Homeਪੰਜਾਬਨੈਵ ਗੁਰਮ ਨੂੰ ਫਰਿਜ਼ਨੋ ਸਿਟੀ ਕੌਂਸਲ ਦੀ ਚੋਣ ਲਈ ਪੰਜਾਬੀ ਤੇ ਅਮਰੀਕੀ...

ਨੈਵ ਗੁਰਮ ਨੂੰ ਫਰਿਜ਼ਨੋ ਸਿਟੀ ਕੌਂਸਲ ਦੀ ਚੋਣ ਲਈ ਪੰਜਾਬੀ ਤੇ ਅਮਰੀਕੀ ਭਾਈਚਾਰੇ ਦਾ ਭਰਵਾਂ ਸਮਰਥਨ

ਫਰਿਜ਼ਨੋ, ਕੈਲੀਫੋਰਨੀਆ (ਗੁਰਿੰਗਰਜੀਤ ਨੀਟਾ ਮਾਛੀਕੇ):
ਵਿਦੇਸ਼ਾਂ ਵੱਲ ਪੰਜਾਬੀ ਭਾਈਚਾਰੇ ਦੇ ਵਧ ਰਹੇ ਰੁਝਾਨ ਨਾਲ ਨਾਲ ਹੁਣ ਉਹ ਸਿਆਸਤ ਦੇ ਮੈਦਾਨ ਵਿੱਚ ਵੀ ਆਪਣੀ ਮਜ਼ਬੂਤ ਪਛਾਣ ਬਣਾਉਂਦਾ ਜਾ ਰਿਹਾ ਹੈ। ਉੱਚ ਵਿਦਿਆ ਪ੍ਰਾਪਤ ਕਰਕੇ ਪੰਜਾਬੀ ਨੌਜਵਾਨ ਨਾ ਸਿਰਫ਼ ਉੱਚ ਅਹੁਦਿਆਂ ‘ਤੇ ਪਹੁੰਚ ਰਹੇ ਹਨ, ਸਗੋਂ ਰਾਜਨੀਤੀ ਵਿੱਚ ਭਾਗ ਲੈ ਕੇ ਪੰਜਾਬੀਅਤ ਦਾ ਮਾਣ ਵੀ ਵਧਾ ਰਹੇ ਹਨ।

ਇਸੇ ਕੜੀ ਤਹਿਤ ਫਰਿਜ਼ਨੋ ਦੇ ਵਸਨੀਕ ਅਤੇ ਅਮਰੀਕਾ ਵਿੱਚ ਜਨਮੇ ਨੌਜਵਾਨ ਨਵਕਰਨ ਸਿੰਘ ਗੁਰਮ, ਜੋ ਭਾਈਚਾਰੇ ਵਿੱਚ “ਨੈਵ ਗੁਰਮ” ਦੇ ਨਾਂ ਨਾਲ ਪ੍ਰਸਿੱਧ ਹਨ, ਨੇ ਆਉਣ ਵਾਲੀ ਜੂਨ ਮਹੀਨੇ ਫਰਿਜ਼ਨੋ ਸਿਟੀ ਕੌਂਸਲ ਦੀ ਚੋਣ ਲੜਨ ਦਾ ਐਲਾਨ ਕੀਤਾ ਹੈ। ਨੈਵ ਗੁਰਮ ਕਾਨੂੰਨੀ ਵਿਦਿਆ ਵਿੱਚ ਗ੍ਰੈਜੂਏਟ ਹਨ ਅਤੇ ਲੰਮੇ ਸਮੇਂ ਤੋਂ ਭਾਈਚਾਰਕ ਕਾਰਜਾਂ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਆ ਰਹੇ ਹਨ।

ਇਸ ਮੌਕੇ ਉਨ੍ਹਾਂ ਦੀ ਚੋਣ ਮੁਹਿੰਮ ਲਈ ਕਲੋਵਿਸ ਸ਼ਹਿਰ ਵਿਖੇ ਇੱਕ ਫੰਡ ਇਕੱਤਰਤਾ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਪੰਜਾਬੀ ਭਾਈਚਾਰੇ ਦੇ ਨਾਲ-ਨਾਲ ਅਮਰੀਕੀ ਭਾਈਚਾਰੇ ਦੇ ਨੁਮਾਇੰਦਿਆਂ ਅਤੇ ਹੋਰ ਸਹਿਯੋਗੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਸਮਾਗਮ ਦੀ ਖਾਸ ਗੱਲ ਇਹ ਰਹੀ ਕਿ ਫਰਿਜ਼ਨੋ ਸ਼ਹਿਰ ਦੇ ਮੇਅਰ ਜੈਰੀ ਡਾਇਰ ਅਤੇ ਸਿਟੀ ਕੌਂਸਲ ਦੇ ਕਈ ਮੈਂਬਰ ਖਾਸ ਤੌਰ ‘ਤੇ ਆਪਣਾ ਸਮਰਥਨ ਪ੍ਰਗਟ ਕਰਨ ਲਈ ਹਾਜ਼ਰ ਹੋਏ।

ਇਸ ਦੌਰਾਨ ਕਈ ਬੁਲਾਰਿਆਂ ਨੇ ਨੈਵ ਗੁਰਮ ਦੀਆਂ ਭਾਈਚਾਰਕ ਸੇਵਾਵਾਂ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਆਪਣੇ ਸੰਬੋਧਨ ਵਿੱਚ ਨੈਵ ਗੁਰਮ ਨੇ ਭਾਈਚਾਰੇ ਦੀ ਭਲਾਈ ਲਈ ਕੀਤੀਆਂ ਅਤੇ ਭਵਿੱਖ ਵਿੱਚ ਸਿਟੀ ਕੌਂਸਲ ਮੈਂਬਰ ਬਣਨ ਉਪਰੰਤ ਕੀਤੀਆਂ ਜਾਣ ਵਾਲੀਆਂ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਅੰਤ ਵਿੱਚ ਉਨ੍ਹਾਂ ਨੇ ਫੰਡ ਇਕੱਤਰਤਾ ਵਿੱਚ ਵੱਧ-ਚੜ੍ਹ ਕੇ ਆਰਥਿਕ ਸਹਿਯੋਗ ਦੇਣ ਵਾਲੇ ਸਾਰੇ ਹਾਜ਼ਰੀਨਾਂ ਅਤੇ ਸਹਿਯੋਗੀਆਂ ਦਾ ਦਿਲੋਂ ਧੰਨਵਾਦ ਕਰਦੇ ਹੋਏ ਆਉਣ ਵਾਲੀ ਚੋਣ ਮੁਹਿੰਮ ਲਈ ਸਹਿਯੋਗ ਦੀ ਅਪੀਲ ਕੀਤੀ। ਸਮੁੱਚੇ ਪ੍ਰੋਗਰਾਮ ਦਾ ਸਟੇਜ ਸੰਚਾਲਨ ਫਰਿਜ਼ਨੋ ਸਿਟੀ ਪਲੈਨਿੰਗ ਬੋਰਡ ਦੇ ਮੈਂਬਰ ਗੁਰਦੀਪ ਸਿੰਘ ਸ਼ੇਰਗਿੱਲ ਨੇ ਬਾਖੂਬੀ ਨਿਭਾਇਆ। ਸਮਾਗਮ ਦੇ ਅੰਤ ‘ਚ ਆਪਸੀ ਮੇਲ-ਮਿਲਾਪ, ਚੋਣੀ ਸਹਿਯੋਗ ਦੇ ਵਾਅਦਿਆਂ ਅਤੇ ਚਾਹ-ਪਾਣੀ ਤੋਂ ਬਾਅਦ ਰਾਤਰੀ ਭੋਜਨ ਨਾਲ ਸਮਾਗਮ ਯਾਦਗਾਰੀ ਢੰਗ ਨਾਲ ਸੰਪੰਨ ਹੋਇਆ।

 

RELATED ARTICLES
- Advertisment -
Google search engine
Google search engine
Google search engine

Most Popular

Recent Comments