ਗੁਰਦਾਸਪੁਰ:
ਗੁਰਦਾਸਪੁਰ ਜ਼ਿਲ੍ਹੇ ਲਈ ਇਹ ਬੇਹੱਦ ਮਾਣ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਨਗਰ ਸੁਧਾਰ ਟਰੱਸਟ ਸਕੀਮ ਨੰਬਰ-1 ਕਲੋਨੀ ਦੇ ਵਾਸੀ 7 ਸਾਲਾ ਕਰਮਨਬੀਰ ਸਿੰਘ ਨੇ ਆਪਣੀ ਅਦਭੁੱਤ ਯਾਦਸ਼ਕਤੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੇਵਲ 3 ਮਿੰਟ 35 ਸਕਿੰਟ ਵਿੱਚ ਦੁਨੀਆਂ ਦੇ 195 ਦੇਸ਼ਾਂ ਦੇ ਨਾਮ ਬਿਨਾਂ ਕਿਸੇ ਗ਼ਲਤੀ ਦੇ ਬੋਲ ਕੇ ਇਕ ਵਿਲੱਖਣ ਰਿਕਾਰਡ ਕਾਇਮ ਕੀਤਾ ਹੈ।
ਇਸ ਸ਼ਾਨਦਾਰ ਕਾਰਨਾਮੇ ਨਾਲ ਕਰਮਨਬੀਰ ਸਿੰਘ ਦਾ ਨਾਮ ਇੰਡੀਆ ਰਿਕਾਰਡ ਬੁੱਕ ਵਿੱਚ ਦਰਜ ਹੋ ਗਿਆ ਹੈ। ਛੋਟੀ ਉਮਰ ਵਿੱਚ ਕੀਤੀ ਗਈ ਇਸ ਵੱਡੀ ਉਪਲਬਧੀ ਨਾਲ ਨਾ ਸਿਰਫ਼ ਬੱਚੇ ਦੇ ਪਰਿਵਾਰ, ਸਗੋਂ ਪੂਰੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ।
ਜ਼ਿਕਰਯੋਗ ਹੈ ਕਿ ਕਰਮਨਬੀਰ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਤੈਨਾਤ ਸਹਾਇਕ ਪ੍ਰੋਫੈਸਰ ਡਾ. ਤੇਜਬੀਰ ਸਿੰਘ ਅਤੇ ਡਾ. ਨਿਧੀ ਦਾ ਸਪੁੱਤਰ ਹੈ। ਉਹ ਜੀਆ ਲਾਲ ਮਿੱਤਲ ਡੀਏਵੀ ਸਕੂਲ, ਗੁਰਦਾਸਪੁਰ ਵਿੱਚ ਦੂਜੀ ਜਮਾਤ ਦਾ ਵਿਦਿਆਰਥੀ ਹੈ।
ਇਸ ਕਾਬਲ-ਏ-ਤਾਰੀਫ਼ ਪ੍ਰਾਪਤੀ ਲਈ ਸ਼ਹਿਰ ਵਾਸੀਆਂ, ਸਮਾਜਕ ਸੰਸਥਾਵਾਂ, ਸਿੱਖਿਆ ਅਤੇ ਬੁੱਧੀਜੀਵੀ ਵਰਗ ਵੱਲੋਂ ਕਰਮਨਬੀਰ ਸਿੰਘ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਨੰਨੇ ਬੱਚੇ ਦੀ ਕਾਮਯਾਬੀ ਨੇ ਸਾਬਤ ਕਰ ਦਿੱਤਾ ਹੈ ਕਿ ਸਹੀ ਮਾਰਗਦਰਸ਼ਨ, ਪਰਿਵਾਰਕ ਸਹਿਯੋਗ ਅਤੇ ਲਗਨ ਨਾਲ ਛੋਟੀ ਉਮਰ ਵਿੱਚ ਵੀ ਵੱਡੇ ਮੁਕਾਮ ਹਾਸਲ ਕੀਤੇ ਜਾ ਸਕਦੇ ਹਨ।
ਇਹ ਉਪਲਬਧੀ ਨਾ ਸਿਰਫ਼ ਬੱਚਿਆਂ ਲਈ, ਸਗੋਂ ਪੂਰੇ ਸਮਾਜ ਅਤੇ ਨੌਜਵਾਨ ਪੀੜ੍ਹੀ ਲਈ ਵੀ ਇਕ ਵੱਡੀ ਪ੍ਰੇਰਣਾ ਹੈ। ਇਸ ਮੌਕੇ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਖ਼ੁਸ਼ੀ ਜ਼ਾਹਰ ਕਰਦੇ ਹੋਏ ਦੱਸਿਆ ਕਿ ਕਰਮਨਬੀਰ ਸਿੰਘ ਨੂੰ ਹਮੇਸ਼ਾ ਪੜ੍ਹਾਈ ਅਤੇ ਯਾਦਸ਼ਕਤੀ ਵਧਾਉਣ ਵਾਲੀਆਂ ਗਤੀਵਿਧੀਆਂ ਵੱਲ ਉਤਸ਼ਾਹਤ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਫ਼ਲਤਾ ਬੱਚੇ ਦੀ ਮਿਹਨਤ ਅਤੇ ਸਾਰੇ ਪਰਿਵਾਰ ਦੇ ਸਹਿਯੋਗ ਦਾ ਨਤੀਜਾ ਹੈ।
