ਬਠਿੰਡਾ, 27 ਜਨਵਰੀ 2026:
ਐਚਪੀਸੀਐਲ–ਮਿੱਤਲ ਐਨਰਜੀ ਲਿਮਿਟਡ (ਐਚਐਮਈਐਲ) ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵੱਲੋਂ ਬਠਿੰਡਾ ਟਾਊਨਸ਼ਿਪ, ਪਾਈਪਲਾਈਨ ਦਫ਼ਤਰ ਸਮੇਤ ਵੱਖ-ਵੱਖ ਵਪਾਰਕ ਸਥਾਨਾਂ ’ਤੇ ਗਣਤੰਤਰ ਦਿਵਸ ਬੜੇ ਉਤਸ਼ਾਹ ਅਤੇ ਦੇਸ਼ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ। ਸਮਾਰੋਹ ਵਿੱਚ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਰਪੂਰ ਭਾਗੀਦਾਰੀ ਰਹੀ, ਜਿਸ ਨਾਲ ਇਹ ਦਿਨ ਰਾਸ਼ਟਰੀ ਮਾਣ ਅਤੇ ਏਕਤਾ ਦਾ ਪ੍ਰਤੀਕ ਬਣ ਗਿਆ।
ਮੌਕੇ ’ਤੇ ਮਿਲੇਨੀਅਮ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਦੇਸ਼ਭਗਤੀ ਗੀਤਾਂ ਅਤੇ ਸੱਭਿਆਚਾਰਕ ਪ੍ਰਸਤੁਤੀਆਂ ਨੇ ਸਮਾਰੋਹ ਦੀ ਰੌਣਕ ਹੋਰ ਵਧਾ ਦਿੱਤੀ। ਇਸ ਦੇ ਨਾਲ ਸੁਰੱਖਿਆ ਟੀਮ ਅਤੇ ਕਰਮਚਾਰੀਆਂ ਲਈ ਖੇਡ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਨਾਲ ਆਪਸੀ ਭਾਈਚਾਰੇ ਅਤੇ ਟੀਮ ਭਾਵਨਾ ਨੂੰ ਉਤਸ਼ਾਹ ਮਿਲਿਆ।
ਐਚਐਮਈਐਲ ਬਠਿੰਡਾ ਟਾਊਨਸ਼ਿਪ ਵਿੱਚ ਹੋਏ ਮੁੱਖ ਸਮਾਰੋਹ ਦੌਰਾਨ ਐਚਐਮਈਐਲ ਦੇ ਸੀਓਓ ਸ੍ਰੀ ਐਮ. ਬੀ. ਗੋਹਿਲ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਸਮੂਹ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਰਿਫਾਇਨਰੀ ਦੇ ਸੁਰੱਖਿਅਤ ਅਤੇ ਸਫ਼ਲ ਟਰਨਅਰਾਊਂਡ ਲਈ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲਬਧੀ ਉਨ੍ਹਾਂ ਦੀ ਅਟੱਲ ਸਮਰਪਣ ਭਾਵਨਾ ਅਤੇ ਮੇਹਨਤ ਦਾ ਨਤੀਜਾ ਹੈ। ਗਣਤੰਤਰ ਦਿਵਸ ਨੂੰ ਸਾਂਝੀ ਜ਼ਿੰਮੇਵਾਰੀ ਕਰਾਰ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਊਰਜਾ ਭਵਿੱਖ ਨੂੰ ਆਕਾਰ ਦੇਣ ਅਤੇ ਸਥਾਨਕ ਸਮੁਦਾਇਆਂ ਨੂੰ ਸਸ਼ਕਤ ਬਣਾਉਣ ਵਿੱਚ ਐਚਐਮਈਐਲ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ।
ਸ੍ਰੀ ਗੋਹਿਲ ਨੇ ਕਿਹਾ ਕਿ ਗਣਤੰਤਰ ਦਿਵਸ ਸਾਨੂੰ ਆਜ਼ਾਦੀ ਸੰਗਰਾਮੀਆਂ ਦੇ ਬਲਿਦਾਨਾਂ ਦੀ ਯਾਦ ਦਿਵਾਂਦਾ ਹੈ ਅਤੇ ਲੋਕਤੰਤਰਕ ਮੁੱਲਾਂ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਸੌਂਪਦਾ ਹੈ। ਉਨ੍ਹਾਂ ਨੇ ਐਚਐਮਈਐਲ ਦੀ ਯਾਤਰਾ ਨੂੰ ਭਾਰਤ ਦੀ ਵਿਕਾਸ ਯਾਤਰਾ ਨਾਲ ਜੋੜਦਿਆਂ ਕਿਹਾ ਕਿ ਗ੍ਰੀਨਫੀਲਡ ਰਿਫਾਇਨਰੀ ਪ੍ਰੋਜੈਕਟ ਤੋਂ ਸ਼ੁਰੂ ਹੋ ਕੇ ਅੱਜ ਕੰਪਨੀ ਪੈਟਰੋਕੈਮਿਕਲ, ਗ੍ਰੀਨ ਐਨਰਜੀ, ਕੇਮਿਕਲਜ਼ ਅਤੇ ਰਿਟੇਲ ਆਉਟਲੈੱਟਸ ਵਰਗੇ ਖੇਤਰਾਂ ਵਿੱਚ ਅੱਗੇ ਵਧ ਰਹੀ ਹੈ।
ਸਥਾਨਕ ਸਮੁਦਾਇਆਂ ਦੇ ਸਸ਼ਕਤੀਕਰਨ ਵੱਲ ਐਚਐਮਈਐਲ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਵੀ ਉਨ੍ਹਾਂ ਨੇ ਜਾਣਕਾਰੀ ਦਿੱਤੀ। ਸੈਲਫ ਹੈਲਪ ਗਰੁੱਪਾਂ ਰਾਹੀਂ ਮਹਿਲਾ ਸਸ਼ਕਤੀਕਰਨ ਨੂੰ ਪ੍ਰੋਤਸਾਹਨ ਦੇ ਕੇ 7 ਹਜ਼ਾਰ ਤੋਂ ਵੱਧ ਮਹਿਲਾਵਾਂ ਨੂੰ ਰੋਜ਼ਗਾਰ ਮਿਲ ਰਿਹਾ ਹੈ। ਸਿੱਖਿਆ ਖੇਤਰ ਵਿੱਚ 59 ਪਿੰਡਾਂ ਦੇ 114 ਸਕੂਲ ਗੋਦ ਲੈ ਕੇ 21 ਹਜ਼ਾਰ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਵਿੱਚ ਯੋਗਦਾਨ ਪਾਇਆ ਗਿਆ ਹੈ, ਜਿਸ ਨਾਲ ਪਿੰਡਾਂ ਦੇ ਬੱਚੇ ਐਨਆਈਟੀ ਅਤੇ ਆਈਆਈਟੀ ਵਰਗੀਆਂ ਪ੍ਰਤਿਸ਼ਠਿਤ ਸੰਸਥਾਵਾਂ ਤੱਕ ਪਹੁੰਚ ਰਹੇ ਹਨ।
ਇਸ ਤੋਂ ਇਲਾਵਾ, ਪੰਜਾਬੀ ਸਭਿਆਚਾਰ ਨੂੰ ਜੀਵੰਤ ਰੱਖਣ ਲਈ ਫੁਲਕਾਰੀ ਕਲਾ ਨੂੰ ਪੁਨਰਜੀਵਿਤ ਕਰਕੇ 300 ਮਹਿਲਾਵਾਂ ਨੂੰ ਇਸ ਨਾਲ ਜੋੜਿਆ ਗਿਆ ਹੈ। ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਕੂਲ ਕਮਰੇ, ਸ਼ੌਚਾਲੇ, ਸੜਕਾਂ ’ਤੇ ਇੰਟਰਲਾਕਿੰਗ ਟਾਇਲਾਂ ਅਤੇ ਸੌਲਰ ਪ੍ਰੋਜੈਕਟਾਂ ਵਰਗੀਆਂ ਕਈ ਵਿਕਾਸ ਯੋਜਨਾਵਾਂ ’ਤੇ ਕੰਮ ਜਾਰੀ ਹੈ।







