ਦੱਖਣੀ ਤੁਰਕੀ ਦੇ ਪ੍ਰਸਿੱਧ ਸੈਰ-ਸਪਾਟਾ ਕੇਂਦਰ ਅੰਤਾਲਿਆ ਸੂਬੇ ਵਿੱਚ ਐਤਵਾਰ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਸਵਾਰੀਆਂ ਨਾਲ ਭਰੀ ਇਕ ਤੇਜ਼ ਰਫ਼ਤਾਰ ਬੱਸ ਸੜਕ ਤੋਂ ਫਿਸਲ ਕੇ ਪਲਟ ਗਈ, ਜਿਸ ਕਾਰਨ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 26 ਹੋਰ ਜ਼ਖ਼ਮੀ ਹੋ ਗਏ।
ਸੂਬਾਈ ਗਵਰਨਰ ਹੁਲੁਸੀ ਸਾਹਿਨ ਨੇ ਦੱਸਿਆ ਕਿ ਇਹ ਹਾਦਸਾ ਅੰਤਾਲਿਆ ਸ਼ਹਿਰ ਦੇ ਉੱਤਰ-ਪੱਛਮ ਵਿੱਚ ਸਥਿਤ ਡੋਸੇਮੀਲਟੀ ਜ਼ਿਲ੍ਹੇ ਵਿੱਚ ਵਾਪਰਿਆ। ਹਾਦਸੇ ਦੇ ਸਮੇਂ ਇਲਾਕੇ ਵਿੱਚ ਭਾਰੀ ਮੀਂਹ ਕਾਰਨ ਸੜਕ ਗਿੱਲੀ ਸੀ ਅਤੇ ਕਾਫੀ ਧੁੰਦ ਵੀ ਛਾਈ ਹੋਈ ਸੀ। ਗਵਰਨਰ ਮੁਤਾਬਕ ਮੌਸਮੀ ਹਾਲਾਤ ਖ਼ਰਾਬ ਹੋਣ ਦੇ ਬਾਵਜੂਦ ਬੱਸ ਦੀ ਰਫ਼ਤਾਰ ਕਾਫੀ ਤੇਜ਼ ਸੀ, ਜਿਸ ਕਾਰਨ ਡਰਾਈਵਰ ਨੇ ਸੰਤੁਲਨ ਗੁਆ ਦਿੱਤਾ ਅਤੇ ਬੱਸ ਹਾਈਵੇਅ ਦੇ ਕਿਨਾਰੇ ਪਲਟ ਗਈ।
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਇਹ ਬੱਸ ਤੁਰਕੀ ਦੇ ਉੱਤਰ-ਪੱਛਮੀ ਇਲਾਕੇ ਟੇਕਿਰਦਾਗ ਤੋਂ ਰਾਤ ਭਰ ਦਾ ਸਫ਼ਰ ਤੈਅ ਕਰਕੇ ਅੰਤਾਲਿਆ ਵੱਲ ਆ ਰਹੀ ਸੀ। ਟੱਕਰ ਇੰਨੀ ਭਿਆਨਕ ਸੀ ਕਿ ਕਈ ਸਵਾਰੀਆਂ ਬੱਸ ਵਿਚੋਂ ਬਾਹਰ ਸੁੱਟੀਆਂ ਗਈਆਂ।
ਜ਼ਖ਼ਮੀਆਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਕਾਰਨ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਹਾਦਸੇ ਤੋਂ ਤੁਰੰਤ ਬਾਅਦ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਅਤੇ ਸਾਰੇ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ।
