ਪਟਿਆਲਾ, 5 ਫਰਵਰੀ (ਛਤਰਪਾਲ ਸਿੰਘ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਨੂੰ ਮਾਨਯੋਗ ਸੁਪਰੀਮ ਕੋਰਟ ਵੱਲੋਂ ਜਮਾਨਤ ਮਿਲਣ ਦਾ ਸਵਾਗਤ ਕਰਦਿਆਂ ਕਿਹਾ ਕਿ ਮਜੀਠੀਏ ਦੇ ਜੇਲ ਤੋਂ ਬਾਹਰ ਆਉਣ ਨਾਲ ਜਿੱਥੇ ਯੂਥ ਅਕਾਲੀ ਦਲ ਦੇ ਨੌਜਵਾਨਾਂ ਵਿੱਚ ਕਾਫੀ ਉਤਸ਼ਾਹ ਵਧਿਆ ਹੈ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੇ ਪੱਧਰ ਤੇ ਮਜਬੂਤੀ ਵੀ ਮਿਲੇਗੀ ।
ਪ੍ਰੋ. ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਾਨਯੋਗ ਅਦਾਲਤਾਂ ਤੇ ਹਮੇਸ਼ਾ ਹੀ ਵਿਸ਼ਵਾਸ ਰਿਹਾ ਹੈ ਉਹਨਾਂ ਕਿਹਾ ਕਿ ਭਾਵੇਂ ਹੁਣ ਬਿਕਰਮ ਸਿੰਘ ਮਜੀਠੀਆ ਜਮਾਨਤ ਤੇ ਜੇਲ ਤੋਂ ਰਿਹਾਅ ਹੋਏ ਹਨ, ਪਰੰਤੂ ਉਹਨਾਂ ਨੂੰ ਸਰਕਾਰ ਵੱਲੋਂ ਦਰਜ ਕੀਤੇ ਗਏ ਕੇਸਾਂ ਵਿੱਚ ਵੀ ਮਾਨਯੋਗ ਅਦਾਲਤਾਂ ਇਨਸਾਫ ਦੇਣਗੀਆਂ। ਉਹਨਾਂ ਕਿਹਾ ਕਿ ਸਰਕਾਰਾਂ ਹਮੇਸ਼ਾ ਵਿਤਕਰੇ ਦੀ ਭਾਵਨਾ ਨਾਲ ਵਿਰੋਧੀਆਂ ਤੇ ਕਾਰਵਾਈਆਂ ਕਰਦੀਆਂ ਆਈਆਂ ਹਨ ਪ੍ਰੰਤੂ ਮਾਨਯੋਗ ਅਦਾਲਤਾਂ ਪਾਸੋਂ ਇਨਸਾਫ ਹਮੇਸ਼ਾ ਮਿਲਦਾ ਰਿਹਾ ਹੈ।







