ਚੇਨਈ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਮਿਲਨਾਡੂ ਸਰਕਾਰ ਨੇ ਸੂਬੇ ਵਿੱਚ ਰਹਿੰਦੇ ਸਿੱਖ ਭਾਈਚਾਰੇ ਨੂੰ ਵੱਡੀ ਰਾਹਤ ਦਿੰਦਿਆਂ ਅਨੰਦ ਮੈਰਿਜ ਐਕਟ ਨੂੰ ਅਧਿਕਾਰਕ ਤੌਰ ’ਤੇ ਲਾਗੂ ਕਰ ਦਿੱਤਾ ਹੈ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਇਹ ਨਿਯਮ ਲਾਗੂ ਕੀਤੇ ਗਏ ਹਨ।
ਮੁੱਖ ਮੰਤਰੀ ਐਮ.ਕੇ. ਸਟਾਲਿਨ ਦੀ ਅਗਵਾਈ ਹੇਠ ਤਮਿਲਨਾਡੂ ਸਰਕਾਰ ਨੇ **ਅਨੰਦ ਕਾਰਜ ਰਜਿਸਟ੍ਰੇਸ਼ਨ ਨਿਯਮ 2026 ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਸੂਬੇ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਵਿਆਹ ਦੀ ਕਾਨੂੰਨੀ ਰਜਿਸਟ੍ਰੇਸ਼ਨ ਸਬੰਧੀ ਆ ਰਹੀਆਂ ਪ੍ਰਸ਼ਾਸਨਿਕ ਉਲਝਣਾਂ ਤੋਂ ਵੱਡੀ ਰਾਹਤ ਮਿਲੇਗੀ ਅਤੇ ਸਿੱਖ ਵਿਆਹ ਹੁਣ ਆਸਾਨੀ ਨਾਲ ਰਜਿਸਟਰ ਹੋ ਸਕਣਗੇ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਤੰਬਰ ਵਿੱਚ ਸੁਪਰੀਮ ਕੋਰਟ ਨੇ ਸਾਰੇ ਰਾਜਾਂ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਸਿੱਖ ਵਿਆਹਾਂ ਦੀ ਰਜਿਸਟ੍ਰੇਸ਼ਨ ਲਈ ਆਪਣੇ ਪੱਧਰ ’ਤੇ ਸਪੱਸ਼ਟ ਨਿਯਮ ਬਣਾਉਣ। ਇਸ ਦੇ ਮੱਦੇਨਜ਼ਰ ਤਮਿਲਨਾਡੂ ਸਰਕਾਰ ਨੇ ਇਹ ਮਹੱਤਵਪੂਰਨ ਕਦਮ ਚੁੱਕਿਆ ਹੈ।
ਸਿੱਖ ਧਰਮ ਵਿੱਚ ਆਨੰਦ ਵਿਆਹ (ਅਨੰਦ ਕਾਰਜ) ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਇਹ ਵਿਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਚਾਰ ਲਾਵਾਂ ਦੀ ਰਸਮ ਰਾਹੀਂ ਸੰਪੰਨ ਹੁੰਦਾ ਹੈ ਅਤੇ ਇਸਨੂੰ ਸਿੱਖ ਭਾਈਚਾਰੇ ਵਿੱਚ ਲੰਬੇ ਸਮੇਂ ਤੋਂ ਧਾਰਮਿਕ ਮਾਨਤਾ ਪ੍ਰਾਪਤ ਹੈ। ਹਾਲਾਂਕਿ, ਹੁਣ ਤੱਕ ਬਹੁਤ ਸਾਰੇ ਜੋੜਿਆਂ ਨੂੰ ਵਿਆਹ ਦੀ ਕਾਨੂੰਨੀ ਰਜਿਸਟ੍ਰੇਸ਼ਨ ਕਰਵਾਉਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਇਹ ਰੁਕਾਵਟਾਂ ਖਾਸ ਤੌਰ ’ਤੇ ਪਛਾਣ ਦਸਤਾਵੇਜ਼ਾਂ, ਵਿਰਾਸਤ, ਵੀਜ਼ਾ, ਬੈਂਕਿੰਗ ਅਤੇ ਹੋਰ ਨਾਗਰਿਕ ਮਾਮਲਿਆਂ ਦੌਰਾਨ ਸਾਹਮਣੇ ਆਉਂਦੀਆਂ ਸਨ। ਨਵੇਂ ਨਿਯਮਾਂ ਦੇ ਲਾਗੂ ਹੋਣ ਨਾਲ ਇਹ ਸਮੱਸਿਆਵਾਂ ਕਾਫ਼ੀ ਹੱਦ ਤੱਕ ਦੂਰ ਹੋਣ ਦੀ ਉਮੀਦ ਹੈ।
ਤਮਿਲਨਾਡੂ ਸਰਕਾਰ ਦੇ ਨਵੇਂ ਨਿਯਮਾਂ ਅਨੁਸਾਰ ਹੁਣ ਸੂਬੇ ਵਿੱਚ ਕਿਤੇ ਵੀ ਸੰਪੰਨ ਹੋਏ ਆਨੰਦ ਵਿਆਹਾਂ ਨੂੰ ਸਬੰਧਤ ਵਿਆਹ ਰਜਿਸਟਰਾਰ ਕੋਲ ਕਾਨੂੰਨੀ ਤੌਰ ’ਤੇ ਰਜਿਸਟਰ ਕੀਤਾ ਜਾ ਸਕੇਗਾ। ਸਿੱਖ ਭਾਈਚਾਰੇ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਇਸਨੂੰ ਇਤਿਹਾਸਕ ਕਦਮ ਕਰਾਰ ਦਿੱਤਾ ਹੈ।







