ਚੰਡੀਗੜ੍ਹ, 28 ਜਨਵਰੀ:
ਸੂਬੇ ਦੀ ਉਚੇਰੀ ਸਿੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ 21 ਸਰਕਾਰੀ ਕਾਲਜਾਂ ਵਿੱਚ ਪ੍ਰਿੰਸੀਪਲਾਂ ਦੀ ਤਾਇਨਾਤੀ ਦੇ ਹੁਕਮ ਜਾਰੀ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਨ੍ਹਾਂ ਤਾਇਨਾਤੀਆਂ ਵਿੱਚ 13 ਸੀਨੀਅਰ ਲੈਕਚਰਾਰਾਂ ਨੂੰ ਤਰੱਕੀ ਦੇ ਕੇ ਪ੍ਰਿੰਸੀਪਲ ਬਣਾਇਆ ਗਿਆ ਹੈ, ਜਦਕਿ 8 ਨਵ-ਨਿਯੁਕਤ ਪ੍ਰਿੰਸੀਪਲ ਵੀ ਸ਼ਾਮਲ ਹਨ। ਇਹ ਸਾਰੇ ਅਧਿਕਾਰੀ ਆਪਣੇ-ਆਪਣੇ ਕਾਲਜਾਂ ਵਿੱਚ ਅਕਾਦਮਿਕ ਅਤੇ ਪ੍ਰਸ਼ਾਸਕੀ ਸੇਧ ਪ੍ਰਦਾਨ ਕਰਨਗੇ।
ਉਨ੍ਹਾਂ ਦੱਸਿਆ ਕਿ ਤਰੱਕੀ ਉਪਰੰਤ ਵਿਨੀਤਾ ਰਾਓ ਨੂੰ ਸਰਕਾਰੀ ਕਾਲਜ ਡੇਰਾਬੱਸੀ, ਸ਼ਾਮ ਸੁੰਦਰ ਨੂੰ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ, ਅਮੀ ਭੱਲਾ ਨੂੰ ਸੰਤ ਬਾਬਾ ਸੇਵਾ ਸਿੰਘ ਮੈਮੋਰੀਅਲ ਸਰਕਾਰੀ ਕਾਲਜ (ਲੜਕੀਆਂ) ਗੁਰੂ ਕਾ ਖੂਹ, ਮਮਤਾ ਨੂੰ ਸਰਕਾਰੀ ਕਾਲਜ ਰਾਏਕੋਟ, ਜਗਜੀਤ ਕੌਰ ਨੂੰ ਸਰਕਾਰੀ ਕਾਲਜ ਸ਼ਾਹਕੋਟ, ਡਾ. ਨਵਦੀਪ ਸਿੰਘ ਨੂੰ ਸਰਕਾਰੀ ਕਾਲਜ ਨਿਆਲ ਪਾਤੜਾਂ, ਨੰਦਿਨੀ ਵੈਦ ਨੂੰ ਸਰਕਾਰੀ ਕਾਲਜ ਮਾਛੀਵਾੜਾ, ਮੰਜੂ ਕਪੂਰ ਨੂੰ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ, ਜਸਪ੍ਰੀਤ ਕੌਰ ਗਰੇਵਾਲ ਨੂੰ ਸਰਕਾਰੀ ਕਾਲਜ ਮੰਡੀ ਗੋਬਿੰਦਗੜ੍ਹ, ਪੂਜਾ ਕੋਹਲੀ ਨੂੰ ਸਰਕਾਰੀ ਕਾਲਜ ਕੋਟਕਪੂਰਾ, ਅਮਨਦੀਪ ਭੱਟੀ ਨੂੰ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ ਤਰਨਤਾਰਨ, ਜਸਮੀਤ ਸੇਠੀ ਨੂੰ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਜਲੰਧਰ ਅਤੇ ਸਰਿਤਾ ਨੂੰ ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਤਾਇਨਾਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਨਵ-ਨਿਯੁਕਤ ਪ੍ਰਿੰਸੀਪਲਾਂ ਵਿੱਚ ਮਨੀਸ਼ ਕੁਮਾਰ (ਪੋਜੇਵਾਲ), ਸੁਮਿਤ ਬਰਾੜ (ਜਗਰਾਉਂ), ਪਾਰੁਲ ਖੰਨਾ (ਮੁਖਲਿਆਣਾ ਚੱਬੇਵਾਲ), ਰਾਜੀਵ ਖੋਸਲਾ (ਤਲਵਾੜਾ), ਅਨੀਤ ਕੁਮਾਰ (ਢੁੱਡੀਕੇ), ਗੁਲਸ਼ਨ ਕੁਮਾਰ (ਸਰਕਾਰੀ ਬ੍ਰਜਿੰਦਰਾ ਕਾਲਜ ਫਰੀਦਕੋਟ), ਸਵਿਤਾ ਗੁਪਤਾ (ਢੋਲਬਾਹਾ) ਅਤੇ ਹਰਿੰਦਰ ਸਿੰਘ (ਸ਼ਾਹਬਾਜ਼ਪੁਰ, ਤਰਨਤਾਰਨ) ਨੂੰ ਸਟੇਸ਼ਨ ਅਲਾਟ ਕੀਤੇ ਗਏ ਹਨ।
ਸ. ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਕਾਲਜਾਂ ਨੂੰ ਤਜਰਬੇਕਾਰ ਅਤੇ ਪ੍ਰਭਾਵਸ਼ਾਲੀ ਅਗਵਾਈ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਤਾਇਨਾਤੀਆਂ ਨਾਲ ਸਰਕਾਰੀ ਕਾਲਜਾਂ ਦੀ ਕਾਰਗੁਜ਼ਾਰੀ, ਪ੍ਰਸ਼ਾਸਕੀ ਕੁਸ਼ਲਤਾ ਅਤੇ ਅਕਾਦਮਿਕ ਨਤੀਜਿਆਂ ਵਿੱਚ ਹੋਰ ਸੁਧਾਰ ਆਵੇਗਾ ਅਤੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਬਿਹਤਰ ਤਿਆਰੀ ਮਿਲੇਗੀ।








