Homeਪਟਿਆਲਾ ਅਪਡੇਟਉਘੇ ਪੰਜਾਬੀ ਵਿਦਵਾਨ ਡਾ. ਗੁਰਬਚਨ ਸਿੰਘ ਰਾਹੀ ਦਾ ਦਿਹਾਂਤ

ਉਘੇ ਪੰਜਾਬੀ ਵਿਦਵਾਨ ਡਾ. ਗੁਰਬਚਨ ਸਿੰਘ ਰਾਹੀ ਦਾ ਦਿਹਾਂਤ

ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਮਜ਼ਬੂਤ ਥੰਮ੍ਹ ਸਨ ਡਾ. ਰਾਹੀ  — ਡਾ. ਦਰਸ਼ਨ ਸਿੰਘ ‘ਆਸ਼ਟ’

ਪਟਿਆਲਾ, 2 ਫਰਵਰੀ, (ਛਤਰਪਾਲ ਸਿੰਘ) : ਪੰਜਾਬੀ ਦੇ ਪ੍ਰਸਿੱਧ ਵਿਦਵਾਨ ਅਤੇ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦੇ ਸਰਪ੍ਰਸਤ ਡਾ. ਗੁਰਬਚਨ ਸਿੰਘ ਰਾਹੀ (90) ਦਾ ਰਾਤੀਂ ਪਟਿਆਲਾ ਵਿਖੇ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਸਸਕਾਰ ਅੱਜ ਪਟਿਆਲਾ ਦੇ ਘਲੌੜੀ ਗੇਟ ਸਥਿਤ ਸਮਸ਼ਾਨ ਘਾਟ ਵਿਖੇ ਬਾਦ ਦੁਪਹਿਰ 2 ਵਜੇ ਕੀਤਾ ਗਿਆ।ਉਨ੍ਹਾਂ ਦੀ ਦੇਹ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਡਾ. ਸੁਖਦੀਪ ਸਿੰਘ ਨੇ ਵਿਖਾਈ। ਡਾ. ਰਾਹੀ ਪਟਿਆਲਾ ਦੇ ਇਕ ਹਸਪਤਾਲ ਵਿਚ ਜ਼ੇਰ—ਇ—ਇਲਾਜ਼ ਸਨ।ਉਨ੍ਹਾਂ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ* ਨੇ ਕਿਹਾ ਕਿ ਡਾ. ਰਾਹੀ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਮਜ਼ਬੂਤ ਥੰਮ੍ਹ ਸਨ। ਉਨ੍ਹਾਂ ਨੇ ਕਈ ਦਹਾਕੇ ਪੰਜਾਬੀ ਅਧਿਐਨ,ਅਧਿਆਪਨ,ਮੌਲਿਕ ਸਿਰਜਣਾ,ਅਨੁਵਾਦ ਅਤੇ ਸੰਪਾਦਨ ਦੇ ਖੇਤਰ ਵਿਚ ਵਡਮੁੱਲਾ ਕਾਰਜ ਕੀਤਾ। ਡਾ. ‘ਆਸ਼ਟ* ਨੇ ਡਾ. ਰਾਹੀ ਦੇ ਸਿਰੜ,ਅਨੁਸ਼ਾਸਨਪਸੰਦੀ ਅਤੇ ਸਖਤ ਮਿਹਨਤ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚੋਂ ਪੰਜਾਬੀ ਦੀ ਐਮ.ਏ. ਵਿਚੋਂ ਫਸਟ ਕਲਾਸ ਫਸਟ ਰਹੇ ਡਾ. ਰਾਹੀ ਨੇ ਲੰਮਾ ਸਮਾਂ ਪਹਿਲਾਂ ਭਾਸ਼ਾ ਵਿਭਾਗ,ਪੰਜਾਬ ਵਿਚ ਬਤੌਰ ਸਹਾਇਕ ਡਾਇਰੈਕਟਰ ਅਤੇ ਫਿਰ ਪੰਜਾਬ ਦੇ ਵੱਖ ਵੱਖ ਸਰਕਾਰੀ ਕਾਲਜਾਂ ਵਿਚ ਬਤੌਰ ਪ੍ਰੋਫੈਸਰ ਸੇਵਾਵਾਂ ਨਿਭਾਈਆਂ। ਉਨ੍ਹਾਂ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਵੀ ਕਾਰਜ ਕੀਤਾ। ਉਪਰੰਤ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਆਈ.ਏ.ਐਸ. ਟ੍ਰੇਨਿੰਗ ਸੈਂਟਰ ਵਿਖੇ ਅਨੇਕ ਵਿਦਿਆਰਥੀਆਂ ਨੂੰ ਪੀ.ਸੀ.ਐਸ. ਅਤੇ ਆਈ.ਏ. ਐਸ. ਆਦਿ ਉਚ ਕੋਟੀ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਪੰਜਾਬੀ ਵਿਚ ਕਰਵਾਈ।ਉਨ੍ਹਾਂ ਨੇ ਪੰਜਾਬੀ ਸਾਹਿਤ ਦੀ ਝੋਲੀ ਵਿਚ ‘ਮੌਤ ਦਾ ਵਪਾਰ*,‘ਆਸ ਦਾ ਫੁੱਲ*, ‘ਅਗਨ ਕ੍ਰੀੜਾ*,‘ਕੁਝ ਗੱਲਾਂ*,‘ਅੱਖਰ ਅੱਖਰ ਸ਼ਬਦ’,‘ਤੇਰਾ ਆਕਾਸ਼ ਮੇਰੀ ਉਡਾਣ*, ‘ਤਿੰਨ ਰੰਗ* ਅਤੇ ‘ਕੁਰਬਾਨੀ ਦਾ ਮੁੱਲ* ਤੋਂ ਇਲਾਵਾ ਵੱਡੀ ਗਿਣਤੀ  ਆਲੋਚਨਾ,ਧਰਮ,ਇਤਿਹਾਸ, ਸੰਪਾਦਨਾ, ਨਾਟਕ ਅਤੇ ਬਾਲ ਸਾਹਿਤ ਦੇ ਖੇਤਰ ਵਿਚ ਵੀ ਕਈ ਪੁਸਤਕਾਂ ਦੀ ਰਚਨਾ ਵੀ ਕੀਤੀ ਹੈ। ਉਨ੍ਹਾਂ ਦੇ ਸਮੁੱਚੇ ਜੀਵਨ ਅਤੇ ਰਚਨਾ ਬਾਰੇ ਡਾ. ਦਰਸ਼ਨ ਸਿੰਘ ਆਸ਼ਟ ਦੀ ਸੰਪਾਦਨਾ ਹੇਠ ਇਕ ਅਭਿਨੰਦਨ ‘ਗ੍ਰੰਥ ਸ਼ਬਦਾਂ ਦਾ ਵਣਜਾਰਾ : ਡਾ. ਗੁਰਬਚਨ ਸਿੰਘ ਰਾਹੀ* ਵੀ ਪ੍ਰਕਾਸ਼ਿਤ ਕੀਤਾ ਗਿਆ ਸੀ ਜਿਸ ਵਿਚ ਵੱਡੀ ਗਿਣਤੀ ਵਿਚ ਵਿਦਵਾਨਾਂ,ਉਨ੍ਹਾਂ ਦੇ ਵਿਦਿਆਰਥੀ ਰਹੇ ਉਚ ਕੋਟੀ ਦੇ ਅਹੁਦਿਆਂ ਵਾਲੇ ਅਫ਼ਸਰਾਂ,ਵਿਦਿਆਰਥੀਆਂ ਅਤੇ ਸਮਕਾਲੀ ਸਾਹਿਤਕਾਰਾਂ ਆਦਿ ਦੇ ਮਜ਼ਮੂਨ ਸ਼ਾਮਿਲ ਹਨ।

ਉਨ੍ਹਾਂ ਨੂੰ ਸਮੇਂ—ਸਮੇਂ ਤੇ ਕਈ ਮਾਣ ਸਨਮਾਨ ਵੀ ਮਿਲੇ ਜਿਨ੍ਹਾਂ ਵਿਚ ‘ਆਦਰਸ਼ ਪੰਜਾਬੀ ਅਧਿਆਪਕ* ਅਤੇ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਸਾਲ 2016 ਲਈ ਗਿਆਰਵ੍ਹਾਂ ‘ਰਾਜਿੰਦਰ ਕੌਰ ਵੰਤਾ ਸਾਹਿਤਕ ਪੁਰਸਕਾਰ 2016* ਆਦਿ ਸ਼ਾਮਿਲ ਸਨ। ਉਨ੍ਹਾਂ ਦਾ ਪੰਜਾਬੀ ਭਾਸ਼ਾ ਸੰਬੰਧੀ ਇਕ ਸੀਰੀਅਲ ਪਾਠਸ਼ਾਲਾ* ਵੀ ਜਲੰਧਰ ਦੂਰਦਰਸ਼ਨ ਤੋਂ ਲੰਮਾ ਸਮਾਂ ਪ੍ਰਸਾਰਿਤ ਹੁੰਦਾ ਰਿਹਾ ਹੈ।

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਦੇ ਅਕਾਲ ਚਲਾਣੇ ਤੇ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਅਤੇ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਤੋਂ ਇਲਾਵਾ ਸਰਪ੍ਰਸਤ ਬਾਬੂ ਸਿੰਘ ਰੈਹਲ, ਸੁਖਦੇਵ ਸਿੰਘ ਸ਼ਾਂਤ,ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ, ਡਾ. ਹਰਪ੍ਰੀਤ ਸਿੰਘ ਰਾਣਾ,ਸੁਖਦੇਵ ਸਿੰਘ ਚਹਿਲ,ਨਵਦੀਪ ਸਿੰਘ ਮੁੰਡੀ ਅਤੇ ਬਲਬੀਰ ਸਿੰਘ ਦਿਲਦਾਰ ਅਤੇ ਸ੍ਰੀ ਭਗਵਾਨ ਦਾਸ ਗੁਪਤਾ ਆਦਿ ਨੇ ਵੀ ਡੂੰਘੇ ਸ਼ੋਕ ਦਾ ਪ੍ਰਗਟਾਵਾ ਕੀਤਾ ਹੈ।

ਅੱਜ ਡਾ. ਰਾਹੀ ਦੇ ਸਸਕਾਰ ਮੌਕੇ ਸਕੇ ਸੰਬੰਧੀਆਂ ਅਤੇ ਦੋਸਤਾਂ ਮਿੱਤਰਾਂ ਤੋਂ ਇਲਾਵਾ ਡਾ. ਗੁਰਨਾਮ ਸਿੰਘ ਪ੍ਰਭਾਤ, ਗਗਨਦੀਪ ਸਿੰਘ ਆਹੂਜਾ,ਨਾਟਕਕਾਰ ਸਤਿੰਦਰ ਸਿੰਘ ਨੰਦਾ,ਤ੍ਰਿਲੋਕ ਸਿੰਘ ਢਿੱਲੋਂ,ਗੁਰਦਰਸ਼ਨ ਸਿੰਘ ਗੁਸੀਲ ਆਦਿ ਵੀ ਸ਼ਾਮਿਲ ਸਨ।

 

ਦਵਿੰਦਰ ਪਟਿਆਲਵੀ

ਜਨਰਲ ਸਕੱਤਰ

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments