿੱਕੜ ਉਛਾਲੀ ਦਾ ਰਾਹ ਅਪਣਾ ਕੇ ਲੋਕਾਂ ਦੇ ਅਸਲ ਮੁੱਦੇ ਹਾਸ਼ੀਏ ’ਤੇ ਸੁੱਟ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਲਈ ਕੋਈ ਵੀ ਧਿਰ ਗੰਭੀਰਤਾ ਨਾਲ ਨਹੀਂ ਬੋਲ ਰਹੀ, ਜਦਕਿ ਵੋਟਾਂ ਮੰਗਦਿਆਂ ਹਰ ਕੋਈ ਮਸੀਹਾ ਬਣਨ ਦੇ ਦਾਅਵੇ ਕਰਦਾ ਸੀ।

ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਨੇ ਕਿਹਾ ਕਿ ਸਿਆਸੀ ਧਿਰਾਂ ਲੋਕ ਭਲਾਈ ਦੀ ਥਾਂ ਲੋਕਾਂ ਨੂੰ ਭਰਮਾਉਣ ਦੀ ਰਾਜਨੀਤੀ ’ਚ ਉਲਝੀਆਂ ਹੋਈਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਵਿਕਾਸ ਦੇ ਨਾਂ ’ਤੇ ਜੋ ਢਿੰਡੋਰਾ ਪਿੱਟਿਆ ਜਾ ਰਿਹਾ ਹੈ, ਉਹ ਲੋਕ-ਪੱਖੀ ਨਹੀਂ ਹੈ ਅਤੇ ਸਾਰੀਆਂ ਧਿਰਾਂ ਮਿਲ ਕੇ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਤਮਾਸ਼ਾ ਕਰ ਰਹੀਆਂ ਹਨ।

ਉੱਥੇ ਹੀ ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾ. ਅਜੀਤਪਾਲ ਸਿੰਘ ਨੇ ਕਿਹਾ ਕਿ ਨਿੱਜੀ ਹਮਲਿਆਂ ਨਾਲ ਕੁੱਝ ਵੀ ਸੰਵਰਨ ਵਾਲਾ ਨਹੀਂ। ਉਨ੍ਹਾਂ ਕਿਹਾ ਕਿ ਹਰ ਪਾਰਟੀ ਦੁੱਖ ਕੱਟਣ ਦੀ ਗੱਲ ਕਰਦੀ ਹੈ, ਪਰ ਇਹ ਨਹੀਂ ਦੱਸਦੀ ਕਿ ਉਹ ਦੁੱਖ ਕਿਵੇਂ ਤੇ ਕਦੋਂ ਕੱਟੇ ਜਾਣਗੇ।

RELATED ARTICLES
- Advertisment -
Google search engine
Google search engine
Google search engine

Most Popular

Recent Comments