ਪੰਜਾਬ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਨਾਲ ਸਰਾਫਾ ਬਾਜ਼ਾਰ ਵਿੱਚ ਭਾਰੀ ਹਲਚਲ ਦੇਖੀ ਜਾ ਰਹੀ ਹੈ। ਪਿਛਲੇ ਇੱਕ ਮਹੀਨੇ ਦੌਰਾਨ ਦੋਵਾਂ ਧਾਤਾਂ ਦੀਆਂ ਕੀਮਤਾਂ ਵਿੱਚ ਤੇਜ਼ ਉਛਾਲ ਆਇਆ ਹੈ, ਜਿਸ ਨਾਲ ਨਿਵੇਸ਼ਕਾਂ ਅਤੇ ਖਪਤਕਾਰਾਂ ਦੀ ਚਿੰਤਾ ਵਧ ਗਈ ਹੈ।
ਵੀਰਵਾਰ ਨੂੰ ਜਲੰਧਰ ਸਰਾਫਾ ਐਸੋਸੀਏਸ਼ਨ ਮੁਤਾਬਕ 24 ਕੈਰੇਟ ਸੋਨਾ 1,83,000 ਰੁਪਏ ‘ਤੇ ਪਹੁੰਚ ਗਿਆ, ਜੋ ਕਿ ਇੱਕ ਦਿਨ ਪਹਿਲਾਂ 1,67,500 ਰੁਪਏ ਸੀ। ਇਸੇ ਤਰ੍ਹਾਂ 22 ਕੈਰੇਟ ਸੋਨੇ ਦੀ ਕੀਮਤ 1,70,190 ਰੁਪਏ ਦਰਜ ਕੀਤੀ ਗਈ, ਜਦਕਿ ਬੀਤੇ ਦਿਨ ਇਹ 1,55,780 ਰੁਪਏ ਸੀ।
ਚਾਂਦੀ ਦੀ ਗੱਲ ਕਰੀਏ ਤਾਂ ਇਸ ਨੇ ਵੀ ਇਤਿਹਾਸਕ ਉਚਾਈ ਛੂਹ ਲਈ ਹੈ। ਅੱਜ ਚਾਂਦੀ ਦੀ ਤਾਜ਼ਾ ਕੀਮਤ 4,01,500 ਰੁਪਏ ਪ੍ਰਤੀ ਕਿਲੋਗ੍ਰਾਮ ਦਰਜ ਕੀਤੀ ਗਈ, ਜੋ 4 ਲੱਖ ਰੁਪਏ ਦੇ ਪੱਧਰ ਨੂੰ ਪਾਰ ਕਰ ਗਈ ਹੈ।
ਧਿਆਨਯੋਗ ਹੈ ਕਿ ਦੇਸ਼ ਦੇ ਪ੍ਰਮੁੱਖ ਸ਼ਹਿਰਾਂ—ਦਿੱਲੀ, ਮੁੰਬਈ, ਚੇਨਈ, ਕੇਰਲ ਅਤੇ ਉੱਤਰ ਪ੍ਰਦੇਸ਼—ਵਿੱਚ ਵੀ ਚਾਂਦੀ ਦੀ ਕੀਮਤ 4 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਉੱਪਰ ਚੱਲ ਰਹੀ ਹੈ। ਦੱਖਣੀ ਭਾਰਤੀ ਰਾਜਾਂ ਵਿੱਚ 1 ਕਿਲੋ ਚਾਂਦੀ ਦੀ ਕੀਮਤ ਹੋਰ ਵੀ ਵੱਧ ਕੇ ਲਗਭਗ 4,25,000 ਰੁਪਏ ਦਰਜ ਕੀਤੀ ਗਈ ਹੈ।
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਚਾਂਦੀ ਨੇ ਇਤਿਹਾਸ ਬਣਾਇਆ। ਸਵੇਰ ਦੇ ਕਾਰੋਬਾਰ ਦੌਰਾਨ ਚਾਂਦੀ ਪਹਿਲੀ ਵਾਰ 119 ਡਾਲਰ ਪ੍ਰਤੀ ਔਂਸ ਦੇ ਸਰਵਕਾਲੀਨ ਉੱਚ ਪੱਧਰ ‘ਤੇ ਪਹੁੰਚੀ। ਬਾਅਦ ਵਿੱਚ ਮੁਨਾਫਾ ਵਸੂਲੀ ਕਾਰਨ ਹਲਕੀ ਗਿਰਾਵਟ ਆਈ, ਪਰ ਇਹ ਹਾਲੇ ਵੀ 117 ਡਾਲਰ ਪ੍ਰਤੀ ਔਂਸ ਦੇ ਆਸ-ਪਾਸ ਵਪਾਰ ਕਰ ਰਹੀ ਸੀ, ਜੋ ਪਿਛਲੇ ਸੈਸ਼ਨ ਨਾਲੋਂ ਲਗਭਗ 3.5 ਫੀਸਦੀ ਵੱਧ ਹੈ।
ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ ਜਿੱਥੇ ਨਿਵੇਸ਼ਕਾਂ ਦੀ ਦਿਲਚਸਪੀ ਵਧੀ ਹੈ, ਉੱਥੇ ਹੀ ਆਮ ਖਪਤਕਾਰਾਂ ਲਈ ਸੋਨਾ-ਚਾਂਦੀ ਖਰੀਦਣਾ ਹੋਰ ਮਹਿੰਗਾ ਹੋ ਗਿਆ ਹੈ।







